ਪ੍ਰਦੁਮਣ ਕੇਸ; ਅਸ਼ੋਕ ਨੂੰ ਅਜੇ ਕਲੀਨ ਚਿੱਟ ਨਹੀਂ ਦਿੱਤੀ : ਸੀ ਬੀ ਆਈ


ਗੁੜਗਾਓਂ, (ਨਵਾਂ ਜ਼ਮਾਨਾ ਸਰਵਿਸ)
ਰਿਆਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਪ੍ਰਦੁਮਣ ਦੇ ਕਤਲ ਕੇਸ 'ਚ ਨਵਾਂ ਮੋੜ ਆ ਗਿਆ ਹੈ। ਸੀ ਬੀ ਆਈ ਨੇ ਅਦਾਲਤ 'ਚ ਕਿਹਾ ਕਿ ਉਸ ਨੇ ਹੁਣ ਤੱਕ ਇਸ ਕੇਸ 'ਚ ਕੰਡਕਟਰ ਅਸ਼ੋਕ ਕੁਮਾਰ ਨੂੰ ਕਲੀਨ ਚਿਟ ਨਹੀਂ ਦਿੱਤੀ।
ਜ਼ਿਕਰਯੋਗ ਹੈ ਕਿ ਸੀ ਬੀ ਆਈ ਨੇ ਮਾਮਲੇ 'ਚ ਸਕੂਲ ਦੇ 11ਵੀਂ ਦੇ ਇੱਕ ਵਿਦਿਆਰਥੀ ਨੂੰ ਦੋਸ਼ੀ ਬਣਾਇਆ ਹੈ, ਜਿਸ ਮਗਰੋਂ ਮੰਨਿਆ ਜਾ ਰਿਹਾ ਹੈ ਕਿ ਸੀ ਬੀ ਆਈ ਵੱਲੋਂ ਸ਼ਾਇਦ ਅਸ਼ੋਕ ਕੁਮਾਰ ਨੂੰ ਕਲੀਨ ਚਿੱਟ ਦੇ ਦਿੱਤੀ ਜਾਵੇਗੀ। ਹੁਣ ਅਦਾਲਤ ਨੇ ਅਸ਼ੋਕ ਕੁਮਾਰ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ 20 ਨਵੰਬਰ 'ਤੇ ਪਾ ਦਿੱਤੀ ਹੈ।
ਪ੍ਰਦੁਮਣ ਪਰਵਾਰ ਦੇ ਵਕੀਲ ਸੁਸ਼ੀਲ ਟੇਕਰੀਵਾਲ ਨੇ ਕਿਹਾ ਕਿ ਸੀ ਬੀ ਆਈ ਨੇ ਅਦਾਲਤ ਨੂੰ ਸਪੱਸ਼ਟ ਦੱਸ ਦਿੱਤਾ ਹੈ ਕਿ ਉਸ ਨੇ ਇਸ ਮਾਮਲੇ 'ਚ ਅਜੇ ਤੱਕ ਕਿਸੇ ਨੂੰ ਕਲੀਨ ਚਿੱਟ ਨਹੀਂ ਦਿੱਤੀ, ਪਰ ਨਾਲ ਹੀ ਏਜੰਸੀ ਨੇ ਅਦਾਲਤ ਨੂੰ ਦੱਸਿਆ ਕਿ ਹੁਣ ਤੱਕ ਦੀ ਜਾਂਚ 'ਚ ਪ੍ਰਦੁਮਣ ਦੇ ਕਤਲ 'ਚ ਅਸ਼ੋਕ ਦੇ ਸ਼ਾਮਲ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਸੀ ਬੀ ਆਈ ਨੇ ਕਿਹਾ ਕਿ ਜੇ ਜਾਂਚ ਦੌਰਾਨ ਕੋਈ ਸਬੂਤ ਮਿਲਦਾ ਹੈ ਤਾਂ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਹਰਿਆਣਾ ਪੁਲਸ ਨੇ ਬੱਸ ਕੰਡਕਟਰ ਅਸ਼ੋਕ ਕੁਮਾਰ ਨੂੰ ਪ੍ਰਦੁਮਣ ਦੇ ਕਤਲ ਦਾ ਦੋਸ਼ੀ ਦੱਸਿਆ ਸੀ। ਅਸ਼ੋਕ ਨੇ ਵੀ ਕੈਮਰੇ ਸਾਹਮਣੇ ਕਤਲ ਦੀ ਗੱਲ ਮੰਨੀ ਸੀ, ਪਰ ਸੀ ਬੀ ਆਈ ਵੱਲੋਂ ਕੇਸ ਹੱਥ 'ਚ ਲੈਣ ਮਗਰੋਂ ਪੂਰਾ ਮਾਮਲਾ ਹੀ ਬਦਲ ਗਿਆ।