4 ਜਨਵਰੀ ਨੂੰ ਹੜਤਾਲ 'ਤੇ ਜਾਣਗੇ ਰੋਡਵੇਜ਼ ਕਾਮੇ


ਜਲੰਧਰ (ਰਾਜੇਸ਼ ਥਾਪਾ)
ਪੰਜਾਬ ਰੋਡਵੇਜ਼ ਐਕਸ਼ਨ ਕਮੇਟੀ ਦੀ ਮੀਟਿੰਗ ਜਗਦੀਸ਼ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਮੂਹ ਕੰਮ ਕਰਦੀਆਂ ਜਥੇਬੰਦੀਆਂ ਏਟਕ, ਇੰਟਕ, ਇੰਪਲਾਈਜ਼ ਯੂਨੀਅਨ, ਡਰਾਈਵਰ ਏਕਤਾ ਯੂਨੀਅਨ, ਸ਼ਡਿਊਲਡ ਕਾਸਟ ਇੰਪਲਾਈਜ਼ ਯੂਨੀਅਨ, ਕੰਡਕਟਰ ਯੂਨੀਅਨ, ਸੁਪਰਵਾਈਜ਼ਰ ਸਟਾਫ, ਕਰਮਚਾਰੀ ਦਲ, ਵਰਕਸ਼ਾਪ ਯੂਨੀਅਨ, ਕੰਟਰੈਕਟ ਵਰਕਰਜ਼ ਯੂਨੀਅਨ ਆਦਿ ਸ਼ਾਮਲ ਹੋਈਆਂ। ਮੀਟਿੰਗ ਵਿੱਚ ਐਕਸ਼ਨ ਕਮੇਟੀ ਵਿੱਚ ਕੰਮ ਕਰਦੀਆਂ ਸਾਰੀਆਂ ਜਥੇਬੰਦੀਆਂ ਵਿੱਚ ਰੋਸ ਸੀ ਕਿ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਦੇ ਉੱਚ ਅਧਿਕਾਰੀ ਟਰਾਂਸਪੋਰਟ ਦੇ ਕਾਮਿਆਂ ਦੀ ਕੋਈ ਵੀ ਮੰਗ ਮੰਨਣ ਲਈ ਤਿਆਰ ਨਹੀਂ। ਮੰਗਾਂ ਵਿੱਚ ਠੇਕੇ ਵਾਲੇ ਅਤੇ ਆਊਟ ਸੋਰਸਿੰਗ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ, ਨਵੀਂ ਟਰਾਂਸਪੋਰਟ ਪਾਲਿਸੀ 9.8.1990 ਦੀ ਟਰਾਂਸਪੋਰਟ ਪਾਲਿਸੀ ਮੁਤਾਬਕ ਬਣਾਉਣਾ, ਕਿਲੋਮੀਟਰ ਸਕੀਮ ਬੱਸਾਂ ਪਾਉਣ ਦੀ ਪਾਲਸੀ ਰੱਦ ਕਰਨਾ, ਟਰਾਂਸਪੋਰਟ ਵਿਭਾਗ ਦੀਆਂ ਸਮੁੱਚੀਆਂ ਪ੍ਰਮੋਸ਼ਨਾਂ ਕਰਨਾ, ਮਾਣਯੋਗ ਸੁਪਰੀਮ ਕੋਰਟ ਅਤੇ ਹਾਈ ਕੋਰਟ ਦਾ ਫੈਸਲਾ ਲਾਗੂ ਕਰਨਾ, ਮਹਿਕਮੇ ਅੰਦਰ ਫੈਲੇ ਵਿਆਪਕ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ, ਡੀ ਏ ਦੀਆਂ ਕਿਸ਼ਤਾਂ ਅਤੇ ਬਕਾਇਆ ਰਿਲੀਜ ਕਰਨਾ ਅਤੇ ਵਾਸ਼ਿੰਗ ਬੁਆਏ ਨੂੰ ਜੋ ਕਿ ਲੱਗਭੱਗ 5 ਮਹੀਨੇ ਤੋਂ ਤਨਖਾਹ ਨਹੀਂ ਮਿਲੀ, ਤਨਖਾਹ ਰਿਲੀਜ਼ ਕਰਨਾ ਆਦਿ ਮੰਗਾਂ ਬਾਰੇ ਐਕਸ਼ਨ ਕਮੇਟੀ ਵਿੱਚ ਭਾਰੀ ਰੋਸ ਪਾਇਆ ਗਿਆ।
