Latest News
ਚਿੱਕੜ-ਉਛਾਲੀ ਤੋਂ ਕਿਰਦਾਰ-ਕੁਸ਼ੀ ਤੱਕ ਦੀ ਸਿਆਸਤ

Published on 16 Nov, 2017 11:08 AM.


ਸਾਡੇ ਦੇਸ, ਭਾਰਤ ਮਹਾਨ, ਵਿੱਚ ਕਿਸੇ ਨਾ ਕਿਸੇ ਪੱਧਰ ਦੀਆਂ ਚੋਣਾਂ ਹੁੰਦੀਆਂ ਹੀ ਰਹਿੰਦੀਆਂ ਹਨ। ਇਹਨਾਂ ਵਿੱਚੋਂ ਵਿਧਾਨਸਾਜ਼ ਅਦਾਰਿਆਂ ਦੀਆਂ ਚੋਣਾਂ ਸਮੇਂ ਸੱਤਾ ਦੀ ਕੁਰਸੀ ਨੂੰ ਹੱਥ ਪਾਉਣ ਲਈ ਸਿਆਸੀ ਪਾਰਟੀਆਂ ਵੱਲੋਂ ਚੋਣ ਮਨੋਰਥ-ਪੱਤਰ ਜਾਰੀ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਵੱਲੋਂ ਉਹ ਵਾਅਦੇ ਵੀ ਕਰ ਲਏ ਜਾਂਦੇ ਹਨ, ਜਿਨ੍ਹਾਂ ਦੇ ਪੂਰੇ ਹੋ ਸਕਣ ਦੀ ਆਸ ਖ਼ੁਦ ਉਨ੍ਹਾਂ ਨੂੰ ਵੀ ਨਹੀਂ ਹੁੰਦੀ। ਇਸ ਦੇ ਨਾਲ ਹੀ ਵੋਟਰਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਸੂਟ-ਸਾੜ੍ਹੀਆਂ, ਭਾਂਡੇ, ਟੀ ਵੀ, ਫਰਿੱਜ ਆਦਿ ਤੋਂ ਲੈ ਕੇ ਪੈਸੇ ਤੇ ਨਸ਼ਿਆਂ ਦੀ ਵੰਡ ਕਰਨੀ ਹੁਣ ਆਮ ਗੱਲ ਹੋ ਗਈ ਹੈ। ਗੱਲ ਏਥੋਂ ਤੱਕ ਸੀਮਤ ਨਹੀਂ ਰਹੀ, ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਇੱਕ ਦੂਜੇ ਉੱਤੇ ਦੋਸ਼-ਉਲਟੇ ਦੋਸ਼ ਲਾਉਣ ਤੇ ਚਿੱਕੜ-ਉਛਾਲੀ ਤੋਂ ਸ਼ੁਰੂ ਹੋਇਆ ਸਿਲਸਿਲਾ ਹੁਣ ਕਿਰਦਾਰ-ਕੁਸ਼ੀ ਤੱਕ ਅੱਪੜ ਗਿਆ ਹੈ, ਜੋ ਲੋਕਤੰਤਰੀ ਪ੍ਰੰਪਰਾਵਾਂ ਨਾਲ ਖਿਲਵਾੜ ਕਰਨ ਦੇ ਤੁਲ ਹੈ।
