ਗੁਜਰਾਤ 'ਚ ਨਹੀਂ ਚੱਲੇਗੀ ਪਦਮਾਵਤੀ


ਅਹਿਮਦਾਬਾਦ (ਨਵਾਂ ਜ਼ਮਾਨਾ ਸਰਵਿਸ)
ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਣੀ ਨੇ ਕਿਹਾ ਕਿ ਸੰਜੈ ਲੀਲਾ ਭੰਸਾਲੀ ਦੁਆਰਾ ਨਿਰਦੇਸ਼ਿਤ ਫ਼ਿਲਮ ਪਦਮਾਵਤੀ ਗੁਜਰਾਤ 'ਚ ਰਿਲੀਜ਼ ਨਹੀਂ ਕੀਤੀ ਜਾਵੇਗੀ। ਰਿਲੀਜ਼ ਤੋਂ ਪਹਿਲਾਂ ਹੀ ਇਹ ਫ਼ਲਮ ਹਰ ਪਾਸਿਓਂ ਵਿਵਾਦਾਂ 'ਚ ਹੈ। ਫ਼ਿਲਮ ਦੇ ਵਿਸ਼ੇ ਨੂੰ ਲੈ ਕੇ ਰਾਜਪੂਤ ਭਾਈਚਾਰੇ ਨੇ ਆਪਣਾ ਇਤਰਾਜ਼ ਪ੍ਰਗਟਾਇਆ ਹੈ। ਖਾਸਕਰ ਰਾਜਸਥਾਨ 'ਚ ਕਰਣੀ ਸੈਨਾ ਵੱਲੋਂ ਲਗਤਾਰ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ।
ਇੱਕ ਟੀ ਵੀ ਚੈਨਲ ਨੂੰ ਦਿੱਤੀ ਇੰਟਰਵਿਊ 'ਚ ਵਿਜੈ ਰੂਪਾਣੀ ਨੇ ਕਿਹਾ ਕਿ ਇਹ ਕਾਨੂੰਨ ਵਿਵਸਥਾ ਨਾਲ ਜੁੜਿਆ ਮਾਮਲਾ ਹੈ ਅਤੇ ਵਰਤਮਾਨ ਹਾਲਾਤ 'ਚ ਫ਼ਿਲਮ ਨੂੰ ਗੁਜਰਾਤ ਵਿੱਚ ਰਿਲੀਜ਼ ਨਹੀਂ ਕੀਤਾ ਜਾਵੇਗਾ। ਗੁਜਰਾਤ 'ਚ ਅਗਲੇ ਮਹੀਨੇ ਹੀ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਕਾਂਗਰਸ ਨੇਤਾ ਸ਼ਕਤੀ ਸਿੰਘ ਗੋਹਿਲ ਨੇ ਵੀ ਇਸ ਦਾ ਵਿਰੋਧ ਕੀਤਾ ਹੈ। ਸੀ ਐੱਮ ਰੂਪਾਣੀ ਨੇ ਕਿਹਾ ਕਿ ਫ਼ਿਲਮ 'ਚੋਂ ਵਿਵਾਦਿਤ ਦ੍ਰਿਸ਼ ਹਟਾਏ ਜਾਣੇ ਚਾਹੀਦੇ ਹਨ। ਇਸ ਤੋਂ ਬਾਅਦ ਇਸ ਨੂੰ ਰਿਲੀਜ਼ ਕੀਤਾ ਜਾਣਾ ਚਾਹੀਦਾ ਹੈ। ਰਾਜਪੂਤ ਭਾਈਚਾਰੇ ਨਾਲ ਜੁੜੇ ਸੰਗਠਨਾਂ ਦਾ ਦੋਸ਼ ਹੈ ਕਿ ਪਦਮਾਵਤੀ ਫ਼ਿਲਮ 'ਚ ਇਤਿਹਾਸਕ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਫ਼ਿਲਮ 'ਚ ਪਦਮਾਵਤੀ ਦਾ ਕਿਰਦਾਰ ਚਿਤੌੜਗੜ੍ਹ ਦੀ ਰਾਣੀ ਪਦਮਨੀ ਤੋਂ ਪ੍ਰੇਰਿਤ ਦੱਸਿਆ ਜਾਂਦਾ ਹੈ। ਇਸ ਤੋਂ ਪਹਿਲਾਂ ਯੂ ਪੀ, ਐਮ ਪੀ, ਪੰਜਾਬ ਅਤੇ ਰਾਜਸਥਾਨ 'ਚ ਵੀ ਫ਼ਿਲਮ ਨੂੰ ਹਰੀ ਝੰਡੀ ਨਹੀਂ ਮਿਲੀ। ਯੂ ਪੀ ਸਰਕਾਰ ਨੇ ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਨੂੰ ਲਿਖੇ ਪੱਤਰ 'ਚ ਫ਼ਿਲਮ ਨੂੰ ਸ਼ਾਤੀ ਲਈ ਵੱਡਾ ਖ਼ਤਰਾ ਦੱਸਿਆ ਸੀ। ਇਸੇ ਤਰ੍ਹਾਂ ਰਾਜਸਥਾਨ ਦੀ ਮੁੱਖ ਮੰਤਰੀ ਵਸੂੰਧਰਾ ਰਾਜੇ ਨੇ ਵੀ ਕਿਹਾ ਸੀ ਕਿ ਜਦ ਤੱਕ ਪਦਮਾਵਤੀ 'ਚ ਜ਼ਰੂਰੀ ਬਦਾਅ ਨਹੀਂ ਕੀਤੇ ਜਾਂਦੇ, ਇਸ ਫ਼ਿਲਮ ਨੂੰ ਰਾਜਸਥਾਨ 'ਚ ਰਿਲੀਜ਼ ਨਹੀਂ ਕੀਤਾ ਜਾਵੇਗਾ।