ਅੱਤਵਾਦ ਦੇ ਟਾਕਰੇ ਲਈ ਖ਼ੁਦ ਨੂੰ ਸਮਰੱਥ ਬਣਾਉਣ ਦੀ ਲੋੜ


ਮੁੰਬਈ ਦੇ 26/11 ਦੇ ਦਹਿਸ਼ਤਗਰਦ ਹਮਲਿਆਂ ਦੇ ਮੁੱਖ ਸਰਗੁਣੇ ਲਸ਼ਕਰੇ-ਤਾਇਬਾ ਦੇ ਮੁਖੀ ਹਾਫ਼ਿਜ਼ ਸਈਦ ਨੂੰ ਪਾਕਿਸਤਾਨੀ ਹਾਕਮਾਂ ਨੇ ਦਸ ਮਹੀਨਿਆਂ ਤੱਕ ਨਜ਼ਰਬੰਦ ਰੱਖਣ ਪਿੱਛੋਂ ਉਸ ਦਿਨ ਰਿਹਾਅ ਕੀਤਾ ਹੈ, ਜਦੋਂ ਇਸ ਹਮਲੇ ਦੀ ਨੌਵੀਂ ਵਰ੍ਹੇਗੰਢ ਸੀ। ਇੰਜ ਕਰ ਕੇ ਪਾਕਿਸਤਾਨ ਦੇ ਹਾਕਮਾਂ ਨੇ ਕੇਵਲ ਭਾਰਤ ਨੂੰ ਹੀ ਨਹੀਂ, ਸਗੋਂ ਕੌਮਾਂਤਰੀ ਭਾਈਚਾਰੇ ਤੇ ਖ਼ਾਸ ਕਰ ਕੇ ਅਮਰੀਕਾ ਨੂੰ ਇਹ ਦੱਸਣ ਦਾ ਉਪਰਾਲਾ ਕੀਤਾ ਹੈ ਕਿ ਉਹ ਦਹਿਸ਼ਤਗਰਦਾਂ ਨੂੰ ਨੱਥ ਪਾਉਣ ਲਈ ਸੰਜੀਦਾ ਨਹੀਂ ਹਨ। ਏਥੇ ਇਹ ਗੱਲ ਵਰਨਣ ਯੋਗ ਹੈ ਕਿ ਅਮਰੀਕਾ ਨੇ ਹਾਫ਼ਿਜ਼ ਸਈਦ ਨੂੰ ਮੁੰਬਈ ਹਮਲਿਆਂ ਦਾ ਦੋਸ਼ੀ ਕਰਾਰ ਦੇ ਕੇ ਉਸ ਵਿਅਕਤੀ ਜਾਂ ਸੰਸਥਾ ਨੂੰ ਦਸ ਮਿਲੀਅਨ ਡਾਲਰ ਦਾ ਇਨਾਮ ਦੇਣ ਦਾ ਐਲਾਨ ਕਰ ਰੱਖਿਆ ਹੈ, ਜੋ ਉਸ ਨੂੰ ਕਨੂੰਨ ਦੇ ਕਟਹਿਰੇ ਵਿੱਚ ਖੜਾ ਕਰਨ ਬਾਰੇ ਸੂਚਨਾ ਮੁਹੱਈਆ ਕਰਵਾਏਗਾ।
ਸਾਡੇ ਦੇਸ ਦੇ ਮੌਜੂਦਾ ਹਾਕਮਾਂ ਨੇ ਇਹ ਆਸ ਲਾਈ ਹੋਈ ਸੀ ਕਿ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਮੁਸਲਿਮ ਦਹਿਸ਼ਤਗਰਦੀ ਦੇ ਕੱਟੜ ਵਿਰੋਧੀ ਹਨ, ਇਸ ਲਈ ਉਹ ਪਾਕਿਸਤਾਨ ਉੱਤੇ ਦਬਾਅ ਪਾਉਣਗੇ ਕਿ ਉਹ ਹਾਫ਼ਿਜ਼ ਸਈਦ ਨੂੰ ਉਸ ਦੇ ਕੀਤੇ ਕਾਰਿਆਂ ਲਈ ਦੋਸ਼ੀ ਕਰਾਰ ਦੇ ਕੇ ਸਜ਼ਾ ਦਾ ਭਾਗੀ ਬਣਾਉਣਗੇ। ਹੁਣੇ-ਹੁਣੇ ਜਿਸ ਤਰ੍ਹਾਂ ਅਮਰੀਕੀ ਕਾਂਗਰਸ ਨੇ ਹਾਫ਼ਿਜ਼ ਸਈਦ ਦੀ ਸੰਸਥਾ ਲਸ਼ਕਰੇ ਤਾਇਬਾ ਨੂੰ ਦਹਿਸ਼ਤਗਰਦਾਂ ਦੀ ਸੂਚੀ ਵਿੱਚ ਕੱਢ ਦਿੱਤਾ ਹੈ ਤੇ ਕੇਵਲ ਅਫ਼ਗ਼ਾਨਿਸਤਾਨ ਵਿੱਚ ਸਰਗਰਮ ਦਹਿਸ਼ਤਗਰਦ ਹੱਕਾਨੀ ਗਰੁੱਪ ਨੂੰ ਇਸ ਵਿੱਚ ਸ਼ਾਮਲ ਰੱਖਿਆ ਹੈ, ਉਸ ਤੋਂ ਇਹ ਸਾਫ਼ ਹੋ ਜਾਂਦਾ ਹੈ ਕਿ ਅਮਰੀਕਾ ਦਹਿਸ਼ਤਗਰਦੀ ਨਾਲ ਨਜਿੱਠਣ ਬਾਰੇ ਦੋਗਲੀ ਪਹੁੰਚ ਅਪਣਾ ਰਿਹਾ ਹੈ। ਇਹੋ ਨਹੀਂ, ਉਸ ਨੇ ਪਾਕਿਸਤਾਨ ਨੂੰ ਮਿਲਣ ਵਾਲੀ ਸਹਾਇਤਾ ਵੀ ਜਾਰੀ ਕਰਨ ਦੀ ਗੱਲ ਕਹਿ ਦਿੱਤੀ ਹੈ। ਸਾਡੇ ਹਾਕਮਾਂ ਦੀ ਮੂੰਹ-ਰੱਖਣੀ ਲਈ ਭਾਵੇਂ ਅਮਰੀਕਾ ਦੀ ਸਰਕਾਰ ਨੇ ਪਾਕਿਸਤਾਨ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਉਹ ਹਾਫ਼ਿਜ਼ ਸਈਦ ਨੂੰ ਮੁੜ ਹਿਰਾਸਤ ਵਿੱਚ ਲੈ ਕੇ ਸਜ਼ਾ ਦਾ ਭਾਗੀ ਬਣਾਵੇ, ਪਰ ਇਸ ਨਾਲ ਸਾਨੂੰ ਕੋਈ ਲਾਭ ਹੋਣ ਵਾਲਾ ਨਜ਼ਰ ਨਹੀਂ ਆਉਂਦਾ।
ਪਾਕਿਸਤਾਨ ਦੇ ਹਾਕਮਾਂ ਨੇ ਠੰਢੀ ਜੰਗ ਦੌਰਾਨ ਅਮਰੀਕਾ ਦੇ ਭੂ-ਯੁੱਧਨੀਤਕ ਹਿੱਤਾਂ ਦੀ ਪੂਰਤੀ ਲਈ ਜਿਵੇਂ ਆਪਣੀ ਧਰਤੀ ਨੂੰ ਜਹਾਦੀਆਂ ਦੀਆਂ ਸਰਗਰਮੀਆਂ ਦਾ ਕੇਂਦਰ ਬਣਾਇਆ ਸੀ, ਉਸ ਨੇ ਸਾਡੇ ਲਈ ਤਾਂ ਮੁਸ਼ਕਲਾਂ ਖੜੀਆਂ ਕੀਤੀਆਂ ਹੀ ਹਨ, ਪਰ ਖ਼ੁਦ ਅੱਜ ਪਾਕਿਸਤਾਨ ਮੂਲਵਾਦੀਆਂ ਦੇ ਅਤਾਬ ਦਾ ਨਿਸ਼ਾਨਾ ਬਣਿਆ ਹੋਇਆ ਹੈ। ਕੱਟੜਪੰਥੀ ਮੁਲਾਣੇ ਖਾਦਮ ਹੁਸੈਨ ਰਿਜ਼ਵੀ ਦੇ ਸਮੱਰਥਕਾਂ ਨੇ ਇਸਲਾਮਾਬਾਦ ਤੋਂ ਲੈ ਕੇ ਪਾਕਿਸਤਾਨ ਦੇ ਸਭਨਾਂ ਸ਼ਹਿਰਾਂ ਦੇ ਜਨ-ਜੀਵਨ ਨੂੰ ਅਸਤ-ਵਿਅਸਤ ਕਰ ਕੇ ਰੱਖ ਦਿੱਤਾ ਹੈ। ਉਸ ਦੇ ਸਮੱਰਥਕਾਂ ਦੇ ਹੌਸਲੇ ਏਨੇ ਵਧ ਗਏ ਹਨ ਕਿ ਉਹ ਅਮਨ-ਕਨੂੰਨ ਦੀ ਰਾਖੀ ਲਈ ਤਾਇਨਾਤ ਸੁਰੱਖਿਆ ਬਲਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ। ਭਲਾ ਅਜਿਹੇ ਦੇਸ ਵਿੱਚ ਕੌਣ ਪੂੰਜੀ ਨਿਵੇਸ਼ ਕਰੇਗਾ, ਜਿੱਥੇ ਅਮਨ ਨਾਂਅ ਦੀ ਕੋਈ ਚੀਜ਼ ਬਾਕੀ ਨਾ ਰਹੀ ਹੋਵੇ?
ਹਾਫ਼ਿਜ਼ ਸਈਦ ਦੀ ਰਿਹਾਈ ਮਗਰੋਂ ਉਸ ਨੇ ਜਿਹੜਾ ਸਭ ਤੋਂ ਪਹਿਲਾ ਬਿਆਨ ਦਾਗਿਆ ਹੈ, ਉਹ ਕਸ਼ਮੀਰ ਬਾਰੇ ਹੈ। ਹੁਣ ਇਹ ਸੰਕੇਤ ਵੀ ਮਿਲੇ ਹਨ ਕਿ ਉਹ ਸਰਗਰਮ ਰਾਜਨੀਤੀ ਵਿੱਚ ਕੁੱਦਣ ਦੀ ਤਿਆਰੀ ਕਰੀ ਬੈਠਾ ਹੈ।
ਸਾਨੂੰ ਉਪਰੋਕਤ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਾਹਰੀ ਸ਼ਕਤੀਆਂ ਉੱਤੇ ਨਿਰਭਰ ਰਹਿਣ ਦੀ ਥਾਂ ਆਪਣੇ ਨਾਗਰਿਕਾਂ ਦੀ ਰਾਖੀ ਲਈ ਖ਼ੁਦ ਕਦਮ ਪੁੱਟਣੇ ਹੋਣਗੇ। ਜੇ ਕੇਵਲ ਆਰਥਕ ਲਾਭਾਂ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਸੰਸਾਰ ਦੀਆਂ ਮਹਾਂ-ਸ਼ਕਤੀਆਂ ਤੇ ਖ਼ਾਸ ਕਰ ਕੇ ਅਮਰੀਕਾ ਉੱਤੇ ਹੀ ਟੇਕ ਰੱਖਾਂਗੇ ਤਾਂ ਸਾਨੂੰ ਭਵਿੱਖ ਵਿੱਚ ਇਸ ਦੇ ਮੰਦੇ ਨਤੀਜੇ ਭੁਗਤਣੇ ਪੈ ਸਕਦੇ ਹਨ। ਅਸੀਂ ਦਹਿਸ਼ਤਗਰਦੀ ਦੀ ਸਮੱਸਿਆ ਨਾਲ ਤਾਂ ਹੀ ਨਜਿੱਠ ਸਕਦੇ ਹਾਂ, ਜੇ ਅਸੀਂ ਆਪਣੀਆਂ ਸੁਰੱਖਿਆ ਏਜੰਸੀਆਂ ਤੇ ਖ਼ਾਸ ਕਰ ਕੇ ਸੂਹੀਆ ਤੰਤਰ ਨੂੰ ਸਮੇਂ ਦਾ ਹਾਣੀ ਬਣਾਈਏ। ਪੁਲਸ ਨੂੰ ਇਸ ਦੇ ਸਮਰੱਥ ਬਣਾਉਣਾ ਹੋਵੇਗਾ ਕਿ ਉਹ ਖ਼ੁਦ ਇਸ ਖ਼ਤਰੇ ਨਾਲ ਨਜਿੱਠ ਸਕੇ। ਮੁੰਬਈ ਦੇ ਅੱਤਵਾਦੀ ਹਮਲੇ ਸਮੇਂ ਸਥਾਨਕ ਪੁਲਸ ਕੋਲ ਨਾਲ ਯੋਗ ਹਥਿਆਰ ਸਨ ਤੇ ਨਾ ਅਜਿਹੀ ਸਿਖਲਾਈ ਕਿ ਉਹ ਦਹਿਸ਼ਤਗਰਦਾਂ ਨੂੰ ਆਪਣੇ ਤੌਰ 'ਤੇ ਨੱਥ ਪਾ ਸਕਦੀ। ਜਦੋਂ ਤੱਕ ਦਿੱਲੀ ਤੋਂ ਨੈਸ਼ਨਲ ਗਾਰਡ ਦੇ ਦਸਤੇ ਮੁੰਬਈ ਪਹੁੰਚੇ, ਓਨੀ ਦੇਰ ਤੱਕ ਬਹੁਤ ਦੇਰ ਹੋ ਚੁੱਕੀ ਸੀ। ਇਸ ਲਈ ਇਹ ਵੀ ਜ਼ਰੂਰੀ ਹੈ ਕਿ ਅਸੀਂ ਆਪਣੇ ਸੈਕੂਲਰ ਸੱਭਿਆਚਾਰ ਨੂੰ ਮਜ਼ਬੂਤ ਬਣਾਈਏ ਤੇ ਵੱਖ-ਵੱਖ ਭਾਈਚਾਰਿਆਂ ਵਿੱਚ ਸੁਮੇਲ ਦੀ ਭਾਵਨਾ ਪੈਦਾ ਕਰੀਏ।