Latest News

ਅਯੁੱਧਿਆ ਵਿਵਾਦ; ਮੰਦਰ ਦੇ ਨਾਂਅ 'ਤੇ 1400 ਕਰੋੜ ਡਕਾਰ ਗਈ ਵੀ ਐੱਚ ਪੀ

Published on 16 Nov, 2017 11:20 AM.


ਅਯੁੱਧਿਆ, (ਨਵਾਂ ਜ਼ਮਾਨਾ ਸਰਵਿਸ)
ਅਯੁੱਧਿਆ 'ਚ ਰਾਮ ਮੰਦਰ ਵਿਵਾਦ ਅਤੇ ਬਾਬਰੀ ਮਸਜਿਦ ਵਿਵਾਦ 'ਤੇ ਵਿਚੋਲਗੀ ਦੀ ਕੋਸ਼ਿਸ਼ ਲਈ ਅਧਿਆਤਮਕ ਆਗੂ ਸ਼੍ਰੀ ਸ਼੍ਰੀ ਰਵੀਸ਼ੰਕਰ ਅੱਜ ਅਯੁੱਧਿਆ ਪੁੱਜ ਗਏ। ਸ੍ਰੀ ਸ੍ਰੀ ਦੇ ਯਤਨਾਂ ਵਿਚਕਾਰ ਸੰਤ ਸਮਾਜ 'ਚ ਆਪਸੀ ਮਤਭੇਦ ਸਿਖਰਾਂ 'ਤੇ ਹਨ।
ਨਿਰਮੋਹੀ ਅਖਾੜੇ ਨੇ ਵਿਸ਼ਵ ਹਿੰਦੂ ਪ੍ਰੀਸ਼ਦ 'ਤੇ ਰਾਮ ਮੰਦਰ ਦੇ ਨਾਂਅ 'ਤੇ ਵੱਡਾ ਘੁਟਾਲਾ ਕਰਨ ਦਾ ਦੋਸ਼ ਲਾਇਆ ਹੈ, ਜਦਕਿ ਰਾਮ ਮੰਦਰ ਅੰਦੋਲਨ ਜੁੜੇ ਰਹੇ ਰਾਮ ਵਿਲਾਸ ਵੇਦਾਂਤੀ ਨੇ ਰਵੀਸ਼ੰਕਰ 'ਤੇ ਗੰਭੀਰ ਦੋਸ਼ ਲਾਏ ਹਨ।
ਨਿਰਮੋਹੀ ਅਖਾੜੇ ਦੇ ਮੈਂਬਰ ਸੀਤਾ ਰਾਮ ਨੇ ਦੋਸ਼ ਲਾਇਆ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਰਾਮ ਮੰਦਰ ਦੇ ਨਾਂਅ 'ਤੇ 1400 ਕਰੋੜ ਰੁਪਏ ਦਾ ਘੁਟਾਲਾ ਕੀਤਾ ਹੈ। ਇੱਕ ਟੀ ਵੀ ਚੈਨਲ ਨਾਲ ਗੱਲਬਾਤ ਕਰਦਿਆਂ ਉਨ੍ਹਾ ਕਿਹਾ ਕਿ ਵੀ ਐੱਚ ਪੀ ਵਾਲੇ 1400 ਕਰੋੜ ਰੁਪਏ ਖਾ ਗਏ, ਅਸੀਂ ਰਾਮ ਜੀ ਦੇ ਪੁੱਤਰ ਅਤੇ ਸੇਵਕ ਹਾਂ, ਸਾਨੂੰ ਕਦੇ ਪੈਸੇ ਦੀ ਪੇਸ਼ਕਸ਼ ਨਹੀਂ ਹੋਈ। ਉਨ੍ਹਾ ਕਿਹਾ ਕਿ ਲੀਡਰ ਪੈਸੇ ਖਾ ਕੇ ਬੈਠ ਗਏ। ਉਨ੍ਹਾ ਕਿਹਾ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਵਾਲਿਆਂ ਨੇ ਘਰ-ਘਰ ਜਾ ਕੇ ਇੱਕ-ਇੱਕ ਇੱਕ ਇੱਟ ਮੰਗੀ, ਪੈਸੇ ਇਕੱਠੇ ਕੀਤੇ ਅਤੇ ਫੇਰ ਇਸ ਪੈਸੇ ਨੂੰ ਡਕਾਰ ਗਏ। ਉਨ੍ਹਾਂ ਕਿਹਾ ਕਿ ਜਿੰਨੇ ਵੀ ਫ਼ਰਜ਼ੀ ਟਰੱਸਟ ਬਣੇ, ਉਹ ਸਾਰੇ ਮੁਸਲਮਾਨਾਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਨ।
