Latest News

ਗੰਨੇ ਦੀ ਕੀਮਤ 'ਚ 10 ਰੁਪਏ ਦਾ ਵਾਧਾ ਕਿਸਾਨਾਂ ਨਾਲ ਭੱਦਾ ਮਜ਼ਾਕ : ਡਾ. ਦਿਆਲ, ਕੰਵਰ

Published on 28 Nov, 2017 11:55 AM.


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਸੀ ਪੀ ਆਈ ਦੀ ਕੌਮੀ ਕੌਂਸਲ ਦੇ ਮੈਂਬਰ ਡਾ. ਜੋਗਿੰਦਰ ਦਿਆਲ ਅਤੇ ਸੀਨੀਅਰ ਕਮਿਊਨਿਸਟ ਆਗੂ ਗੁਰਨਾਮ ਕੰਵਰ ਨੇ ਗੰਨੇ ਦੀ ਕੀਮਤ 'ਚ 10 ਰੁਪਏ ਪ੍ਰਤੀ ਕੁਇੰਟਲ ਦੇ ਨਿਗੂਣੇ ਵਾਧੇ ਨੂੰ ਖਾਰਜ ਕਰਦਿਆਂ ਇਸ ਨੂੰ ਕਿਸਾਨਾਂ ਨਾਲ ਭੱਦਾ ਮਜਾਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ 'ਚ ਗੰਨੇ ਦੀ ਕੀਮਤ 'ਚ ਭਾਰੀ ਫਰਕ ਹੈ।
ਦੋਵਾਂ ਆਗੂਆਂ ਨੇ ਕਿਹਾ ਕਿ ਪਰਚੂਨ 'ਚ ਖੰਡ ਦੀ ਕੀਮਤ 4000 ਤੋਂ 4200 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਈ ਹੈ, ਪਰ ਚੀਨੀ ਦੀ ਕੀਮਤ 'ਚ ਵਾਧੇ ਦਾ ਗੰਨਾ ਉਤਪਾਦਕਾਂ ਨੂੰ ਕੋਈ ਲਾਭ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ 'ਚ ਪਿਛਲੇ ਚਾਰ ਸਾਲਾਂ ਤੋਂ ਗੰਨੇ ਦੀ ਕੀਮਤ 'ਚ ਵਾਧਾ ਨਹੀਂ ਕੀਤਾ ਗਿਆ ਅਤੇ ਇਸ ਵਾਰ ਜ਼ਬਰਦਸਤ ਕਿਸਾਨ ਅੰਦੋਲਨ ਅਤੇ ਸਿਆਸੀ ਦਬਾਅ ਦੇ ਚੱਲਦਿਆਂ ਗੰਨੇ ਦੀ ਕੀਮਤ 'ਚ ਨਿਗੂਣਾ ਵਾਧਾ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਇਸ ਸਾਲ ਪੰਜਾਬ 'ਚ 675 ਲੱਖ ਟਨ ਚੀਨੀ ਉਤਪਾਦਨ ਦਾ ਅਨੁਮਾਨ ਹੈ ਅਤੇ ਪੂਰਾ ਫਾਇਦਾ ਮਿੱਲ ਮਾਲਕਾਂ ਨੂੰ ਹੋਵੇਗਾ।
ਡਾਕਟਰ ਦਿਆਲ ਅਤੇ ਸ੍ਰੀ ਕੰਵਰ ਨੇ ਕਿਹਾ ਕਿ ਸਰਕਾਰ ਨਿੱਜੀ ਮਿੱਲ ਮਾਲਕਾਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੀ ਹੈ। ਇਸੇ ਲਈ ਕੀਮਤ 'ਚ ਮਾਮੂਲੀ ਵਾਧਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ 'ਚ 70 ਫੀਸਦੀ ਗੰਨੇ ਦੀ ਪਿੜਾਈ ਪ੍ਰਾਈਵੇਟ ਮਿੱਲਾਂ ਅਤੇ 30 ਫੀਸਦੀ ਸਹਿਕਾਰੀ ਮਿੱਲਾਂ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਗੰਨੇ ਦੀ ਕੀਮਤ 'ਚ 10 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਨੂੰ ਵੀ ਸਰਕਾਰੀ ਖਜ਼ਾਨੇ 'ਤੇ ਭਾਰੀ ਬੋਝ ਦੱਸ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨਾਂ ਦੀ ਕਰਜ਼ਾ ਮਾਫੀ, ਸਮਾਜਿਕ ਸੁਰੱਖਿਆ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਸਰਕਾਰ ਕੋਲ ਗੱਲ ਹੁੰਦੀ ਹੈ ਕਿ 'ਖਜ਼ਾਨਾ ਖਾਲੀ ਹੈ।'
ਕਮਿਊਨਿਸਟ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਦੇ ਬਰਾਬਰ ਗੰਨੇ ਦਾ ਭਾਅ ਦਿੱਤਾ ਜਾਵੇ ਅਤੇ ਕਿਸਾਨਾਂ ਦਾ ਮਿੱਲਾਂ ਵੱਲ 80 ਕਰੋੜ ਰੁਪਏ ਦਾ ਬਕਾਇਆ ਵਿਆਜ ਸਮੇਤ ਦਿੱਤਾ ਜਾਵੇ ਅਤੇ ਸਹਿਕਾਰੀ ਮਿੱਲਾਂ ਦਾ ਆਧੁਨਿਕੀਕਰਨ ਕੀਤਾ ਜਾਵੇ।

145 Views

e-Paper