ਦਾਅਵਿਆਂ ਦੀ ਪੋਲ ਖੋਲ੍ਹਦੀਆਂ ਦੋ ਖ਼ਬਰਾਂ


ਸਾਡੇ ਸਾਰੇ ਸਿਆਸੀ ਰਹਿਨੁਮਾ ਤੇ ਖ਼ਾਸ ਕਰ ਕੇ ਦਿੱਲੀ ਦੀ ਸੱਤਾ 'ਤੇ ਬਿਰਾਜਮਾਨ ਅਹਿਲਕਾਰ ਇਹ ਦਾਅਵੇ ਕਰਦੇ ਰਹਿੰਦੇ ਹਨ ਕਿ ਛੇਤੀ ਹੀ ਭਾਰਤ ਸੰਸਾਰ ਦੀ ਚੌਥੀ ਵੱਡੀ ਆਰਥਕ ਸ਼ਕਤੀ ਵਜੋਂ ਉੱਭਰ ਕੇ ਸਾਹਮਣੇ ਆ ਜਾਵੇਗਾ। ਇਸ ਲਈ ਉਹ ਤੇਜ਼ ਗਤੀ ਨਾਲ ਕੁੱਲ ਕੌਮੀ ਪੈਦਾਵਾਰ ਵਿੱਚ ਹੋ ਰਹੇ ਵਾਧੇ ਦਾ ਜ਼ਿਕਰ ਕਰਨਾ ਵੀ ਨਹੀਂ ਭੁੱਲਦੇ। ਉਹ ਇਹ ਵੀ ਕਹਿੰਦੇ ਹਨ ਕਿ ਸੂਚਨਾ ਤਕਨੀਕ ਦੇ ਮਾਮਲੇ ਵਿੱਚ ਭਾਰਤ ਇੱਕ ਅਹਿਮ ਤਾਕਤ ਵੱਜੋਂ ਉੱਭਰਿਆ ਹੈ। ਸਾਡੇ ਦੇਸ ਦੀ ਜੁਆਨੀ ਇਸ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਉਣ ਦੇ ਸਮਰੱਥ ਹੈ।
ਜੇ ਅਸੀਂ ਅੱਜ ਸੰਸਾਰ ਦੇ ਸਭ ਤੋਂ ਵੱਧ ਵਿਕਸਤ ਦੇਸਾਂ ਨਾਲ ਆਪਣੇ ਦੇਸ ਦੀ ਤੁਲਨਾ ਕਰੀਏ ਤਾਂ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਯੋਰਪ ਦੇ ਵਿਕਸਤ ਦੇਸਾਂ ਤੇ ਅਮਰੀਕਾ ਦੀ ਗੱਲ ਨਾ ਵੀ ਕਰੀਏ ਤਾਂ ਜਾਪਾਨ ਤੇ ਚੀਨ ਵਿਕਾਸ ਦੇ ਮਾਮਲੇ ਵਿੱਚ ਬਹੁਤ ਅੱਗੇ ਨਿਕਲ ਚੁੱਕੇ ਹਨ। ਚੀਨ, ਜਿਸ ਨੇ ਚਿਆਂਗ ਕਾਈ ਸ਼ੇਕ ਦੀ ਤਾਨਾਸ਼ਾਹੀ ਤੋਂ ਨਿਜਾਤ ਹਾਸਲ ਕਰ ਕੇ ਤਕਰੀਬਨ ਸਾਡੇ ਨਾਲ ਹੀ ਵਿਕਾਸ ਦਾ ਮਾਰਗ ਅਪਣਾਇਆ ਸੀ, ਅੱਜ ਸੰਸਾਰ ਦੀ ਦੂਜੀ ਵੱਡੀ ਸ਼ਕਤੀ ਬਣ ਕੇ ਉੱਭਰ ਆਇਆ ਹੈ ਤੇ ਸਭ ਤੋਂ ਵੱਧ ਬਦੇਸ਼ੀ ਸਿੱਕੇ ਦੇ ਭੰਡਾਰਾਂ ਦਾ ਸੁਆਮੀ ਵੀ ਉਹੋ ਹੈ। ਜਾਪਾਨ ਨੂੰ ਹੁਣ ਚਾਹੇ ਦੂਜੀ ਵੱਡੀ ਆਰਥਕ ਮਹਾਂਸ਼ਕਤੀ ਵਾਲਾ ਮੁਰਾਤਬਾ ਹਾਸਲ ਨਹੀਂ ਰਿਹਾ, ਪਰ ਉਹ ਅੱਜ ਵੀ ਸੰਸਾਰ ਦੀ ਤੀਜੀ ਵੱਡੀ ਆਰਥਕ ਸ਼ਕਤੀ ਹੈ।
