ਪੰਜਾਬ ਦੇ ਬੰਦ ਪਏ ਟਰੀਟਮੈਂਟ ਪਲਾਂਟਾਂ ਨੂੰ ਚਲਾਉਣ ਲਈ ਸਿੱਧੂ ਤੇ ਸੀਚੇਵਾਲ 'ਚ ਮੀਟਿੰਗ


ਜਲੰਧਰ, (ਨਵਾਂ ਜ਼ਮਾਨਾ ਸਰਵਿਸ)
ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵਿੱਚ ਟਰੀਟਮੈਂਟ ਪਲਾਂਟਾਂ ਦੇ ਮੁੱਦੇ ਨੂੰ ਲੈਕੇ ਹੋਈ ਮੀਟਿੰਗ ਵਿੱਚ ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਬੰਦ ਪਏ ਟਰੀਟਮੈਂਟ ਪਲਾਂਟ ਪਹਿਲ ਦੇ ਅਧਾਰ 'ਤੇ ਚਲਾਏ ਜਾਣਗੇ। ਇਸ ਬਾਰੇ ਬਕਾਇਦਾ ਅਧਾਕਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ। ਸ੍ਰੀ ਸਿੱਧੂ ਨੇ ਕਿਹਾ ਕਿ ਸੰਤ ਸੀਚੇਵਾਲ ਵੱਲੋਂ ਚਲਾਈ ਜਾਣ ਵਾਲੀ ਸਫ਼ਾਈ ਮੁਹਿੰਮ ਵਿੱਚ ਉਹ ਆਪ ਸ਼ਾਮਲ ਹੋਣਗੇ, ਤਾਂ ਜੋ ਕਸਬਿਆਂ ਅਤੇ ਸ਼ਹਿਰਾਂ ਨੂੰ ਸਾਫ਼-ਸੁਥਰਾ ਰੱਖਣ ਲਈ ਲੋਕਾਂ ਨੂੰ ਨਾਲ ਜੋੜਿਆ ਜਾ ਸਕੇ।ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦਿਆ ਸੰਤ ਸੀਚੇਵਾਲ ਨੇ ਦੱਸਿਆ ਕਿ ਉਨ੍ਹਾ ਸ੍ਰੀ ਸਿਧੂ ਕੋਲ ਸ਼ਹਿਰਾਂ ਦੀ ਸਫ਼ਾਈ, ਸਾਲਿਡ ਵੇਸਟ ਨੂੰ ਸੰਭਾਲਣ ਅਤੇ ਬੰਦ ਪਏ ਟਰੀਟਮੈਂਟ ਪਲਾਂਟਾਂ ਦੇ ਮੁੱਦਿਆਂ 'ਤੇ ਗੱਲਬਾਤ ਕੀਤੀ। ਸੰਤ ਸੀਚੇਵਾਲ ਨੇ ਦੱਸਿਆ ਕਿ ਇਸ ਸਮੇਂ ਸਭ ਤੋਂ ਵੱਧ ਭਖਦੇ ਮੁੱਦੇ ਸ਼ਹਿਰਾਂ ਵਿੱਚ ਅੰਤਾਂ ਦਾ ਫੈਲਿਆ ਗੰਦ ਹੈ। ਉਨ੍ਹਾ ਕਿਹਾ ਕਿ ਇਸ ਮੀਟਿੰਗ ਵਿੱਚ ਚਰਚਾ ਕੀਤੀ ਗਈ ਕਿ ਸਰਕਾਰ ਦੇ ਟਰੀਟਮੈਂਟ ਪਲਾਂਟਾਂ 'ਤੇ ਕਰੋੜਾਂ ਰੁਪਏ ਖਰਚ ਹੋਏ ਹਨ, ਪਰ ਉਹ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਮਿੱਟੀ ਹੋ ਰਹੇ ਹਨ।ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਬਸਤੀ ਪੀਰਦਾਦ ਵਾਲਾ 50 ਐੱਮ ਐੱਲ ਡੀ ਦਾ ਟਰੀਟਮੈਂਟ ਪਲਾਂਟ 2014 ਵਿੱਚ ਸ਼ੁਰੂ ਕੀਤਾ ਗਿਆ ਸੀ, ਪਰ ਇਹ ਪਲਾਂਟ 2016 ਵਿੱਚ ਹੀ ਚੱਲਣ ਤੋਂ ਅਸਮਰੱਥ ਹੋ ਗਿਆ, ਜਦ ਕਿ ਅਧਿਕਾਰੀਆਂ ਅਨੁਸਾਰ ਇਸ ਦੀ ਸਮਰੱਥਾ ਸਾਲ 2025 ਤੱਕ ਮਿੱਥੀ ਗਈ ਸੀ। ਸੰਤ ਸੀਚੇਵਾਲ ਨੇ ਕਿਹਾ ਕਿ ਜਿਹੜਾ ਪਲਾਂਟ ਦੋ ਸਾਲ ਵੀ ਨਹੀਂ ਚੱਲਿਆ, ਉਸ ਬਾਰੇ ਸੰਬੰਧਤ ਅਧਿਕਾਰੀਆਂ ਨੂੰ ਜਵਾਬਦੇਹ ਬਣਾਇਆ ਜਾਵੇ।