ਇਹਨਾਂ ਦਿਨਾਂ ਵਿੱਚ ਗੁਜਰਾਤ ਦੀ ਵਿਧਾਨ ਸਭਾ ਚੋਣ ਲਈ ਸਰਗਰਮੀ ਪੂਰੇ ਜ਼ੋਰਾਂ 'ਤੇ ਹੈ ਤੇ ਉੱਥੇ ਇਹੋ ਕੁਝ ਵਾਪਰ ਰਿਹਾ ਹੈ। ਪਾਟੀਦਾਰਾਂ ਦੇ ਆਗੂ ਹਾਰਦਿਕ ਪਟੇਲ ਬਾਰੇ ਇੱਕ ਅਣਜਾਣ ਮਹਿਲਾ ਨਾਲ ਕਥਿਤ ਸੈਕਸ ਵੀਡੀਓ ਦੇ ਸੋਸ਼ਲ ਮੀਡੀਆ 'ਤੇ ਆਉਣ ਨਾਲ ਰਾਜ ਦੀ ਰਾਜਨੀਤੀ ਵਿੱਚ ਘਮਾਸਾਣ ਮੱਚ ਗਿਆ, ਜੋ ਹੁਣ ਇਹੋ ਜਿਹੀਆਂ ਕੁਝ ਹੋਰ ਸੀ ਡੀ ਦੇ ਆਉਣ ਨਾਲ ਹੋਰ ਵੀ ਤਿੱਖਾ ਰੂਪ ਅਖਤਿਆਰ ਕਰ ਗਿਆ ਹੈ। ਇਹ ਪਹਿਲੀ ਵਾਰ ਨਹੀਂ ਹੋਇਆ, ਜਦੋਂ ਕਿਸੇ ਨੇਤਾ ਦੀ ਸੀ ਡੀ ਸਾਹਮਣੇ ਆਈ ਹੋਵੇ। ਤੇ ਇਹ ਵੀ ਪਹਿਲੀ ਵਾਰ ਨਹੀਂ ਹੋਇਆ ਕਿ ਚੋਣਾਂ ਦੇ ਸਮੇਂ ਹੀ ਸੀ ਡੀ ਸਾਹਮਣੇ ਆਈ ਹੋਵੇ।
ਕੋਈ ਹਫ਼ਤਾ-ਦਸ ਦਿਨ ਪਹਿਲਾਂ ਹਾਰਦਿਕ ਪਟੇਲ ਨੇ ਇਹ ਖ਼ਦਸ਼ਾ ਪ੍ਰਗਟ ਕੀਤਾ ਸੀ ਕਿ ਉਨ੍ਹਾ ਦੀ ਕੋਈ ਫ਼ਰਜ਼ੀ ਸੀ ਡੀ ਆਉਣ ਵਾਲੀ ਹੈ ਤੇ ਭਾਜਪਾ ਵਾਲੇ ਇਹ ਕੰਮ ਕਰਨ ਵਾਲੇ ਹਨ। ਉਨ੍ਹਾ ਦਾ ਇਹ ਖ਼ਦਸ਼ਾ ਸਹੀ ਸਿੱਧ ਹੋਇਆ ਤੇ ਹੁਣ ਤੱਕ ਇੱਕ ਨਹੀਂ, ਉਨ੍ਹਾ ਬਾਰੇ ਛੇ ਸੀ ਡੀ ਸਾਹਮਣੇ ਆ ਚੁੱਕੀਆਂ ਹਨ। ਇਹਨਾਂ ਸੀ ਡੀ ਨੂੰ ਪੂਰੀ ਤਰ੍ਹਾਂ ਨਕਾਰਦੇ ਹੋਏ ਹਾਰਦਿਕ ਪਟੇਲ ਨੇ ਕਿਹਾ, 'ਇਹ ਗੰਦੀ ਸਿਆਸਤ ਦਾ ਹਿੱਸਾ ਹੈ।...ਮੈਂ ਪਿੱਛੇ ਹਟਣ ਵਾਲਾ ਨਹੀਂ ਹਾਂ, ਡੱਟ ਕੇ ਲੜਨ ਵਾਲਾ ਹਾਂ। ਤੇਈ ਸਾਲ ਦਾ ਹਾਰਦਿਕ ਹੁਣ ਵੱਡਾ ਹੋ ਰਿਹਾ ਹੈ।'
ਹਾਰਦਿਕ ਪਟੇਲ ਉਹੋ ਨੌਜੁਆਨ ਆਗੂ ਹੈ, ਜਿਸ ਨੇ ਕੋਈ ਦੋ ਸਾਲ ਪਹਿਲਾਂ ਪਾਟੀਦਾਰਾਂ ਦੇ ਓ ਬੀ ਸੀ ਵਿੱਚ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਅੰਦੋਲਨ ਸ਼ੁਰੂ ਕੀਤਾ ਸੀ। ਇਸ ਅੰਦੋਲਨ ਸਮੇਂ ਪਾਟੀਦਾਰ ਸਮਾਜ ਦੇ ਲੋਕਾਂ ਨੂੰ ਪੁਲਸ ਦੀਆਂ ਲਾਠੀਆਂ-ਗੋਲੀਆਂ, ਹੰਝੂ ਗੈਸ ਦੇ ਗੋਲਿਆਂ ਤੇ ਪਾਣੀ ਦੀਆਂ ਬੁਛਾੜਾਂ ਦਾ ਸਾਹਮਣਾ ਕਰਨਾ ਪਿਆ ਸੀ ਤੇ ਉਨ੍ਹਾਂ ਵਿੱਚੋਂ ਦਰਜਨ ਤੋਂ ਵੱਧ ਲੋਕਾਂ ਨੂੰ ਜਾਨ ਤੱਕ ਗੰਵਾਉਣੀ ਪਈ ਸੀ। ਇਸ ਦੌਰਾਨ ਹਾਰਦਿਕ ਪਟੇਲ ਦੇ ਖ਼ਿਲਾਫ਼ ਦੇਸ-ਧਰੋਹ ਦਾ ਕੇਸ ਦਰਜ ਕੀਤਾ ਗਿਆ ਸੀ ਤੇ ਉਸ ਨੂੰ ਕਈ ਮਹੀਨੇ ਜੇਲ੍ਹ ਵਿੱਚ ਰਹਿਣਾ ਪਿਆ ਸੀ। ਏਥੇ ਹੀ ਬੱਸ ਨਹੀਂ, ਪਾਟੀਦਾਰ ਸਮਾਜ ਨੂੰ ਵੰਡਣ ਦੀ ਚਾਲ ਚੱਲ ਕੇ ਇਸ ਅੰਦੋਲਨ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਸੀ।
ਖ਼ੈਰ ਜੋ ਵੀ ਹੈ, ਇਸ ਸਮੇਂ ਭਾਜਪਾ ਨੇ ਗੁਜਰਾਤ ਦੀ ਚੋਣ ਜਿੱਤਣ ਲਈ ਪੂਰੀ ਤਾਕਤ ਝੋਕੀ ਹੋਈ ਹੈ। ਇਸ ਚੋਣ ਬਾਰੇ ਵੱਖ-ਵੱਖ ਪ੍ਰਚਾਰ-ਪ੍ਰਸਾਰ ਮਾਧਿਅਮਾਂ ਵੱਲੋਂ ਆਪੋ-ਆਪਣੇ ਸਰਵੇ ਪੇਸ਼ ਕੀਤੇ ਜਾ ਰਹੇ ਹਨ। ਇਹਨਾਂ ਸਰਵੇਖਣਾਂ ਵਿੱਚੋਂ ਇੱਕ ਸਰਵੇ ਕਹਿੰਦਾ ਹੈ ਕਿ ਅਠਾਰਾਂ ਤੋਂ ਉਣੱਤੀ ਸਾਲ ਦੇ ਨੌਜੁਆਨ ਵਰਗ ਦੀ ਪਸੰਦ ਹਾਰਦਿਕ ਪਟੇਲ ਹੈ। ਅਜਿਹੀ ਸਥਿਤੀ ਵਿੱਚ ਸੁਆਲ ਉੱਠਦਾ ਹੈ ਕਿ ਕੀ ਹਾਰਦਿਕ ਪਟੇਲ ਦੀ ਵਧਦੀ ਹਰਮਨ-ਪਿਆਰਤਾ ਨੂੰ ਰੋਕਣ ਲਈ ਸੀ ਡੀ ਜਾਰੀ ਕੀਤੀਆਂ ਗਈਆਂ ਹਨ? ਹੋਰ ਵੀ ਬਹੁਤ ਸਾਰੇ ਅਜਿਹੇ ਸੁਆਲ ਉਠਾਏ ਜਾ ਰਹੇ ਹਨ ਤੇ ਵੋਟਾਂ ਪੈਣ ਦੇ ਦਿਨ ਤੱਕ ਉਠਾਏ ਜਾਂਦੇ ਰਹਿਣਗੇ।