ਹੁਣੇ-ਹੁਣੇ ਜਾਪਾਨ ਤੋਂ ਦੋ ਅਹਿਮ ਖ਼ਬਰਾਂ ਇਲੈਕਟਰਾਨਿਕ ਤੇ ਪ੍ਰਿੰਟ ਮੀਡੀਆ ਰਾਹੀਂ ਨਸ਼ਰ ਹੋਈਆਂ ਹਨ। ਪਹਿਲੀ ਖ਼ਬਰ ਵਿੱਚ ਇਹ ਕਿਹਾ ਗਿਆ ਹੈ ਕਿ ਉੱਥੋਂ ਦੀ ਇੱਕ ਨਾਮਣੇ ਵਾਲੀ ਕੰਪਨੀ ਨੇ ਇੱਕ ਸੌ ਛੱਬੀ ਨਵੀਂਆਂ ਪੋਸਟਾਂ ਲਈ ਇਸ਼ਤਿਹਾਰ ਜਾਰੀ ਕੀਤਾ ਸੀ। ਇਹਨਾਂ ਆਸਾਮੀਆਂ ਲਈ ਅਪਲਾਈ ਕਰਨ ਲਈ ਮੰਗੀਆਂ ਅਰਜ਼ੀਆਂ ਕੇਵਲ ਸੌ ਹੀ ਪਹੁੰਚੀਆਂ। ਇਹ ਕੋਈ ਸਧਾਰਨ ਪੋਸਟਾਂ ਨਹੀਂ ਸਨ, ਸਗੋਂ ਇਹਨਾਂ ਲਈ ਉਜਰਤਾਂ ਤੇ ਭੱਤੇ ਵੀ ਆਮ ਮਿਆਰ ਤੋਂ ਉੱਪਰ ਦੇਣ ਦਾ ਕੰਪਨੀ ਵੱਲੋਂ ਐਲਾਨ ਕੀਤਾ ਗਿਆ ਸੀ।
ਦੂਜੀ ਖ਼ਬਰ ਇਹ ਹੈ ਕਿ ਰਾਜਧਾਨੀ ਟੋਕੀਓ ਵਿੱਚ ਚੱਲਣ ਵਾਲੀ ਇੱਕ ਲੋਕਲ ਟਰੇਨ ਆਪਣੇ ਨਿਰਧਾਰਤ ਸਮੇਂ ਤੋਂ ਵੀਹ ਸੈਕਿੰਡ ਪਹਿਲਾਂ ਹਰੀ ਝੰਡੀ ਮਿਲਣ 'ਤੇ ਤੁਰ ਪਈ। ਇਸ ਦੀ ਉੱਥੋਂ ਦੇ ਮੀਡੀਆ ਵਿੱਚ ਖ਼ੂਬ ਚਰਚਾ ਹੋਈ ਤੇ ਇਸ ਲੋਕਲ ਰੇਲ ਸੇਵਾ ਦਾ ਸੰਚਾਲਨ ਕਰਨ ਵਾਲੀ ਨਿੱਜੀ ਕੰਪਨੀ ਨੇ ਇਸ ਅਣਗਹਿਲੀ ਲਈ ਮੁਆਫ਼ੀ ਮੰਗੀ। ਕੰਪਨੀ ਨੇ ਇਹ ਇਕਰਾਰ ਵੀ ਕੀਤਾ ਕਿ ਭਵਿੱਖ ਵਿੱਚ ਅਜਿਹਾ ਕਦੇ ਵੀ ਨਹੀਂ ਹੋਵੇਗਾ। ਇਸ ਖ਼ਬਰਨਾਮੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਆਇਆ ਕਿ ਜਾਪਾਨ ਵਿੱਚ ਕਈ ਦਹਾਕਿਆਂ ਤੋਂ ਨਾ ਕੋਈ ਰੇਲ ਗੱਡੀ ਲੇਟ ਹੋਈ ਹੈ ਤੇ ਨਾ ਮੁਸਾਫ਼ਰਾਂ ਦੀ ਇਸ ਸੰਬੰਧ ਵਿੱਚ ਕੋਈ ਸ਼ਿਕਾਇਤ ਦਰਜ ਹੋਈ ਹੈ।
ਕੁਝ ਸਮਾਂ ਪਹਿਲਾਂ ਜਦੋਂ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਭਾਰਤ ਦੀ ਫੇਰੀ 'ਤੇ ਆਏ ਸਨ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਮਗਰੋਂ ਇੱਕ ਸਮਝੌਤੇ ਉੱਤੇ ਦਸਤਖਤ ਹੋਏ ਸਨ, ਜਿਸ ਵਿੱਚ ਕਿਹਾ ਗਿਆ ਸੀ ਕਿ ਅਹਿਮਦਾਬਾਦ ਤੋਂ ਮੁੰਬਈ ਤੱਕ ਜਾਪਾਨ ਦੀ ਸਰਕਾਰ ਇੱਕ ਸੁਪਰ ਸਪੀਡ ਵਾਲੀ ਟਰੇਨ ਵਿਵਸਥਾ ਸਥਾਪਤ ਕਰੇਗੀ। ਇਹ ਟਰੇਨ ਪਹਿਲਾਂ ਨਾਲੋਂ ਅੱਧੇ ਸਮੇਂ ਵਿੱਚ ਇਹ ਸਫ਼ਰ ਤੈਅ ਕਰੇਗੀ।
ਇਸ ਤੋਂ ਕੁਝ ਦਿਨ ਮਗਰੋਂ ਹੀ ਉੱਤਰ ਪ੍ਰਦੇਸ਼ ਵਿੱਚ ਇੱਕ ਨਹੀਂ, ਅੱਗੜ-ਪਿੱਛੜ ਦੋ ਅਜਿਹੇ ਰੇਲ ਹਾਦਸੇ ਵਾਪਰੇ, ਜਿਨ੍ਹਾਂ ਵਿੱਚ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ। ਕਾਰਨ ਇਸ ਦਾ ਇਹ ਦੱਸਿਆ ਗਿਆ ਕਿ ਰੇਲ ਲਾਈਨਾਂ ਵਿੱਚ ਤਰੇੜਾਂ ਆਈਆਂ ਹੋਈਆਂ ਸਨ। ਉਪਰੰਤ ਮਹਾਂਨਗਰੀ ਮੁੰਬਈ ਤੋਂ ਇਹ ਦਰਦਨਾਕ ਖ਼ਬਰ ਆ ਗਈ ਕਿ ਇੱਕ ਸਦੀ ਪੁਰਾਣੇ ਓਵਰ ਬ੍ਰਿਜ ਤੋਂ ਲੰਘਣ ਸਮੇਂ ਭੀੜ ਕਾਰਨ ਭਗਦੜ ਮੱਚ ਗਈ ਤੇ ਤੇਈ ਤੋਂ ਵੱਧ ਕੀਮਤੀ ਜਾਨਾਂ ਚਲੀਆਂ ਗਈਆਂ। ਸਬੱਬੀਂ ਨਵੇਂ ਰੇਲ ਮੰਤਰੀ ਪਿਊਸ਼ ਗੋਇਲ ਇੱਕ ਸਮਾਰੋਹ ਵਿੱਚ ਹਿੱਸਾ ਲੈਣ ਲਈ ਮੁੰਬਈ ਗਏ ਹੋਏ ਸਨ। ਉਨ੍ਹਾ ਨੂੰ ਝੱਟ ਇਹ ਐਲਾਨ ਕਰਨਾ ਪਿਆ ਕਿ ਸਾਰੇ ਵੇਲਾ-ਵਿਹਾਅ ਚੁੱਕੇ ਓਵਰ ਬ੍ਰਿਜਾਂ ਦੀ ਮੁੜ ਉਸਾਰੀ ਕੀਤੀ ਜਾਵੇਗੀ ਤੇ ਮੁਸਾਫ਼ਰਾਂ ਦੀ ਸਹੂਲਤ ਲਈ ਐਲੀਵੇਟਰ ਵੀ ਲਾਏ ਜਾਣਗੇ। ਸਾਡੀ ਰੇਲ ਵਿਵਸਥਾ ਦੀ ਹਾਲਤ ਅੱਜ ਇਹ ਹੈ ਕਿ ਆਮ ਪੈਸੰਜਰ ਗੱਡੀਆਂ ਦੀ ਤਾਂ ਗੱਲ ਛੱਡੋ, ਐਕਸਪ੍ਰੈੱਸ, ਮੇਲ ਹੀ ਨਹੀਂ, ਸੁਪਰ ਫ਼ਾਸਟ ਟਰੇਨਾਂ ਵੀ ਕਈ-ਕਈ ਘੰਟਿਆਂ ਮਗਰੋਂ ਹੀ ਆਪਣੇ ਨਿਰਧਾਰਤ ਸਥਾਨ 'ਤੇ ਪੁੱਜਦੀਆਂ ਹਨ। ਕਈ ਵਾਰ ਤਾਂ ਗੱਡੀਆਂ ਨੂੰ ਕੈਂਸਲ ਤੱਕ ਕਰ ਦਿੱਤਾ ਜਾਂਦਾ ਹੈ। ਅਫ਼ਸੋਸ ਵਾਲੀ ਗੱਲ ਇਹ ਹੈ ਕਿ ਕਈ-ਕਈ ਦਿਨ ਪਹਿਲਾਂ ਸੀਟਾਂ ਰਾਖਵੀਆਂ ਕਰਵਾ ਚੁੱਕੇ ਮੁਸਾਫ਼ਰਾਂ ਨੂੰ ਇਸ ਸੰਬੰਧੀ ਜਾਣਕਾਰੀ ਰੇਲਵੇ ਸਟੇਸ਼ਨ 'ਤੇ ਪੁੱਜਣ ਮਗਰੋਂ ਹੀ ਮਿਲਦੀ ਹੈ।
ਜਿੱਥੋਂ ਤੱਕ ਰੁਜ਼ਗਾਰ ਦਾ ਸੰਬੰਧ ਹੈ, ਇਸ ਬਾਰੇ ਵੀ ਅਸੀਂ ਲਗਾਤਾਰ ਪਛੜਦੇ ਜਾ ਰਹੇ ਹਾਂ। ਪ੍ਰਧਾਨ ਮੰਤਰੀ ਦਾ ਹਰ ਸਾਲ ਦੋ ਕਰੋੜ ਨੌਜੁਆਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਵੀ ਹੁਣ ਇੱਕ ਜੁਮਲਾ ਬਣ ਕੇ ਰਹਿ ਗਿਆ ਹੈ। ਕਿਸੇ ਵਿਭਾਗ ਵਿੱਚ ਗਿਣਤੀ ਦੀਆਂ ਆਸਾਮੀਆਂ ਲਈ ਵੀ ਸੈਂਕੜੇ ਨਹੀਂ, ਹਜ਼ਾਰਾਂ ਅਰਜ਼ੀਆਂ ਪਹੁੰਚ ਜਾਂਦੀਆਂ ਹਨ। ਇਸ ਦੀ ਤਾਜ਼ਾ ਮਿਸਾਲ ਅੱਜ ਦੀਆਂ ਅਖ਼ਬਾਰਾਂ ਵਿੱਚ ਛਪੀ ਖ਼ਬਰ ਤੋਂ ਸਾਹਮਣੇ ਆ ਜਾਂਦੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੁਝ ਕਲਰਕਾਂ ਦੀਆਂ ਆਸਾਮੀਆਂ ਲਈ ਅਰਜ਼ੀਆਂ ਮੰਗੀਆਂ ਸਨ। ਇਸ ਲਈ ਉਮੀਦਵਾਰਾਂ ਨੂੰ ਲਿਖਤੀ ਟੈੱਸਟ ਦੇਣ ਲਈ ਜਲੰਧਰ-ਲੁਧਿਆਣਾ ਕੌਮੀ ਸ਼ਾਹਰਾਹ 'ਤੇ ਸਥਿਤ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਵਿਖੇ ਪਹੁੰਚਣ ਲਈ ਕਿਹਾ ਗਿਆ ਸੀ। ਟੈੱਸਟ ਵਾਲੇ ਦਿਨ ਦਸ ਹਜ਼ਾਰ ਦੇ ਕਰੀਬ ਉਮੀਦਵਾਰ ਪਹੁੰਚੇ ਤੇ ਉਨ੍ਹਾਂ ਦੀ ਆਵਾਜਾਈ ਕਾਰਨ ਇੱਕ ਮੀਲ ਲੰਮਾ ਜਾਮ ਲੱਗ ਗਿਆ।
ਉਪਰੋਕਤ ਤੋਂ ਇਹ ਗੱਲ ਝੱਟ ਸਮਝ ਪੈ ਜਾਂਦੀ ਹੈ ਕਿ ਸਾਡੇ ਦੇਸ ਵਿੱਚ ਨੌਜੁਆਨ ਪੀੜ੍ਹੀ ਨੂੰ ਰੁਜ਼ਗਾਰ ਪ੍ਰਾਪਤੀ ਲਈ ਕਿਨ੍ਹਾਂ ਮੁਸ਼ਕਲ ਹਾਲਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਡੇ ਸ਼ਾਸਕ ਹਨ ਕਿ ਉਹ ਇਹਨਾਂ ਊਣਤਾਈਆਂ ਨੂੰ ਅਣਡਿੱਠ ਕਰਦਿਆਂ ਹੋਇਆਂ ਲੋਕਾਂ ਨੂੰ ਭਾਰਤ ਨੂੰ ਚੌਥੀ ਆਰਥਕ ਮਹਾਂ-ਸ਼ਕਤੀ ਬਣਾਉਣ ਦੇ ਦਾਅਵਿਆਂ ਨਾਲ ਭਰਮਾਉਣ ਦੇ ਆਹਰ ਵਿੱਚ ਲੱਗੇ ਹੋਏ ਹਨ।