ਕਰਤਾਰ ਸਿੰਘ ਸਰਾਭਾ ਗਦਰ ਪਾਰਟੀ ਦਾ ਚੇਤੰਨ ਜਰਨੈਲ ਸੀ : ਮਾੜੀਮੇਘਾ, ਨਰਿੰਦਰ ਸੋਹਲ


ਭਿੱਖੀਵਿੰਡ
(ਨਵਾਂ ਜ਼ਮਾਨਾ ਸਰਵਿਸ)
ਗਦਰ ਪਾਰਟੀ ਦੇ ਸਿਰਮੌਰ ਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਬਾਕੀ ਗਦਰੀਆਂ ਦੀਆਂ ਸ਼ਹਾਦਤਾਂ ਨੂੰ ਸਮਰਪਤ ਸਰਬ ਭਾਰਤ ਨੌਜਵਾਨ ਸਭਾ ਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਵੱਲੋਂ ਭਗਵਾਨਪੁਰਾ ਵਿਖੇ ਜ਼ਿਲ੍ਹਾ ਪੱਧਰ ਦਾ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ।
ਸੰਬੋਧਨ ਕਰਦਿਆਂ ਸਰਬ ਭਾਰਤ ਨੌਜਵਾਨ ਸਭਾ ਪੰਜਾਬ ਦੀ ਕੈਸ਼ੀਅਰ ਨਰਿੰਦਰ ਕੌਰ ਸੋਹਲ ਨੇ ਕਿਹਾ ਕਿ ਕਰਤਾਰ ਸਿੰਘ ਸਰਾਭਾ ਗਦਰ ਪਾਰਟੀ ਦਾ ਇੱਕ ਚੇਤੰਨ ਜਰਨੈਲ ਸੀ, ਜਿਸ ਨੇ ਅਮਰੀਕਾ ਵਿੱਚ ਗਦਰ ਪਾਰਟੀ ਉਸਾਰਨ ਵਿੱਚ ਅਹਿਮ ਯੋਗਦਾਨ ਪਾਇਆ। ਅੰਗਰੇਜ਼ ਹਕੂਮਤ ਤੋਂ ਭਾਰਤ ਨੂੰ ਆਜ਼ਾਦ ਕਰਵਾਉਣ ਵਾਸਤੇ ਉਹ ਬਾਕੀ ਗਦਰੀ ਦੇਸ਼ ਭਗਤਾਂ ਨਾਲ ਭਾਰਤ ਆਇਆ। ਗਦਰ ਪਾਰਟੀ ਨੇ ਆਜ਼ਾਦੀ ਦੇ ਸੰਘਰਸ਼ ਨੂੰ ਅੰਜਾਮ ਦੇਣ ਵਾਸਤੇ ਪੰਜਾਬ ਨੂੰ ਕੇਂਦਰ ਚੁਣਿਆ। ਸਰਾਭਾ ਏਨਾ ਨਿੱਡਰ ਸੀ ਕਿ ਉਸ ਨੇ ਭਾਰਤੀ ਇਨਕਲਾਬੀਆਂ ਨਾਲ ਸੰਬੰਧ ਜੋੜ ਕੇ ਉਹਨਾਂ ਨੂੰ ਪੰਜਾਬ ਲਿਆਂਦਾ । ਇਨਕਲਾਬ ਸਫਲ ਨਾ ਹੋਇਆ ਅਤੇ ਅੰਗਰੇਜ਼ਾਂ ਨੇ 19 ਸਾਲਾ ਮੁੱਛ-ਫੁੱਟ ਗੱਭਰੂ ਕਰਤਾਰ ਸਿੰਘ ਸਰਾਭਾ ਨੂੰ ਫੜ ਕੇ ਬਾਕੀ ਗਦਰੀਆਂ ਨਾਲ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ।
ਸਮਾਗਮ ਨੂੰ ਉਚੇਚੇ ਤੌਰ 'ਤੇ ਸੰਬੋਧਨ ਕਰਨ ਲਈ ਪੁੱਜੇ ਏਟਕ ਦੇ ਸੂਬਾਈ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਮੌਜੂਦਾ ਪ੍ਰਬੰਧ ਗਦਰੀ ਦੇਸ਼ ਭਗਤਾਂ ਦੇ ਸੁਪਨੇ ਵਿਸਾਰ ਚੁੱਕਾ ਹੈ। ਉਹਨਾਂ ਦੀ ਸੋਚ ਦਾ ਭਾਰਤ ਨਹੀਂ ਬਣਿਆ। ਬਰਾਬਰੀ ਦੀ ਥਾਂ ਅਮੀਰ-ਗਰੀਬ ਦਾ ਪਾੜਾ ਬੇਹੱਦ ਵਧ ਚੁੱਕਾ ਹੈ। ਜੁਆਨੀ ਰੁਜ਼ਗਾਰ ਮੰਗਦੀ ਹੈ, ਪਰ ਅੱਗੋਂ ਸਰਕਾਰਾਂ ਉਹਨਾਂ 'ਤੇ ਕਹਿਰ ਢਾਹੁੰਦੀਆਂ ਹਨ। ਬੱਚੇ ਵਿਦਿਆ ਲੈਣ ਦੀ ਥਾਂ ਗੰਦਗੀ ਦੇ ਢੇਰਾਂ ਤੋਂ ਆਪਣੀ ਜ਼ਿੰਦਗੀ ਭਾਲ ਰਹੇ ਹਨ।