ਵਿਸ਼ਵ ਹਿੰਦੂ ਪ੍ਰੀਸ਼ਦ ਨੇ ਉਨ੍ਹਾ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਪ੍ਰੀਸ਼ਦ ਦੇ ਅਹੁਦੇਦਾਰ ਵਿਨੋਦ ਬਾਂਸਲ ਨੇ ਕਿਹਾ ਕਿ ਵੀ ਐੱਚ ਪੀ ਨੇ ਰਾਮ ਮੰਦਰ ਲਈ ਕਦੇ ਇਸੇ ਤੋਂ ਇੱਕ ਪੈਸਾ ਵੀ ਨਹੀਂ ਲਿਆ। ਉਨ੍ਹਾ ਕਿਹਾ ਕਿ ਵੀ ਐਚ ਪੀ 1964 'ਚ ਹੋਂਦ 'ਚ ਆਈ ਸੀ ਅਤੇ ਹਰ ਸਾਲ ਉਸ ਦਾ ਆਡਿਟ ਹੁੰਦਾ ਹੈ ਅਤੇ ਸਾਡੇ ਕੋਲ ਇੱਕ-ਇੱਕ ਪੈਸੇ ਦਾ ਹਿਸਾਬ ਹੈ। ਇਸੇ ਦੌਰਾਨ ਰਾਮ ਮੰਦਰ ਅੰਦੋਲਨ ਨਾਲ ਜੁੜੇ ਰਹੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਰਾਮ ਵਿਲਾਸ ਵੇਦਾਂਤੀ ਨੇ ਸ੍ਰੀ ਸ੍ਰੀ ਦੀ ਮਨਸ਼ਾ 'ਤੇ ਹੀ ਗੰਭੀਰ ਸੁਆਲ ਖੜੇ ਕਰ ਦਿੱਤੇ ਹਨ। ਵੇਦਾਂਤੀ ਨੇ ਕਿਹਾ ਕਿ ਰਵੀਸ਼ੰਕਰ ਵਿਚੋਲਗੀ ਕਰਨ ਵਾਲਾ ਕੌਣ ਹੁੰਦਾ ਹੈ, ਉਨ੍ਹਾ ਨੂੰ ਆਪਣਾ ਐੱਨ ਜੀ ਓ ਚਲਾਉਣਾ ਚਾਹੀਦਾ ਹੈ ਅਤੇ ਵਿਦੇਸ਼ੀ ਚੰਦੇ ਨੂੰ ਜਮ੍ਹਾਂ ਕਰਨਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਮੇਰਾ ਮੰਨਣਾ ਹੈ ਕਿ ਸ੍ਰੀ ਸ੍ਰੀ ਨੇ ਕਾਫ਼ੀ ਪੈਸਾ ਇਕੱਠਾ ਕੀਤਾ ਹੋਇਆ ਹੈ ਅਤੇ ਇਸ ਦੀ ਜਾਂਚ ਤੋਂ ਬਚਣ ਲਈ ਉਹ ਰਾਮ ਮੰਦਰ ਮੁੱਦੇ 'ਚ ਕੁਦ ਪਏ ਹਨ। ਉਧਰ ਰਵੀਸ਼ੰਕਰ ਦਾ ਕਹਿਣਾ ਹੈ ਕਿ ਉਹ ਸਾਰੀਆਂ ਧਿਰਾਂ ਦੇ ਸਹਿਯੋਗ ਨਾਲ ਅਦਾਲਤ ਤੋਂ ਬਾਹਰ ਹੀ ਮਸਲੇ ਦਾ ਹੱਲ ਲੱਭਣਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਇਲਾਹਾਬਾਦ ਹਾਈ ਕੋਰਟ ਨੇ 30 ਅਕਤੂਬਰ 2008 ਨੂੰ ਵਿਵਾਦਗ੍ਰਸਤ ਜ਼ਮੀਨ ਨੂੰ ਤਿੰਨ ਹਿੱਸਿਆਂ 'ਚ ਵੰਡ ਕੇ ਦੋ ਹਿੱਸੇ ਰਾਮ ਮੰਦਰ ਦੇ ਪੈਰੋਕਾਰਾਂ ਅਤੇ ਇੱਕ ਹਿੱਸਾ ਮਸਜਿਦ ਦੇ ਹਮਾਇਤੀਆਂ ਨੂੰ ਸੌਂਪਣ ਦਾ ਫ਼ੈਸਲਾ ਦਿੱਤਾ ਸੀ।

275 Views

e-Paper