ਆਗੂਆਂ ਐਕਸ਼ਨ ਕਮੇਟੀ ਨੂੰ ਪ੍ਰਮੁੱਖ ਸਕੱਤਰ ਟਰਾਂਸਪੋਰਟ ਤੇ ਡਾਇਰੈਕਟਰ ਸਟੇਟ ਟਰਾਂਸਪੋਰਟ ਵੱਲੋਂ ਮੀਟਿੰਗ ਲਈ ਸਮਾਂ ਨਾ ਦੇਣ ਦੀ ਨਿੰਦਾ ਕੀਤੀ ਗਈ। ਮੀਟਿੰਗ ਵਿੱਚ ਉਪਰੋਕਤ ਮੰਗਾਂ ਖਿਲਾਫ ਐਕਸ਼ਨ ਕਮੇਟੀ ਨੇ ਫੈਸਲਾ ਕੀਤਾ ਕਿ ਮਿਤੀ 23 ਨਵੰਬਰ ਨੂੰ ਪੰਜਾਬ ਦੇ 18 ਡਿਪੂਆਂ ਉੱਪਰ 'ਤੇ ਸਰਕਾਰ ਤੇ ਅਫਸਰਸ਼ਾਹੀ ਖਿਲਾਫ ਰੋਹ ਭਰਪੂਰ ਰੈਲੀਆਂ ਕੀਤੀਆਂ ਜਾਣਗੀਆਂ। 11 ਦਸੰਬਰ ਤੋਂ 15 ਦਸੰਬਰ ਤੱਕ ਲੜੀਵਾਰ ਡਾਇਰੈਕਟਰ ਸਟੇਟ ਦਫਤਰ ਦੇ ਬਾਹਰ ਰੋਸ ਧਰਨਾ ਦਿੱਤਾ ਜਾਵੇਗਾ ਅਤੇ ਜੇਕਰ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਦੇ ਉੱਚ ਅਧਿਕਾਰੀਆਂ ਵੱਲੋਂ ਮੰਗਾਂ ਪ੍ਰਤੀ ਕੋਈ ਨਿਪਟਾਰਾ ਨਾ ਕੀਤਾ ਗਿਆ ਤਾਂ 4 ਜਨਵਰੀ 2018 ਨੂੰ ਪੰਜਾਬ ਰੋਡਵੇਜ਼ ਦਾ ਸਮੁੱਚਾ ਕਾਮਾ ਜਿਸ ਵਿੱਚ ਪਨਬਸ ਦੇ ਕਾਮੇ ਵੀ ਸ਼ਾਮਲ ਹੋਣਗੇ, ਇਕ ਦਿਨ ਦੀ ਹੜਤਾਲ ਕਰੇਗਾ। ਇਸ ਦੀ ਸਮੁੱਚੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਮਹਿਕਮੇ ਦੇ ਉੱਚ ਅਧਿਕਾਰੀਆਂ ਦੀ ਹੋਵੇਗੀ। ਅੱਜ ਦੀ ਮੀਟਿੰਗ ਵਿੱਚ ਮੰਗਤ ਖਾਂ, ਸਲਵਿੰਦਰ ਕੁਮਾਰ, ਪ੍ਰਦੀਪ ਕੁਮਾਰ, ਰਸ਼ਪਾਲ ਸਿੰਘ, ਸੁਰਿੰਦਰ ਸਿੰਘ, ਜਸਵਿੰਦਰ ਸਿੰਘ, ਰੇਸ਼ਮ ਸਿੰਘ, ਸ਼ਾਮ ਲਾਲ ਤੇ ਰਾਜਿੰਦਰ ਸਿੰਘ ਆਦਿ ਸ਼ਾਮਲ ਹੋਏ।