ਸ੍ਰੀ ਮਾੜੀਮੇਘਾ ਨੇ ਕਿਹਾ ਕਿ ਬੜੇ ਕਠੋਰ ਸੰਘਰਸ਼ਾਂ ਤੋਂ ਬਾਅਦ ਨਰੇਗਾ ਕਾਨੂੰਨ ਬਣਾਉਣ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਸੀ, ਪਰ ਸਰਕਾਰਾਂ ਅਤੇ ਇਸ ਦੇ ਭ੍ਰਿਸ਼ਟ ਅਫਸਰ ਇਸ ਕਾਨੂੰਨ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਨਹੀਂ ਕਰ ਰਹੇ। ਨਰੇਗਾ ਕਾਮੇ ਕੰਮ ਕਰਦੇ ਹਨ, ਪਰ ਸਰਕਾਰੀ ਅਫਸਰ ਆਨਾ-ਕਾਨੀ ਕਰਕੇ ਕੰਮ ਦਾ ਮਿਹਨਤਾਨਾ ਹੀ ਨਹੀਂ ਦਿੰਦੇ।
ਬਹੁਤ ਸਾਰੇ ਅਜਿਹੇ ਪਿੰਡ ਹਨ, ਜਿਨ੍ਹਾਂ ਨੂੰ ਨਰੇਗਾ ਕਾਨੂੰਨ ਬਾਰੇ ਕੋਈ ਜਾਣਕਾਰੀ ਨਹੀਂ। ਨਰੇਗਾ ਕਾਮਿਆਂ ਨੂੰ ਕੀਤੇ ਹੋਏ ਕੰਮ ਦੇ ਪੈਸੇ ਦੇਣ ਲੱਗਿਆਂ ਸਰਕਾਰੀ ਅਫਸਰ ਪੂਰੀ ਵਾਹ ਲਾਉਂਦੇ ਹਨ ਕਿ ਨਰੇਗਾ ਕਾਮਿਆਂ ਨੂੰ ਪੈਸੇ ਨਾ ਮਿਲਣ। ਇਸ ਖੱਜਲ-ਖੁਆਰੀ ਤੋਂ ਨਰੇਗਾ ਕਾਮੇ ਹਾਰ-ਹੰਭ ਕੇ ਘਰ ਬਹਿ ਜਾਂਦੇ ਹਨ।
ਨਰੇਗਾ ਕਾਨੂੰਨ ਅਧੀਨ ਤਾਂ ਸਾਲ ਵਿੱਚ ਸਿਰਫ 100 ਦਿਨ ਕੰਮ ਮਿਲਣ ਦੀ ਗਾਰੰਟੀ ਹੈ, ਪਰ ਹੁਣ ਸਰਬ ਭਾਰਤ ਨੌਜਵਾਨ ਸਭ ਨੇ ਕੁਲ ਹਿੰਦ ਪੱਧਰ 'ਤੇ ਇਹ ਮੰਗ ਉਠਾਈ ਹੈ ਕਿ 'ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ' ਬਣਾਇਆ ਜਾਵੇ, ਜਿਸ ਕਾਨੂੰਨ ਅਧੀਨ 18 ਸਾਲ ਦੀ ਉਮਰ ਤੋਂ 58 ਸਾਲ ਦੀ ਉਮਰ ਤੱਕ ਹਰੇਕ ਵਿਅਕਤੀ ਨੂੰ ਰੁਜ਼ਗਾਰ ਮਿਲਣ ਦੀ ਗਾਰੰਟੀ ਹੈ।
ਸਮਾਗਮ ਨੂੰ ਸੀ ਪੀ ਆਈ ਦੇ ਜ਼ਿਲ੍ਹਾ ਕਾਰਜਕਾਰੀ ਸਕੱਤਰ ਦਵਿੰਦਰ ਸੋਹਲ, ਸੀ ਪੀ ਆਈ ਬਲਾਕ ਭਿੱਖੀਵਿੰਡ ਦੇ ਸਕੱਤਰ ਪਵਨ ਕੁਮਾਰ ਪੰਨਾ, ਸੁਖਦੇਵ ਸਿੰਘ ਕਾਲਾ, ਇਸਤਰੀ ਸਭਾ ਤਰਨ ਤਾਰਨ ਦੀ ਸਕੱਤਰ ਰੁਪਿੰਦਰ ਕੌਰ ਮਾੜੀਮੇਘਾ, ਸ਼ਾਮ ਲਾਲ ਭਗਵਾਨਪੁਰਾ, ਬਲਬੀਰ ਬੱਲੂ, ਨਰਿੰਦਰ ਅਲਗੋਂ, ਗੁਰਚਰਨ ਸਿੰਘ ਕੰਡਾ, ਜੈਮਲ ਸਿੰਘ ਬਾਠ, ਟਹਿਲ ਸਿੰਘ ਲੱਧੂ, ਜਸਵੰਤ ਸਿੰਘ ਸੂਰਵਿੰਡ, ਸਰਬਜੀਤ ਕੌਰ, ਕੁਲਵਿੰਦਰ ਕੌਰ, ਵਿਸ਼ਾਲਦੀਪ ਸਿੰਘ ਵਲਟੋਹਾ, ਹਰਭਿੰਦਰ ਸਿੰਘ ਕਸੇਲ, ਨਿਸ਼ਾਨ ਸਿੰਘ ਵਾਂ, ਗੁਰਮੇਜ ਸਿੰਘ ਤੇ ਸਤਨਾਮ ਸਿੰਘ ਨੇ ਵੀ ਸੰਬੋਧਨ ਕੀਤਾ।