ਧਰਮ ਤੇ ਰਾਜਨੀਤੀ ਦੇ ਸੁਮੇਲ ਦੇ ਨਤੀਜੇ ਭੁਗਤ ਰਿਹਾ ਹੈ ਪਾਕਿਸਤਾਨ

ਅੱਜ ਚਿੰਤਾ ਵਾਲੀ ਗੱਲ ਇਹ ਹੈ ਕਿ ਸਾਡੇ ਦੇਸ ਵਿੱਚ ਵੀ ਸੱਤਾ ਦੇ ਗਲਿਆਰਿਆਂ ਵਿੱਚ ਬਿਰਾਜਮਾਨ ਰਾਜਨੀਤੀਵਾਨ ਤੇ ਉਨ੍ਹਾਂ ਦੇ ਹਮਾਇਤੀ ਧਰਮ ਨੂੰ ਆਪਣੇ ਰਾਜਨੀਤਕ ਹਿੱਤਾਂ ਦੀ ਪੂਰਤੀ ਲਈ ਵਰਤਣ ਲਈ ਸਭ ਸੰਵਿਧਾਨਕ ਪ੍ਰੰਪਰਾਵਾਂ ਨੂੰ ਅਣਡਿੱਠ ਕਰਨ ਦੇ ਰਾਹ ਪਏ ਹੋਏ ਹਨ। ਸਾਨੂੰ ਆਪਣੇ ਗੁਆਂਢੀ ਰਾਜ ਪਾਕਿਸਤਾਨ, ਜਿਹੜਾ ਕੁਝ ਦਹਾਕੇ ਪਹਿਲਾਂ ਤੱਕ ਸਾਡੇ ਦੇਸ ਭਾਰਤ ਦਾ ਹੀ ਹਿੱਸਾ ਸੀ, ਦੇ ਸ਼ਾਸਕਾਂ ਵੱਲੋਂ ਧਰਮ ਨੂੰ ਰਾਜਨੀਤਕ ਹਿੱਤਾਂ ਦੀ ਪੂਰਤੀ ਲਈ ਵਰਤਣ ਕਾਰਨ ਉਸ ਦੇਸ ਤੇ ਉਥੋਂ ਦੀ ਜਨਤਾ ਨੂੰ ਜਿਹੜੇ ਮਾਰੂ ਸਿੱਟੇ ਭੁਗਤਣੇ ਪੈ ਰਹੇ ਹਨ, ਉਨ੍ਹਾਂ ਤੋਂ ਜ਼ਰੂਰ ਸਬਕ ਸਿੱਖਣਾ ਚਾਹੀਦਾ ਹੈ।
ਪਾਕਿਸਤਾਨ ਦੀਆਂ ਤਕਰੀਬਨ ਸਾਰੀਆਂ ਹੀ ਰਾਜਸੀ ਪਾਰਟੀਆਂ ਤੇ ਸਭ ਤੋਂ ਤਾਕਤਵਰ ਧਿਰ ਫ਼ੌਜ ਧਰਮ ਨੂੰ ਆਪਣੇ ਸੌੜੇ ਸੁਆਰਥੀ ਹਿੱਤਾਂ ਦੀ ਪੂਰਤੀ ਲਈ ਵਰਤਦੀ ਆ ਰਹੀ ਹੈ। ਧਰਮ ਆਧਾਰਤ ਰਾਜਨੀਤੀ ਨੇ ਕੇਵਲ ਮੂਲਵਾਦੀ ਮੁੱਲਾਂ-ਮੁਲਾਣਿਆਂ ਨੂੰ ਹੀ ਤਾਕਤ ਨਹੀਂ ਬਖਸ਼ੀ, ਸਗੋਂ ਹੁਣ ਉਸ ਨੇ ਦਹਿਸ਼ਤਗਰਦੀ ਦਾ ਰੂਪ ਵੀ ਧਾਰਨ ਕਰ ਲਿਆ ਹੈ। ਪਾਕਿਸਤਾਨ ਦੇ ਫ਼ੌਜੀ ਤਾਨਾਸ਼ਾਹ ਮਰਹੂਮ ਜ਼ਿਆ ਉੱਲ ਹੱਕ ਨੇ ਤਾਂ ਆਪਣੇ ਸ਼ਾਸਨ ਨੂੰ ਪੱਕੇ ਪੈਰੀਂ ਕਰਨ ਲਈ ਮੁੱਲਾਂ-ਮੁਲਾਣਿਆਂ ਨੂੰ ਰਾਜਨੀਤੀ ਵਿੱਚ ਦਖ਼ਲ ਦੇਣ ਦਾ ਮੌਕਾ ਦੇ ਦਿੱਤਾ ਸੀ। ਹੱਦ ਤਾਂ ਓਦੋਂ ਹੋ ਗਈ, ਜਦੋਂ ਠੰਢੀ ਜੰਗ ਦੇ ਦੌਰ ਵਿੱਚ ਅਫ਼ਗ਼ਾਨਿਸਤਾਨ ਵਿੱਚ ਸੋਵੀਅਤ ਫ਼ੌਜਾਂ ਨੂੰ ਮਾਤ ਦੇਣ ਲਈ ਪਾਕਿਸਤਾਨ ਦੇ ਹਾਕਮਾਂ ਵੱਲੋਂ ਅਮਰੀਕਾ ਤੇ ਸਾਊਦੀ ਅਰਬ ਦੀ ਮਦਦ ਨਾਲ ਮੁਸਲਿਮ ਜਹਾਦੀਆਂ ਨੂੰ ਹਥਿਆਰਬੰਦ ਕਰ ਕੇ ਆਪਣੇ ਮਨੋਰਥਾਂ ਦੀ ਪੂਰਤੀ ਲਈ ਵਰਤਣਾ ਆਰੰਭ ਦਿੱਤਾ ਗਿਆ। ਇਹੋ ਨਹੀਂ, ਉਨ੍ਹਾਂ ਵੱਲੋਂ ਭਾਰਤ ਨੂੰ ਅਸਥਿਰ ਕਰਨ ਤੇ ਕਸ਼ਮੀਰ ਨੂੰ ਹਥਿਆਉਣ ਲਈ ਉਨ੍ਹਾਂ ਦਹਿਸ਼ਤਗਰਦਾਂ ਨੂੰ ਹੀ ਵਰਤਣਾ ਆਰੰਭ ਦਿੱਤਾ ਗਿਆ।
ਅੱਜ ਹਾਲਤ ਇਹ ਹੈ ਕਿ ਮੁਸਲਿਮ ਮੂਲਵਾਦੀ ਤਾਕਤਾਂ ਤੇ ਖ਼ੁਦ ਦਹਿਸ਼ਤਗਰਦ ਪਾਕਿਸਤਾਨ ਦੀ ਆਪਣੀ ਹੋਂਦ ਲਈ ਹੀ ਖ਼ਤਰਾ ਬਣ ਗਏ ਹਨ। ਇਸ ਦਾ ਇੱਕ ਮੁੱਖ ਕਾਰਨ ਇਹ ਵੀ ਹੈ ਕਿ ਜਦੋਂ ਵੀ ਕੋਈ ਲੋਕਾਂ ਦੀ ਚੁਣੀ ਹੋਈ ਸਰਕਾਰ ਫ਼ੌਜੀ ਜਰਨੈਲਾਂ ਦੀ ਈਨ ਮੰਨਣ ਤੋਂ ਇਨਕਾਰੀ ਹੋਣ ਲੱਗੇ ਤਾਂ ਮੁਸਲਿਮ ਮੂਲਵਾਦੀਆਂ ਤੇ ਮੁੱਲਾਂ-ਮੁਲਾਣਿਆਂ ਨੂੰ ਸ਼ਹਿ ਦੇ ਕੇ ਸ਼ਾਸਨ ਨੂੰ ਅਸਥਿਰ ਕਰਨ ਦੇ ਉਪਰਾਲੇ ਆਰੰਭ ਦਿੱਤੇ ਜਾਂਦੇ ਹਨ। ਜ਼ੁਲਫ਼ਿਕਾਰ ਅਲੀ ਭੁੱਟੋ ਦੀ ਚੁਣੀ ਹੋਈ ਸਰਕਾਰ ਨੂੰ ਅਸਥਿਰ ਕਰਨ ਲਈ ਫ਼ੌਜੀ ਜਰਨੈਲਾਂ ਵੱਲੋਂ ਇਹੋ ਹਰਬਾ ਵਰਤਿਆ ਗਿਆ ਸੀ। ਇਹੋ ਪੈਂਤੜਾ ਨਵਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਨੂੰ ਅਸਥਿਰ ਕਰਨ ਲਈ ਵਰਤਿਆ ਗਿਆ, ਪਰ ਫ਼ੌਜ ਦੇ ਜਰਨੈਲਾਂ ਨੂੰ ਇਸ ਵਿੱਚ ਸਫ਼ਲਤਾ ਨਾ ਮਿਲ ਸਕੀ। ਨਵਾਜ਼ ਸ਼ਰੀਫ਼ ਨੂੰ ਅਦਾਲਤੀ ਹੁਕਮਾਂ ਦੇ ਅਨੁਸਾਰ ਆਪਣਾ ਅਹੁਦਾ ਛੱਡਣਾ ਪਿਆ, ਪਰ ਸੱਤਾ ਦੀ ਕਮਾਨ ਮੁਸਲਿਮ ਲੀਗ ਦੇ ਹੱਥਾਂ ਵਿੱਚ ਰਹੀ।
ਇਸ ਸਮੇਂ ਫਿਰ ਕੱਟੜਪੰਥੀ ਤਾਕਤਾਂ ਵੱਲੋਂ ਕੇਂਦਰ ਸਰਕਾਰ ਨੂੰ ਅਸਥਿਰ ਕਰਨ ਦਾ ਸੰਘਰਸ਼ ਆਰੰਭ ਦਿੱਤਾ ਗਿਆ ਹੈ। ਰਾਜਧਾਨੀ ਇਸਲਾਮਾਬਾਦ ਤੋਂ ਲੈ ਕੇ ਵੱਖ-ਵੱਖ ਸ਼ਹਿਰਾਂ ਤੇ ਖ਼ਾਸ ਕਰ ਕੇ ਫ਼ੈਜ਼ਾਬਾਦ ਵਿੱਚ ਜਨੂੰਨੀ ਵਿਖਾਵਾਕਾਰੀਆਂ ਨੇ ਏਨੀ ਤੋੜ-ਫੋੜ ਆਰੰਭੀ ਕਿ ਪੁਲਸ ਨੂੰ ਹਰਕਤ ਵਿੱਚ ਆਉਣਾ ਪਿਆ। ਜਦੋਂ ਪੁਲਸ ਸਥਿਤੀ ਨੂੰ ਕਾਬੂ ਨਾ ਕਰ ਸਕੀ ਤਾਂ ਫ਼ੌਜ ਨੂੰ ਤਲਬ ਕਰਨਾ ਪਿਆ। ਹੁਣ ਤੱਕ ਦੀਆਂ ਖ਼ਬਰਾਂ ਅਨੁਸਾਰ ਇੱਕ ਪੁਲਸ ਅਹਿਲਕਾਰ ਸਮੇਤ ਛੇਆਂ ਦੀ ਮੌਤ ਹੋ ਚੁੱਕੀ ਹੈ ਤੇ ਦੋ ਸੌ ਤੋਂ ਵੱਧ ਨਾਗਰਿਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਤਸ਼ੱਦਦ ਦਾ ਸ਼ਿਕਾਰ ਹੋਏ ਇਹਨਾਂ ਲੋਕਾਂ ਵਿੱਚ ਇੱਕ ਮੈਜਿਸਟਰੇਟ ਤੇ ਦੋ ਪੁਲਸ ਅਫ਼ਸਰ ਵੀ ਸ਼ਾਮਲ ਹਨ। ਇੱਕ ਨਹੀਂ, ਕਈ ਦਰਜਨ ਗੱਡੀਆਂ ਅੱਗ ਦੀ ਭੇਟ ਕਰ ਦਿੱਤੀਆਂ ਗਈਆਂ ਹਨ ਤੇ ਚਾਰੇ ਪਾਸੇ ਅਫ਼ਰਾ-ਤਫ਼ਰੀ ਦਾ ਮਾਹੌਲ ਹੈ।
ਕਈ ਵਿਸ਼ਲੇਸ਼ਣਕਾਰਾਂ ਵੱਲੋਂ ਇਸ ਨੂੰ ਸਰਕਾਰ ਵਿਰੁੱਧ ਖੁੱਲ੍ਹੀ ਬਗ਼ਾਵਤ ਦਾ ਨਾਂਅ ਦਿੱਤਾ ਜਾ ਰਿਹਾ ਹੈ। ਸਥਿਤੀ ਨੂੰ ਕੰਟਰੋਲ ਵਿੱਚ ਰੱਖਣ ਲਈ ਸਰਕਾਰ ਨੇ ਇਲੈਕਟਰਾਨਿਕ ਮੀਡੀਆ ਦੇ ਸਾਰੇ ਚੈਨਲਾਂ ਵੱਲੋਂ ਖ਼ਬਰਾਂ ਨਸ਼ਰ ਕੀਤੇ ਜਾਣ 'ਤੇ ਪਾਬੰਦੀ ਲਾ ਦਿੱਤੀ ਹੈ। ਕੇਬਲ ਅਪਰੇਟਰਾਂ ਨੂੰ ਵੀ ਇਸ ਪਾਬੰਦੀ 'ਤੇ ਅਮਲ ਕਰਨ ਲਈ ਕਿਹਾ ਗਿਆ ਹੈ, ਪਰ ਜਿਸ ਤੇਜ਼ੀ ਨਾਲ ਮੂਲਵਾਦੀ ਅਨਸਰਾਂ ਵੱਲੋਂ ਸਮੁੱਚੇ ਪਾਕਿਸਤਾਨ ਤੇ ਖ਼ਾਸ ਕਰ ਕੇ ਪੰਜਾਬ ਵਿੱਚ ਤਸ਼ੱਦਦ ਭਰਪੂਰ ਕਾਰਵਾਈਆਂ ਆਰੰਭੀਆਂ ਗਈਆਂ ਹਨ, ਉਸ ਤੋਂ ਇਹੋ ਜਾਪਦਾ ਹੈ ਕਿ ਉਨ੍ਹਾਂ ਦਾ ਅਸਲ ਮਕਸਦ ਚੁਣੀ ਹੋਈ ਸਰਕਾਰ ਦਾ ਤਖ਼ਤਾ ਪਲਟ ਕੇ ਫ਼ੌਜ ਨੂੰ ਸੱਤਾ ਸੰਭਾਲਣ ਦਾ ਰਾਹ ਪੱਧਰਾ ਕਰਨਾ ਹੈ।
ਇਹ ਸਥਿਤੀ ਸਾਡੇ ਦੇਸ ਦੇ ਉਨ੍ਹਾਂ ਸਿਆਸਤਦਾਨਾਂ ਲਈ ਵੀ ਇੱਕ ਚੇਤਾਵਨੀ ਹੈ, ਜਿਹੜੇ ਧਰਮ ਦੀ ਰਾਜਨੀਤੀ ਨੂੰ ਵਰਤ ਕੇ ਆਪਣਾ ਆਧਾਰ ਹੋਰ ਮੋਕਲਾ ਕਰਨ ਦੇ ਆਹਰ ਵਿੱਚ ਲੱਗੇ ਹੋਏ ਹਨ।