ਰਾਫੇਲ ਸੌਦੇ 'ਤੇ ਘਿਰੀ ਸਰਕਾਰ ਨੇ ਵਿਰੋਧੀਆਂ ਨੂੰ ਦੱਸਿਆ 'ਬੇਸ਼ਰਮ'


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਰਾਫੇਲ ਲੜਾਕੂ ਜਹਾਜ਼ ਸੌਦੇ ਦਾ ਬਚਾਅ ਕੀਤਾ ਹੈ ਅਤੇ ਕਿਹਾ ਕਿ ਇਸ ਸੌਦੇ 'ਤੇ ਦੋਸ਼ ਲਾਉਣਾ ਬੇਸ਼ਰਮੀ ਹੈ। ਅਜਿਹੇ ਦੋਸ਼ਾਂ ਨਾਲ ਸੁਰੱਖਿਆ ਬਲਾਂ ਦਾ ਹੌਸਲਾ ਘਟੇਗਾ। ਉਨ੍ਹਾ ਕਿਹਾ ਕਿ ਯੂ ਪੀ ਏ ਰਾਜ 'ਚ ਜਿਸ ਕੀਮਤ 'ਤੇ ਗੱਲ ਹੋ ਰਹੀ ਸੀ, ਐੱਨ ਡੀ ਏ ਸਰਕਾਰ ਨੇ ਉਸ ਤੋਂ ਕਾਫੀ ਬੇਹਤਰ ਕੀਮਤ 'ਚ ਜਹਾਜ਼ ਖਰੀਦੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾ ਕਿਹਾ ਕਿ ਕਾਂਗਰਸ ਰਾਜ ਵੇਲੇ 10 ਸਾਲ ਤੱਕ ਫੌਜ ਦੇ ਆਧੁਨਿਕੀਕਰਨ ਵੱਲ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾ ਕਿਹਾ ਕਿ 36 ਰਾਫੇਲ ਜਹਾਜ਼ਾਂ ਦਾ ਸੌਦਾ ਐਮਰਜੈਂਸੀ ਖਰੀਦਦਾਰੀ ਸੀ, ਕਿਉਂਕਿ ਕਾਂਗਰਸ ਨੇ ਫੌਜ ਦੀਆਂ ਰੱਖਿਆ ਤਿਆਰੀਆਂ ਵੱਲ ਧਿਆਨ ਨਹੀਂ ਦਿੱਤਾ ਸੀ।
ਉਨ੍ਹਾ ਕਿਹਾ ਕਿ ਜਹਾਜ਼ ਹਵਾਈ ਫੌਜ ਦੀ ਅਹਿਮ ਲੋੜ ਹੈ, ਪਰ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ 10 ਸਾਲ 'ਚ ਫੈਸਲਾ ਨਾ ਲੈ ਸਕੀ। ਹੁਣ ਕਾਂਗਰਸ ਸਿਆਸਤ ਕਰ ਰਹੀ ਹੈ, ਜਦ ਕਿ ਐੱਨ ਡੀ ਏ ਨੇ ਰੱਖਿਆ ਤਿਆਰੀਆਂ ਬਾਰੇ ਫੌਰੀ ਫੈਸਲੇ ਕੀਤੇ। ਉਨ੍ਹਾ ਕਿਹਾ ਕਿ ਰਾਫੇਲ ਖਰੀਦ 'ਚ ਪੂਰੀ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕੀਤੀ ਗਈ। ਉਨ੍ਹਾ ਕਿਹਾ ਕਿ ਫਰਾਂਸ ਨੇ ਜਹਾਜ਼ ਵੇਚਣ ਦੀ ਪੇਸ਼ਕਸ਼ ਕੀਤੀ ਹੈ, ਪਰ ਸਾਡੇ ਵੱਲੋਂ ਅਜੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ।
ਜ਼ਿਕਰਯੋਗ ਹੈ ਕਿ 36 ਰਾਫੇਲ ਲੜਾਕੂ ਜਹਾਜ਼ਾਂ ਲਈ ਪਿਛਲੇ ਸਾਲ ਫਰਾਂਸ ਨਾਲ 59000 ਕਰੋੜ ਰੁਪਏ 'ਚ ਸੌਦਾ ਕੀਤਾ ਗਿਆ। ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਇੱਕ ਵਪਾਰੀ ਨੂੰ ਫਾਇਦਾ ਪਹੁੰਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਸੌਦੇ 'ਚ ਬਦਲਾਅ ਕੀਤਾ।