ਦੱਖਣੀ ਚੀਨ ਸਾਗਰ; ਭਾਰਤ ਵੱਲੋਂ ਨਿਯਮ ਅਧਾਰਤ ਸੁਰੱਖਿਆ ਢਾਂਚੇ ਦੀ ਵਕਾਲਤ


ਮਨੀਲਾ (ਨਵਾਂ ਜ਼ਮਾਨਾ ਸਰਵਿਸ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਤਵਾਦ ਖਿਲਾਫ ਸੰਘਰਸ਼ 'ਚ ਸਾਂਝੇ ਯਤਨਾਂ ਦਾ ਸੱਦਾ ਦਿੰਦਿਆਂ ਮੰਗਲਵਾਰ ਨੂੰ ਕਿਹਾ ਕਿ ਭਾਰਤ ਨੂੰ ਅੱਤਵਾਦ ਕਾਰਨ ਬਹੁਤ ਨੁਕਸਾਨ ਉਠਾਉਣਾ ਪੈ ਰਿਹਾ ਹੈ। ਆਸਿਆਨ ਦੇ ਮੈਂਬਰ ਦੇਸ਼ਾਂ ਦੇ ਆਗੂਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਖੇਤਰ ਲਈ ਨਿਯਮ ਅਧਾਰਤ ਸੁਰੱਖਿਆ ਵਿਵਸਥਾ ਢਾਂਚੇ ਲਈ ਭਾਰਤ ਆਸਿਆਨ ਨੂੰ ਆਪਣਾ ਸਮੱਰਥਨ ਜਾਰੀ ਰੱਖੇਗਾ।
ਮੋਦੀ ਦੇ ਇਸ ਬਿਆਨ ਨੂੰ ਇਸ਼ਾਰਿਆਂ 'ਚ ਹਿੰਦ-ਪ੍ਰਸ਼ਾਂਤ ਖੇਤਰ 'ਚ ਚੀਨ ਦੀ ਵਿਸਥਾਰਵਾਦੀ ਨੀਤੀ ਖਿਲਾਫ ਰਣਨੀਤੀ ਦਾ ਹਿੱਸਾ ਸਮਝਿਆ ਜਾ ਰਿਹਾ ਹੈ। ਭਾਰਤ ਅਤੇ ਅਮਰੀਕਾ ਸਮੇਤ ਚਾਰ ਦੇਸ਼ਾਂ ਦੀ ਐਤਵਾਰ ਨੂੰ ਹੋਈ ਮੀਟਿੰਗ ਨੂੰ ਲੈ ਕੇ ਚੀਨ ਪਹਿਲਾਂ ਹੀ ਫਿਕਰਮੰਦ ਹੈ। ਮੋਦੀ ਨੇ ਕਿਹਾ, ''ਸਾਨੂੰ ਅੱਤਵਾਦ ਕਾਰਨ ਨੁਕਸਾਨ ਉਠਾਉਣਾ ਪਿਆ ਹੈ। ਸਾਡੇ ਅੱਗੇ ਇੱਕਜੁੱਟ ਹੋ ਕੇ ਅੱਤਵਾਦ ਨੂੰ ਖਤਮ ਕਰਨ ਬਾਰੇ ਸੋਚਣ ਦਾ ਸਮਾਂ ਆਇਆ ਹੈ।'' ਉਨ੍ਹਾ ਕਿਹਾ ਕਿ ਆਸਿਆਨ ਅੱਗੇ ਮਾਣ, ਹੁਲਾਸ ਅਤੇ ਅੱਗੇ ਵੱਲ ਸੋਚਣ ਦਾ ਮੌਕਾ ਹੈ। ਉਨ੍ਹਾ ਕਿਹਾ ਕਿ ਭਾਰਤ ਆਸਿਆਨ ਨੂੰ ਆਪਣੀ 'ਐਕਟ ਈਸਟ ਪਾਲਸੀ' ਅਧੀਨ ਪ੍ਰਮੁੱਖਤਾ ਨਾਲ ਰੱਖਦਾ ਹੈ। ਆਸਿਆਨ ਨਾਲ ਸਾਡੇ ਸੰਬੰਧ ਪੁਰਾਣੇ ਹਨ ਅਤੇ ਅਸੀਂ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਾਂ।
ਪ੍ਰਧਾਨ ਮੰਤਰੀ ਨੇ ਆਸਿਆਨ ਆਗੂਆਂ ਨੂੰ ਕਿਹਾ, ''ਅਸੀਂ ਖਿੱਤੇ 'ਚ ਕਾਨੂੰਨ ਅਧਾਰਤ ਸੁਰੱਖਿਆ ਵਿਵਸਥਾ ਲਈ ਆਸਿਆਨ ਨੂੰ ਆਪਣਾ ਸਮੱਰਥਨ ਜਾਰੀ ਰੱਖਾਂਗੇ।'' ਭਾਰਤ ਇਸ ਰਣਨੀਤਕ ਖਿੱਤੇ ਨੂੰ ਕੌਮਾਂਤਰੀ ਕਾਨੂੰਨ ਦੇ ਹਿਸਾਬ ਨਾਲ ਮੁਕਤ ਅਤੇ ਖੁੱਲ੍ਹਾ ਰੱਖਣ ਦੀ ਵਕਾਲਤ ਕਰ ਰਿਹਾ ਹੈ।
ਇਸ ਸੰਮੇਲਨ ਦੌਰਾਨ ਦੱਖਣੀ ਚੀਨ ਸਾਗਰ ਚੀਨ ਦੀ ਵਧਦੀ ਸੈਨਿਕ ਹਾਜ਼ਰੀ ਵੀ ਆਸਿਆਨ ਸੰਮੇਲਨ 'ਚ ਸਲਾਹ-ਮਸ਼ਵਰੇ ਦਾ ਵਿਸ਼ਾ ਰਹੀ। ਚੀਨ ਇਸ ਪੂਰੇ ਖੇਤਰ 'ਤੇ ਆਪਣਾ ਦਾਅਵਾ ਜਤਾਉਂਦਾ ਹੈ, ਪਰ ਵੀਅਤਨਾਮ, ਫਿਲਪਾਈਨਜ਼ ਅਤੇ ਬਰੁਨੇਈ ਵਰਗੇ ਆਸਿਆਨ ਦੇ ਕਈ ਮੈਂਬਰ ਦੇਸ਼ ਚੀਨ ਦੇ ਇਸ ਦਾਅਵੇ ਦਾ ਵਿਰੋਧ ਕਰ ਰਹੇ ਹਨ।
ਮੋਦੀ ਨੇ ਆਪਣੇ ਸੰਬੋਧਨ 'ਚ ਆਸਿਆਨ ਆਗੂਆਂ ਨੂੰ ਭਾਰਤ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ 125 ਕਰੋੜ ਭਾਰਤੀ 2018 ਦੇ ਗਣਤੰਤਰ ਦਿਵਸ ਸਮਾਰੋਹ 'ਚ ਆਸਿਆਨ ਆਗੂਆਂ ਦੇ ਸਵਾਗਤ ਦੀ ਉਡੀਕ ਕਰ ਰਹੇ ਹਨ।