ਇਸੇ ਤਰ੍ਹਾਂ ਕਪੂਰਥਲਾ ਦਾ ਟਰੀਟਮੈਂਟ ਪਲਾਂਟ ਪਿਛਲੇ ਕਈ ਸਾਲਾਂ ਤੋਂ ਬੰਦ ਪਿਆ ਹੈ। ਇਸ ਟਰੀਟਮੈਂਟ ਪਲਾਂਟ ਦਾ ਪਾਣੀ ਖੇਤਾਂ ਨੂੰ ਲਗਾਉਣ ਲਈ ਸਾਲ 2008 ਵਿੱਚ 5 ਕਿਲੋਮੀਟਰ ਤੱਕ ਦੀ ਪਾਈਪ ਲਾਈਨ ਪਾਈ ਗਈ ਸੀ। ਮਿੱਟੀ ਵਿੱਚ ਦੱਬੀ ਇਸ ਪਾਈਪ ਲਾਈਨ ਦਾ ਕੀ ਲਾਭ ਹੈ, ਜੇ ਟਰੀਟਮੈਂਟ ਪਲਾਂਟ ਦਾ ਸੋਧਿਆ ਹੋਇਆ ਪਾਣੀ ਖੇਤੀ ਨੂੰ ਨਹੀਂ ਲੱਗ ਰਿਹਾ।
ਸੁਲਤਾਨਪੁਰ ਲੋਧੀ ਵਿੱਚ ਇੱਕ ਹੋਰ ਨਵਾਂ ਟਰੀਟਮੈਂਟ ਪਲਾਂਟ ਤਾਂ ਲਾਇਆ ਜਾ ਰਿਹਾ ਹੈ, ਪਰ ਪੁਰਾਣਾ ਟਰੀਟਮੈਂਟ ਪਲਾਂਟ ਸਹੀ ਢੰਗ ਨਾਲ ਚੱਲ ਨਹੀਂ ਰਿਹਾ। ਇਸੇ ਤਰ੍ਹਾਂ ਲੁਧਿਆਣਾ ਦੇ ਟਰੀਟਮੈਂਟ ਪਲਾਂਟ ਵੀ ਸਮਰੱਥਾ ਅਨੁਸਾਰ ਕੰਮ ਨਹੀਂ ਕਰ ਰਹੇ।
ਸੰਤ ਸੀਚੇਵਾਲ ਨੇ ਦੱਸਿਆ ਕਿ ਸਾਲ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ 550 ਵੇਂ ਪ੍ਰਕਾਸ਼ ਪੁਰਬ ਨੂੰ ਧਿਆਨ ਵਿੱਚ ਰੱਖਦੇ ਉਥੇ ਸਾਲਿਡ ਵੇਸਟ ਦਾ ਪੱਕਾ ਇੰਤਜ਼ਾਮ ਕੀਤਾ ਜਾਵੇ। ਉਨ੍ਹਾ ਦੱਸਿਆ ਕਿ ਸਾਲਿਡ ਵੇਸਟ ਨੂੰ ਛਾਣਨ ਲਈ ਉਨ੍ਹਾ ਨੇ ਦੇਸੀ ਤਕਨੀਕ ਨਾਲ ਮਸ਼ੀਨ ਵੀ ਬਣਾਈ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਸਵੱਛ ਮੁਹਿੰਮ ਵਿੱਚ ਸ਼ਾਮਿਲ ਹੋਣ ਲਈ ਆਪ ਆਉਣਗੇ। ਬੰਦ ਪਏ ਟਰੀਟਮੈਂਟ ਪਲਾਂਟਾਂ ਨੂੰ ਚਲਾਉਣ ਲਈ ਤੇ ਉਨ੍ਹਾਂ ਦੇ ਨੁਕਸ ਕੱਢਣ ਲਈ ਸ੍ਰੀ ਸਿੱਧੂ ਨੇ ਸੰਤ ਸੀਚੇਵਾਲ ਤੋਂ ਸਹਿਯੋਗ ਮੰਗਦਿਆ ਕਿਹਾ ਜਿਹੜੇ ਪਲਾਂਟ ਬੰਦ ਪਏ ਹਨ, ਉਨ੍ਹਾਂ ਨੂੰ ਪਹਿਲ ਦੇ ਅਧਾਰ 'ਤੇ ਚਲਾਇਆ ਜਾਵੇਗਾ। ਇਸ ਮੌਕੇ ਉਨ੍ਹਾ ਨਾਲ ਪ੍ਰਿੰਸੀਪਲ ਸਕੱਤਰ ਏ ਵੇਣੂ ਪ੍ਰਸਾਦ, ਅਜੋਏ ਸ਼ਰਮਾ ਅਤੇ ਹੋਰ ਅਧਿਕਾਰੀ ਵੀ ਸਨ।