ਬੁਗਤੀ ਨੂੰ ਸ਼ਰਨ ਦੇਵੇਗਾ ਭਾਰਤ


ਨਵੀਂ ਦਿੱਲੀ, (ਨਵਾਂ ਜ਼ਮਾਨਾ ਸਰਵਿਸ)
ਪਾਕਿਸਤਾਨ ਦੀ ਅਦਾਲਤ ਨੇ ਇੱਕ ਪਾਸੇ ਅੱਤਵਾਦੀ ਹਾਫਿਜ਼ ਸਈਦ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ, ਜਦ ਕਿ ਦੂਜੇ ਪਾਸੇ ਪਾਕਿਸਤਾਨ ਤੋਂ ਜਲਾਵਤਨ ਬਲੋਚ ਆਗੂ ਬ੍ਰਹਮਾਦਾਗ ਬੁਗਤੀ ਦੀ ਸ਼ਰਨ ਦੀ ਅਰਜ਼ੀ ਨੂੰ ਸਵਿੱਟਜ਼ਰਲੈਂਡ ਨੇ ਰੱਦ ਕਰ ਦਿੱਤਾ ਹੈ। ਇਹ ਦੋਵੇਂ ਫੈਸਲੇ ਇੱਕੋ ਦਿਨ ਆਏ ਹਨ। ਬਲੋਚਾਂ ਦੇ ਅਧਿਕਾਰਾਂ ਦੀ ਲੜਾਈ ਲੜ ਰਹੇ ਬੁਗਤੀ ਦੀ ਸ਼ਰਨ ਦੀ ਅਰਜ਼ੀ ਨੂੰ ਸਵਿੱਟਜ਼ਰਲੈਂਡ ਸਰਕਾਰ ਨੇ ਰੱਦ ਕਰ ਦਿੱਤਾ ਹੈ। ਹਾਫਿਜ਼ ਸਈਦ ਦੀ ਰਿਹਾਈ ਭਾਰਤ ਲਈ ਚਿੰਤਾ ਦਾ ਸਬੱਬ ਬਣ ਸਕਦੀ ਹੈ। ਬੁਗਤੀ ਨੇ ਇਸੇ ਸਾਲ ਜਨਵਰੀ 'ਚ ਭਾਰਤ 'ਚ ਸ਼ਰਨ ਲੈਣ ਲਈ ਵੀ ਅਰਜ਼ੀ ਦਿੱਤੀ ਸੀ, ਪਰ ਉਸ ਵੇਲੇ ਭਾਰਤ ਨੇ ਪਾਕਿਸਤਾਨ ਦੇ ਨਵੇਂ ਫੌਜ ਮੁਖੀ ਚੁਣੇ ਜਾਣ ਬਾਅਦ ਸੰਬੰਧਾਂ 'ਚ ਸੁਧਾਰ ਦੀ ਉਮੀਦ ਨਾਲ ਉਸ ਦੀ ਅਰਜ਼ੀ ਬਾਰੇ ਵਿਚਾਰ ਨਹੀਂ ਕੀਤਾ ਸੀ। ਹੁਣ ਸੰਬੰਧਾਂ 'ਚ ਸੁਧਾਰ ਦੀ ਬਜਾਏ ਦੋਵਾਂ ਮੁਲਕਾਂ ਵਿਚਾਲੇ ਸੰਬੰਧ ਤਣਾਅ ਵਾਲੇ ਬਣੇ ਹੋਏ ਹਨ। ਅਜਿਹੇ 'ਚ ਖਬਰ ਆ ਰਹੀ ਹੈ ਕਿ ਭਾਰਤ ਸਈਦ ਦੀ ਰਿਹਾਈ ਦੇ ਜਵਾਬ 'ਚ ਬੁਗਤੀ ਨੂੰ ਸ਼ਰਨ ਦੇਣ ਦਾ ਫੈਸਲਾ ਲੈ ਸਕਦਾ ਹੈ। ਬੁਗਤੀ ਬਲੋਚ ਰਿਪਬਲਿਕਨ ਪਾਰਟੀ ਦੇ ਬਾਨੀ ਹਨ, ਜੋ ਕਿ ਪਾਕਿਸਤਾਨ ਤੋਂ ਬਲੋਚਿਸਤਾਨ ਦੀ ਆਜ਼ਾਦੀ ਦੀ ਮੰਗ ਕਰ ਰਹੇ ਹਨ। ਉਹਨਾ ਦੇ ਦਾਦਾ ਦੀ ਪਾਕਿਸਤਾਨ ਦੀ ਫੌਜ ਨੇ ਹੱਤਿਆ ਕਰ ਦਿੱਤੀ ਸੀ।