ਇਹ ਸਭ ਕਿਸ ਪਿਛੋਕੜ ਵਿੱਚ ਹੋ ਰਿਹਾ ਹੈ? ਭਾਜਪਾ ਦੀ ਅਗਵਾਈ ਹੇਠਲੀ ਮੋਦੀ ਸਰਕਾਰ ਵੱਲੋਂ ਪਿਛਲੇ ਸਮੇਂ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਨਿਵਾਜਣ ਤੇ ਗ਼ਰੀਬ ਲੋਕਾਂ ਨੂੰ ਨਕਾਰਨ ਵਾਲੀਆਂ ਨੀਤੀਆਂ ਨੂੰ ਅੱਗੇ ਵਧਾਉਣ ਕਰ ਕੇ ਲੋਕਾਂ ਦਾ ਉਸ ਪ੍ਰਤੀ ਮੋਹ ਭੰਗ ਹੋਣਾ ਸ਼ੁਰੂ ਹੋ ਚੁੱਕਾ ਸੀ। ਇਸ ਵਿੱਚ ਹੋਰ ਵਾਧਾ ਕੀਤਾ ਸਰਕਾਰ ਵੱਲੋਂ ਐਲਾਨੀ ਨੋਟ-ਬੰਦੀ ਨੇ। ਇਸ ਦਾ ਵਿਰੋਧ ਹੋਣਾ ਸੀ, ਜੋ ਹੋਇਆ ਵੀ ਤੇ ਹੁਣ ਤੱਕ ਹੋ ਰਿਹਾ ਹੈ। ਦੂਜਿਆਂ ਨੂੰ ਛੱਡੋ, ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੇ ਨੋਟ-ਬੰਦੀ ਤੇ ਜੀ ਐੱਸ ਟੀ ਦੇ ਫ਼ੈਸਲੇ ਬਾਰੇ ਸਰਕਾਰ ਵਿਰੁੱਧ ਹਮਲਾਵਰ ਰੁਖ਼ ਅਪਣਾ ਰੱਖਿਆ ਹੈ। ਅਹਿਮਦਾਬਾਦ ਵਿੱਚ ਇੱਕ ਪ੍ਰੋਗਰਾਮ ਦੌਰਾਨ ਉਨ੍ਹਾ ਨੇ ਕਿਹਾ, 'ਬਹੁਤ ਸਾਰੇ ਅਜਿਹੇ ਸ਼ਹਿਨਸ਼ਾਹ ਹੋਏ ਹਨ, ਜਿਨ੍ਹਾਂ ਨੇ ਆਪਣੀ ਕਰੰਸੀ ਸ਼ੁਰੂ ਕੀਤੀ। ਕੁਝ ਨੇ ਨਵੀਂ ਕਰੰਸੀ ਨੂੰ ਚਲਾਉਣ ਦੇ ਨਾਲ-ਨਾਲ ਪਹਿਲੀ ਕਰੰਸੀ ਨੂੰ ਵੀ ਜਾਰੀ ਰੱਖਿਆ, ਪਰ ਸੱਤ ਸੌ ਸਾਲ ਪਹਿਲਾਂ ਇੱਕ ਸ਼ਹਿਨਸ਼ਾਹ ਮੁਹੰਮਦ ਬਿਨ ਤੁਗ਼ਲਕ ਸੀ, ਜੋ ਨਵੀਂ ਕਰੰਸੀ ਲੈ ਕੇ ਆਇਆ ਤੇ ਪੁਰਾਣੀ ਕਰੰਸੀ ਨੂੰ ਚੱਲਣੋਂ ਬੰਦ ਕਰ ਦਿੱਤਾ।' ਨੋਟ-ਬੰਦੀ ਬਾਰੇ ਫ਼ੈਸਲੇ ਦੀ ਆਲੋਚਨਾ ਕਰਦਿਆਂ ਉਨ੍ਹਾ ਕਿਹਾ ਕਿ ਇਸ ਨਾਲ ਦੇਸ ਦੀ ਅਰਥ-ਵਿਵਸਥਾ ਨੂੰ 3.75 ਲੱਖ ਕਰੋੜ ਰੁਪਏ ਦਾ ਨੁਕਸਾਨ ਪਹੁੰਚਿਆ ਹੈ। ਜੀ ਐੱਸ ਟੀ ਵਿੱਚ ਤੁਰੱਟੀਆਂ ਦੀ ਗੱਲ ਕਰਦਿਆਂ ਉਨ੍ਹਾ ਨੇ ਵਿੱਤ ਮੰਤਰੀ ਅਰੁਣ ਜੇਤਲੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਦੇਸ ਵਾਸੀਆਂ ਨੂੰ ਉਨ੍ਹਾ ਦੇ ਅਸਤੀਫ਼ੇ ਦੀ ਮੰਗ ਕਰਨ ਦਾ ਹੱਕ ਹੈ, ਕਿਉਂ ਜੁ ਉਨ੍ਹਾ ਕਰ ਕੇ ਹੀ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋਇਆ ਹੈ। ਉਨ੍ਹਾ ਕਿਹਾ ਕਿ ਜੇਤਲੀ ਗੁਜਰਾਤ ਦੀ ਜਨਤਾ ਉੱਤੇ ਬੋਝ ਹਨ, ਕਿਉਂਕਿ ਉਹ ਉੱਥੋਂ ਰਾਜ ਸਭਾ ਦੇ ਮੈਂਬਰ ਹਨ।
ਸਰਕਾਰ ਦੀਆਂ ਨੀਤੀਆਂ ਤੇ ਖ਼ਾਸ ਕਰ ਕੇ ਨੋਟ-ਬੰਦੀ ਤੇ ਜੀ ਐੱਸ ਟੀ ਦੇ ਲਏ ਕਦਮਾਂ ਕਾਰਨ ਸਮੁੱਚੇ ਦੇਸ ਤੇ ਖ਼ਾਸ ਕਰ ਕੇ ਗੁਜਰਾਤ ਦੇ ਵਪਾਰੀ ਤਬਕੇ ਵਿੱਚ ਭਾਰੀ ਅਸੰਤੋਸ਼ ਦੀ ਭਾਵਨਾ ਪਾਈ ਜਾਂਦੀ ਹੈ। ਰਾਜ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਨਾ ਹੋਣ ਕਾਰਨ ਵਿਸ਼ੇਸ਼ ਕਰ ਕੇ ਖ਼ੁਸ਼ਹਾਲ ਮੰਨੇ ਜਾਂਦੇ ਪਟੇਲ ਭਾਈਚਾਰੇ ਦੇ ਨੌਜਵਾਨਾਂ ਵਿੱਚ ਸ਼ਾਸਕਾਂ ਪ੍ਰਤੀ ਉਪਰਾਮਤਾ ਬਹੁਤ ਵਧ ਚੁੱਕੀ ਹੈ। ਦੂਜੇ ਪਾਸੇ ਸਮਾਜੀ ਨਿਆਂ ਦੀ ਸਥਿਤੀ ਇਹ ਹੈ ਕਿ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਕਦੇ ਗਊ ਦੇ ਨਾਂਅ ਉੱਤੇ ਅਤੇ ਕਦੇ ਗਰਬਾ ਦੇਖਣ ਕਾਰਨ ਕੁੱਟਮਾਰ ਦੇ ਨਾਲ-ਨਾਲ ਕਤਲਾਂ ਤੱਕ ਦੀ ਸਜ਼ਾ ਦਿੱਤੀ ਜਾਂਦੀ ਹੈ। ਇਹੋ ਕਾਰਨ ਹੈ ਕਿ ਪਟੇਲਾਂ ਦੇ ਆਗੂ ਹਾਰਦਿਕ ਪਟੇਲ ਨੇ ਹੀ ਨਹੀਂ, ਦਲਿਤ ਨੇਤਾ ਜਿਗਨੇਸ਼ ਮੇਵਾਣੀ ਨੇ ਵੀ ਭਾਜਪਾ ਨੂੰ ਚੋਣਾਂ ਵਿੱਚ ਹਰਾਉਣ ਲਈ ਕਮਰ ਕੱਸ ਰੱਖੀ ਹੈ।
ਪਿੱਛੇ ਜਿਹੇ ਹੋਈਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਸਮੇਂ ਵੀ ਇੱਕ ਅਜਿਹੀ ਸੀ ਡੀ ਸਾਹਮਣੇ ਆਈ ਸੀ। ਇਹ ਸੀ ਡੀ ਅਕਾਲੀ ਦਲ ਦੇ ਨਾਰਾਜ਼ ਪਾਰਲੀਮੈਂਟ ਮੈਂਬਰ ਸ਼ੇਰ ਸਿੰਘ ਘੁਬਾਇਆ ਬਾਰੇ ਸੀ। ਉਸ ਦਾ ਪੁੱਤਰ ਦਵਿੰਦਰ ਸਿੰਘ ਘੁਬਾਇਆ ਕਾਂਗਰਸ ਦੀ ਟਿਕਟ ਉੱਤੇ ਚੋਣ ਲੜ ਰਿਹਾ ਸੀ। ਸ੍ਰੀ ਘੁਬਾਇਆ ਨੇ ਇਹ ਦੋਸ਼ ਲਾਇਆ ਸੀ ਕਿ ਉਨ੍ਹਾ ਦੇ ਪੁੱਤਰ ਦੇ ਸਿਆਸੀ ਭਵਿੱਖ ਨੂੰ ਨੁਕਸਾਨ ਪੁਚਾਉਣ ਲਈ ਅਕਾਲੀ-ਭਾਜਪਾ ਗੱਠਜੋੜ ਵਾਲਿਆਂ ਨੇ ਇਹ ਸੀ ਡੀ ਜਾਰੀ ਕਰਵਾਈ ਹੈ। ਜਿਨ੍ਹਾਂ ਲੋਕਾਂ ਨੇ ਇਹ ਗੰਦੀ ਖੇਡ ਖੇਡੀ ਸੀ, ਉਨ੍ਹਾਂ ਦੇ ਪੱਲੇ ਕੁਝ ਨਹੀਂ ਸੀ ਪਿਆ ਤੇ ਸ਼ੇਰ ਸਿੰਘ ਘੁਬਾਇਆ ਦਾ ਪੁੱਤਰ ਵੀ ਜਿੱਤ ਗਿਆ ਸੀ ਤੇ ਕਾਂਗਰਸ ਵੀ ਵੱਡੀ ਜਿੱਤ ਦਰਜ ਕਰਾਉਣ ਵਿੱਚ ਸਫ਼ਲ ਹੋ ਗਈ ਸੀ।
ਇਹ ਗੰਦੀ ਖੇਡ ਪੰਜਾਬ ਵਿੱਚ ਵੀ ਸਫ਼ਲ ਨਹੀਂ ਸੀ ਹੋ ਸਕੀ ਤੇ ਹੁਣ ਗੁਜਰਾਤ ਵਿੱਚ ਵੀ ਇਸ ਖੇਡ ਦੇ ਖਿਡਾਰੀਆਂ ਨੂੰ ਕਾਮਯਾਬੀ ਮਿਲਣ ਦੇ ਆਸਾਰ ਘੱਟ-ਵੱਧ ਹੀ ਨਜ਼ਰ ਆਉਂਦੇ ਹਨ।

952 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper