ਗਦਰ ਦੀਆਂ ਗੂੰਜਾਂ ਪਾਉਂਦਾ ਸਮਾਪਤ ਹੋਇਆ ਗਦਰੀ ਬਾਬਾ ਸੁੱਚਾ ਸਿੰਘ ਯਾਦਗਾਰੀ ਮੇਲਾ


ਚੋਹਲਾ ਸਾਹਿਬ (ਰਮਨ ਚੱਢਾ)
ਗਦਰ ਲਹਿਰ ਦੇ ਮਹਾਨ ਨਾਇਕ ਬਾਬਾ ਸੁੱਚਾ ਸਿੰਘ ਚੋਹਲਾ ਸਾਹਿਬ ਦੀ ਯਾਦ ਨੂੰ ਸਮਰਪਿਤ ਸੱਤਵਾਂ ਯਾਦਗਾਰੀ ਮੇਲਾ ਗਦਰ ਦੀਆਂ ਗੂੰਜਾਂ ਪਾਉਂਦਾ ਅਤੇ ਅਜੋਕੀ ਵਿਵਸਥਾ ਨੂੰ ਬਦਲਣ ਦਾ ਹੋਕਾ ਦਿੰਦਾ ਹੋਇਆ ਦਰਸ਼ਕਾਂ ਦੀ ਸੋਚ ਨੂੰ ਟੁੰਬਣ ਵਿੱਚ ਸਫਲ ਰਿਹਾ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀ ਅਰਦਾਸ ਤੋਂ ਪਿੱਛੋਂ ਇਲਾਕੇ ਦੀਆਂ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਦੇ ਵਿਦਿਅਕ ਅਤੇ ਸੱਭਿਆਚਾਰਕ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਲਿਆ ।
ਵਰਣਨਯੋਗ ਹੈ ਕਿ ਅਜੋਕੇ ਲਚਰ ਗਾਇਕੀ ਦੇ ਮੁਕਾਬਲੇ ਵਿਦਿਆਰਥੀਆਂ ਨੇ ਜਿੱਥੇ ਗਦਰੀ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਸਫਲ ਮੰਚਨ ਕੀਤਾ, ਉਥੇ ਸਮਾਜ ਵਿੱਚ ਫੈਲੇ ਵਹਿਮਾਂ- ਭਰਮਾਂ ਖਿਲਾਫ ਸਮਾਜ ਨੂੰ ਜਾਗਰਤ ਕੀਤਾ।
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਅਜੋਕੀ ਰਾਜਸੀ ਵਿਵਸਥਾ ਅਧੀਨ ਮਿਹਨਤਕਸ਼ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਖਿਲਾਫ ਇੱਕਮੁੱਠ ਹੋ ਕੇ ਗਦਰੀ ਬਾਬਿਆਂ ਦੇ ਅਧੂਰੇ ਸੁਪਨੇ ਪੂਰੇ ਕਰਨ ਦਾ ਹੋਕਾ ਦਿੱਤਾ।
ਉੱਘੇ ਇਤਿਹਾਸਕਾਰ ਚਰੰਜੀ ਲਾਲ ਕੰਗਣੀਵਾਲ ਨੇ ਭਾਜਪਾ ਅਤੇ ਆਰ ਐੱਸ ਐੱਸ ਦੇ ਭਗਵਾਂਕਰਨ ਦੇ ਹਮਲੇ ਅਤੇ ਘੱਟ ਗਿਣਤੀਆਂ 'ਤੇ ਹੋ ਰਹੇ ਫਾਸ਼ੀ ਜ਼ੁਲਮਾਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਲੋਕਾਂ ਨੂੰ ਆਪਣੇ ਜੁਝਾਰੂ ਵਿਰਸੇ ਨਾਲ ਜੁੜਨ ਦੀ ਅਪੀਲ ਕੀਤੀ।
ਰਣਜੀਤ ਸਿੰਘ ਟਰੱਸਟੀ ਨੇ ਨਸ਼ਿਆਂ ਨਾਲ ਬਦਹਾਲ ਹੋਈ ਜਵਾਨੀ ਅਤੇ ਖੁਦਕੁਸ਼ੀਆਂ ਦੇ ਰਾਹ ਪਈ ਕਿਸਾਨੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਹਾਲਤ ਗਦਰ ਪਾਰਟੀ ਦੀ ਸਥਾਪਤੀ ਵਾਲੀ ਬਣ ਚੁੱਕੀ ਹੈ ਅਤੇ ਅੱਜ ਫਿਰ ਗਦਰ ਪਾਰਟੀ ਦੀ ਸੋਚ ਬਾਬਿਆਂ ਦੇ ਅਧੂਰੇ ਕਾਰਜ ਪੂਰੇ ਕਰਨ ਲਈ ਸਾਨੂੰ ਵੰਗਾਰ ਰਹੀ ਹੈ।
ਵਿਦਿਆਰਥੀਆਂ ਦੇ ਮੁਕਾਬਲਿਆਂ ਵਿੱਚੋ ਕਵਿਤਾ ਅਤੇ ਕਵੀਸ਼ਰੀ ਗਾਇਨ ਵਿੱਚ ਖਾਲਸਾ ਕਾਲਜੀਏਟ ਸੀਨੀ. ਸੈਕੰ. ਸਕੂਲ ਦੇ ਵਿਦਿਆਰਥੀ ਪਹਿਲੇ, ਨਿਊ ਲਾਇਫ ਪਬਲਿਕ ਸਕੂਲ ਦੇ ਵਿਦਿਆਰਥੀ ਦੂਜੇ ਅਤੇ ਇਸੇ ਹੀ ਸਕੂਲ ਦੀਆਂ ਵਿਦਿਆਰਥਣਾਂ ਤੀਜੇ ਸਥਾਨ 'ਤੇ ਰਹੀਆਂ।
ਕੋਰਿਓਗ੍ਰਾਫੀ ਦੇ ਦਿਲਚਸਪ ਮੁਕਾਬਲਿਆਂ ਵਿੱਚ ਖਾਲਸਾ ਕਾਲਜੀਏਟ ਸਕੂਲ ਦੀ ਟੀਮ ਪਹਿਲੇ, ਨਿਊ ਲਾਈਫ ਪਬਲਿਕ ਸਕੂਲ ਦੀ ਟੀਮ ਦੂਜੇ ਅਤੇ ਗੁਰੂ ਹਰਗੋਬਿੰਦ ਸਕੂਲ ਵੱਟੂ ਭੱਟੀ (ਫਿਰੋਜ਼ਪੁਰ) ਦੀ ਟੀਮ ਤੀਸਰੇ ਸਥਾਨ 'ਤੇ ਰਹੀ। ਆਮ ਗਿਆਨ ਦੇ ਪ੍ਰਾਇਮਰੀ ਪੱਧਰੀ ਮੁਕਾਬਲਿਆਂ ਵਿੱਚ ਗੁਰਪ੍ਰੀਤ ਕੌਰ ਰਿਪਬਲਿਕ ਮਾਡਰਨ ਸਕੂਲ ਪਹਿਲੇ, ਮਲਕਪ੍ਰੀਤ ਕੌਰ ਸਨਰਾਈਜ਼ ਪਬਲਿਕ ਸਕੂਲ ਦੂਜੇ ਅਤੇ ਜਸਦੀਪ ਕੌਰ ਰਿਪਬਲਿਕ ਮਾਡਰਨ ਸਕੂਲ ਨੇ ਤੀਸਰਾ ਸਥਾਨ ਹਾਸਲ ਕੀਤਾ।
ਦਸਵੀਂ ਜਮਾਤ ਪੱਧਰ 'ਤੇ ਆਮ ਗਿਆਨ ਮੁਕਾਬਲਿਆਂ ਵਿੱਚ ਪ੍ਰਭਦੀਪ ਕੌਰ ਸਰਕਾਰੀ ਕੰਨਿਆ ਸੀਨੀ. ਸੈਕੰ. ਸਕੂਲ ਚੋਹਲਾ ਸਾਹਿਬ ਪਹਿਲੇ, ਹਰਪ੍ਰੀਤ ਸਿੰਘ ਵੱਟੂ ਭੱਟੀ ਦੂਜੇ ਅਤੇ ਦਵਿੰਦਰ ਸਿੰਘ ਰਿਪਬਲਿਕ ਮਾਡਰਨ ਸਕੂਲ ਨੇ ਤੀਸਰਾ ਸਥਾਨ ਹਾਸਲ ਕੀਤਾ।
ਸਟੇਜ ਸਕੱਤਰ ਦੀ ਭੂਮਿਕਾ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਟਰੱਸਟੀ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਬਾਖੂਬੀ ਨਿਭਾਈ। ਜੱਜਾਂ ਦੀ ਭੂਮਿਕਾ ਸ਼ਿੰਗਾਰਾ ਸਿੰਘ, ਤਲਵੀਰ ਸਿੰਘ, ਸੁਖਵਿੰਦਰ ਸਿੰਘ ਖਾਰਾ ਅਤੇ ਗੁਰਮੇਜ ਸਿੰਘ ਨੇ ਨਿਭਾਈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟ ਦੇ ਮੈਂਬਰਾਂ ਅਤੇ ਗਦਰੀ ਬਾਬਾ ਸੁੱਚਾ ਸਿੰਘ ਯਾਦਗਾਰ ਕਮੇਟੀ ਦੇ ਮੈਂਬਰਾਂ ਨੇ ਜੇਤੂ ਵਿਦਿਆਰਥੀਆਂ ਅਤੇ ਗਦਰੀ ਸ਼ਹੀਦਾਂ ਦੇ ਪਰਵਾਰਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਗਦਰ ਪਾਰਟੀ ਨਾਲ ਸੰਬੰਧਤ ਸਾਹਿਤ ਦੀਆਂ ਕਿਤਾਬਾਂ ਦੇ ਕੇ ਸਨਮਾਨਤ ਕੀਤਾ। ਸਾਬਕਾ ਡੀ ਆਈ ਜੀ ਚਰਨਜੀਤ ਸਿੰਘ ਬਰਾੜ ਪ੍ਰਧਾਨ ਗਦਰੀ ਬਾਬਾ ਸੁੱਚਾ ਸਿੰਘ ਯਾਦਗਾਰ ਕਮੇਟੀ ਨੇ ਬਾਹਰੋਂ ਆਈਆਂ ਸ਼ਖਸੀਅਤਾਂ, ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਤੋ ਇਲਾਵਾਂ ਪਹੁੰਚੇ ਦਰਸ਼ਕਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਸਤਨਾਮ ਸਿੰਘ, ਕੈਪ: ਸਵਰਨ ਸਿੰਘ, ਸੂਬੇਦਾਰ ਅਮਰੀਕ ਸਿੰਘ, ਸਾਬਕਾ ਬੀ ਈ ਓ ਜੁਗਿੰਦਰ ਸਿੰਘ, ਮੁਖਵਿੰਦਰ ਸਿੰਘ, ਜਗਜੀਤ ਸਿੰਘ ਥਾਣੇਦਾਰ, ਦਲਜੀਤ ਸਿੰਘ ਲਾਲਪੁਰਾ, ਸੁਖਬੀਰ ਸਿੰਘ ਪੰਨੂ, ਹਰਮਨਜੀਤ ਸਿੰਘ ਪੱਖੋਪੁਰ, ਅਵਤਾਰ ਸਿੰਘ ਗਿੱਲ, ਮਹਿਲ ਸਿੰਘ, ਸੁਖਚੈਨ ਸਿੰਘ ਖਾਰਾ ਅਤੇ ਮਾਸਟਰ ਗੁਰਦੀਪ ਸਿੰਘ ਵੀ ਮੌਜੂਦ ਸਨ।