ਮਾਮਲਾ ਹਿੰਦੂ ਆਗੂਆਂ ਦੇ ਕਤਲ ਦਾ; ਜੱਗੀ 17 ਤੱਕ ਪੁਲਸ ਹਵਾਲੇ


ਮੋਗਾ (ਅਮਰਜੀਤ ਬੱਬਰੀ)
ਪੰਜਾਬ ਵਿਚ ਹਿੰਦੂ ਆਗੂਆਂ ਦੇ ਕਤਲ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਜਗਤਾਰ ਸਿੰਘ ਨੂੰ ਭਾਰੀ ਪੁਲਸ ਸੁਰੱਖਿਆ ਹੇਠ ਬਾਘਾਪੁਰਾਣਾ ਵਿਖੇ ਪੁਸ਼ਪਿੰਦਰ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ।ਜਿਥੋਂ ਅਦਾਲਤ ਨੇ ਗੈਂਗਸਟਰ ਜਗਤਾਰ ਨੂੰ 17 ਨਵੰਬਰ ਤੱਕ ਪੁਲਸ ਰਿਮਾਂਡ 'ਤੇ ਭੇਜ ਦਿੱਤਾ।ਭਾਵਂੇ ਪੁਲਸ ਨੇ ਇਹ ਰਿਮਾਂਡ ਤੋਂ ਹੋਰ ਵੀ ਖੁਲਾਸੇ ਹੋਣ ਦਾ ਦਾਅਵਾ ਕਰ ਲਿਆ ਹੈ, ਪਰ ਜਗਤਾਰ ਸਿੰਘ ਦੇ ਸਹੁਰੇ ਸਮੇਤ ਉਨ੍ਹਾਂ ਦੇ ਵਕੀਲ ਅਤੇ ਘਰ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਪੁਲਸ ਨੇ ਜਗਤਾਰ ਨੂੰ ਗਲਤ ਫਸਾਇਆ ਹੈ ਅਤੇ ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ।ਦੂਜੇ ਪਾਸੇ ਜੱਗੀ ਦੇ ਘਰ ਵਾਲਿਆਂ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਦਾ ਖੰਡਨ ਕਰਨ ਲਈ ਕੋਈ ਵੀ ਪੁਲਸ ਅਧਿਕਾਰੀ ਮੀਡੀਆ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹੈ ਅਤੇ ਸਾਰੇ ਮੀਡੀਆ ਨੁੰ ਇਹ ਕਹਿ ਕੇ ਟਾਲ ਰਹੇ ਹਨ ਕਿ ਉਨ੍ਹਾਂ ਨੂੰ ਉਪਰੋਂ ਹੁਕਮ ਹਨ ਕਿ ਇਸ ਸੰਬੰਧੀ ਕੋਈ ਵੀ ਬਿਆਨਬਾਜ਼ੀ ਨਾ ਕੀਤੀ ਜਾਵੇ।ਜਗਤਾਰ ਸਿੰਘ ਜੱਗੀ ਦੇ ਵਕੀਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਗਤਾਰ ਸਿੰਘ ਜੱਗੀ ਤੋਂ ਕੋਈ ਵੀ ਇਤਰਾਜ਼ਯੋਗ ਚੀਜ਼ ਪ੍ਰਾਪਤ ਨਹੀਂ ਹੋਈ।ਉਨ੍ਹਾਂ ਕਿਹਾ ਕਿ ਜੱਗੀ 18 ਅਕਤੂਬਰ ਨੂੰ ਵਿਆਹ ਕਰਵਾਉਣ ਲਈ ਭਾਰਤ ਆਇਆ ਸੀ।ਉਨ੍ਹਾਂ ਕਿਹਾ ਕਿ ਪੁਲਸ ਜੱਗੀ 'ਤੇ ਥਰਡ ਡਿਗਰੀ ਟਾਰਚਰ ਦਾ ਇਸਤੇਮਾਲ ਕਰ ਰਹੀ ਹੈ।ਜੱਗੀ ਦੇ ਸਹੁਰਾ ਬਲਵਿਦੰਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ 18 ਅਕਤੂਬਰ ਨੂੰ ਜਗਤਾਰ ਸਿੰਘ ਜੱਗੀ ਨਾਲ ਵਿਆਹ ਹੋਇਆ ਹੈ। ਉਨ੍ਹਾਂ ਪੁਲਸ 'ਤੇ ਜੱਗੀ ਨੂੰ ਨਜਾਇਜ਼ ਤੌਰ 'ਤੇ ਹਿਰਾਸਤ ਵਿਚ ਲੈਣ ਦਾ ਦੋਸ਼ ਲਗਾਇਆ।ਉਨ੍ਹਾਂ ਸਰਕਾਰ ਤੋਂ ਜੱਗੀ ਨੂੰ ਰਿਹਾਅ ਕਰਨ ਦੀ ਮੰਗ ਕੀਤੀ।