Latest News
ਵਿਧਾਨ ਸਭਾ ਦੇ ਕੁਚੱਜੇ ਦ੍ਰਿਸ਼ ਤੇ ਕਮਿਊਨਿਸਟਾਂ ਦੀ ਲੁਧਿਆਣਾ ਰੈਲੀ

Published on 29 Nov, 2017 11:07 AM.


ਇਸ ਹਫਤੇ ਦੇ ਸ਼ੁਰੂ ਵਿੱਚ ਜਦੋਂ ਇੱਕ ਪਾਸੇ ਚੰਡੀਗੜ੍ਹ ਵੱਲ ਨੂੰ ਚੁਣੇ ਹੋਏ ਵਿਧਾਇਕਾਂ ਦੀਆਂ ਕਾਰਾਂ ਦੌੜਦੀਆਂ ਦੇਖਣ ਨੂੰ ਮਿਲ ਰਹੀਆਂ ਸਨ, ਐਨ ਓਸੇ ਦਿਨ ਉਨ੍ਹਾਂ ਹੀ ਸੜਕਾਂ ਉੱਤੇ ਲੁਧਿਆਣੇ ਵੱਲ ਨੂੰ ਲਾਲ ਝੰਡੇ ਵਾਲੀਆਂ ਗੱਡੀਆਂ ਦੇ ਕਾਫਲੇ ਜਿਹੇ ਜਾਂਦੇ ਦਿਖਾਈ ਦੇਂਦੇ ਸਨ। ਇਹ ਲੋਕ ਪੰਜਾਬ ਦੀ ਕਮਿਊਨਿਸਟ ਲਹਿਰ ਦੀ ਸਭ ਤੋਂ ਵੱਡੀ ਧਿਰ ਸੀ ਪੀ ਆਈ ਵੱਲੋਂ ਦਿੱਤੇ ਗਏ ਸੱਦੇ ਉੱਤੇ ਚਿਰਾਂ ਪਿੱਛੋਂ ਇੱਕ ਸੂਬਾ ਪੱਧਰ ਦੀ ਰੈਲੀ ਕਰਨ ਚੱਲੇ ਸਨ। ਚੰਡੀਗੜ੍ਹ ਜਾਣ ਵਾਲਿਆਂ ਵੱਲ ਸਾਡੇ ਲੋਕ ਇਸ ਲਈ ਵੇਖ ਰਹੇ ਸਨ ਕਿ ਓਥੇ ਵਿਧਾਨ ਸਭਾ ਵਿੱਚ ਇਹ ਲੋਕ ਆਪਣੇ ਰਾਜ ਦੇ ਮੁੱਦਿਆਂ ਦੀ ਬਾਤ ਛੋਹਣਗੇ ਤੇ ਬਹਿਸ ਵਿੱਚੋਂ ਭਵਿੱਖ ਦੇ ਲਈ ਕੋਈ ਸੁਖਾਵੇਂ ਫ਼ੈਸਲੇ ਕਰਨਗੇ। ਕਮਿਊਨਿਸਟਾਂ ਦੀ ਰੈਲੀ ਦਾ ਇਸ ਤੋਂ ਵੱਖਰਾ ਮਹੱਤਵ ਸੀ।
ਸਾਨੂੰ ਦੁੱਖ ਨਾਲ ਇਹ ਕਹਿਣਾ ਪੈਂਦਾ ਹੈ ਕਿ ਚੰਡੀਗੜ੍ਹ ਜਾਣ ਵਾਲੇ ਸਾਡੇ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧਾਂ ਤੋਂ ਜਿਹੜੀ ਆਸ ਸਾਡੇ ਆਮ ਲੋਕਾਂ ਨੇ ਰੱਖੀ ਸੀ, ਉਹੋ ਜਿਹਾ ਓਥੇ ਕੁਝ ਨਹੀਂ ਹੋਇਆ। ਆਮ ਕਰ ਕੇ ਵਿਧਾਨ ਸਭਾ ਦਾ ਸੈਸ਼ਨ ਆਉਂਦਾ ਹੋਵੇ ਤਾਂ ਮੁੱਖ ਮੰਤਰੀ ਅਤੇ ਮੰਤਰੀਆਂ ਦੀ ਨੀਂਦ ਉੱਡੀ ਹੋਈ ਹੁੰਦੀ ਹੈ। ਉਨ੍ਹਾਂ ਨੂੰ ਸਵਾਲਾਂ ਦੀ ਵਾਛੜ ਦਾ ਸਾਹਮਣਾ ਕਰਨ ਦੇ ਲਈ ਤਿਆਰੀ ਕਰਨੀ ਪੈਂਦੀ ਹੈ। ਇਸ ਵਾਰੀ ਪੰਜਾਬ ਦੀ ਹਾਕਮ ਧਿਰ ਬਹੁਤੀ ਚਿੰਤਤ ਨਹੀਂ ਸੀ। ਜਾਪਦਾ ਸੀ ਕਿ ਅਜਲਾਸ ਵਿੱਚ ਵਿਰੋਧੀ ਧਿਰ ਦੀਆਂ ਦੋ ਵੱਡੀਆਂ ਪਾਰਟੀਆਂ ਦਾ ਆਢਾ ਲੱਗ ਹੀ ਜਾਣਾ ਹੈ। ਫਿਰ ਅਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਲੁਧਿਆਣੇ ਵਾਲੇ ਬੈਂਸ ਭਰਾਵਾਂ ਨੇ ਇੱਕ ਆਡੀਓ ਸੀ ਡੀ ਜਾਰੀ ਕੀਤੀ ਅਤੇ ਇਸ ਵਿੱਚ ਇੱਕ ਸਾਬਕਾ ਡਿਪਟੀ ਐਡਵੋਕੇਟ ਜਨਰਲ ਅਤੇ ਇੱਕ ਸਾਬਕਾ ਅਫ਼ਸਰ ਨੂੰ ਸੁਖਪਾਲ ਸਿੰਘ ਖਹਿਰਾ ਵਾਲੇ ਕੇਸ ਬਾਰੇ ਕੁਝ ਸਾਜ਼ਿਸ਼ੀ ਗੱਲਾਂ ਕਰਦੇ ਸੁਣਾ ਦਿੱਤਾ ਤਾਂ ਓਦੋਂ ਹੀ ਸਾਫ਼ ਹੋ ਗਿਆ ਸੀ ਕਿ ਅਸੈਂਬਲੀ ਵਿੱਚ ਆਮ ਆਦਮੀ ਪਾਰਟੀ ਤੇ ਅਕਾਲੀਆਂ ਦਾ ਭੇੜ ਹੋ ਜਾਣਾ ਹੈ। ਇਹ ਹੋਇਆ ਵੀ। ਮੁੱਖ ਮੰਤਰੀ ਅਤੇ ਮੰਤਰੀਆਂ ਲਈ ਇਸ ਤੋਂ ਸੁਖਾਵੀਂ ਸਥਿਤੀ ਕੋਈ ਹੋ ਹੀ ਨਹੀਂ ਸਕਦੀ ਕਿ ਵਿਰੋਧੀ ਧਿਰ ਦੇ ਮੈਂਬਰ ਆਪੋ ਵਿੱਚ ਭਿੜਦੇ ਰਹਿਣ ਤੇ ਸਰਕਾਰ ਦੇ ਖ਼ਿਲਾਫ਼ ਇੱਕ ਗੱਲ ਵੀ ਨਾ ਕਰ ਸਕਣ। ਏਦਾਂ ਦੇ ਹਾਲਾਤ ਲਈ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਿਸੇ ਨੇ ਦੋਸ਼ੀ ਨਹੀਂ ਠਹਿਰਾਇਆ, ਪਰ ਜਿਵੇਂ ਉਹ ਖ਼ੁਦ ਹੀ ਇਸ ਮੁੱਦੇ ਤੋਂ ਅੱਖਾਂ ਚੁਰਾਉਂਦੇ ਹੋਏ ਹੋਰ ਗੱਲਾਂ ਚੁੱਕ ਰਹੇ ਸਨ, ਉਸ ਤੋਂ ਸਾਫ਼ ਹੋ ਗਿਆ ਕਿ ਉਨ੍ਹਾਂ ਨੇ ਗ਼ਲਤੀ ਨਾਲ 'ਸੈਲਫ ਗੋਲ'’ਹੀ ਕਰ ਲਿਆ ਹੈ। ਇਸ ਨਾਲ ਜਿਹੋ ਜਿਹੀ ਸਥਿਤੀ ਪੈਦਾ ਹੋਈ, ਉਸ ਵਿੱਚ ਪੰਜਾਬ ਦੇ ਲੋਕਾਂ ਦੇ ਮੁੱਦੇ ਰੁਲ ਕੇ ਰਹਿ ਗਏ ਤੇ ਵਿਰੋਧੀ ਧਿਰ ਦੀਆਂ ਦੋ ਮੁੱਖ ਪਾਰਟੀਆਂ ਦਾ ਧਮੱਚੜ ਪੈਂਦਾ ਵੇਖਣ ਤੋਂ ਸਿਵਾ ਕਿਸੇ ਦੇ ਪੱਲੇ ਕੱਖ ਵੀ ਨਹੀਂ ਪੈ ਸਕਿਆ।
ਦੂਸਰੇ ਪਾਸੇ ਲੁਧਿਆਣੇ ਵਿੱਚ ਸੀ ਪੀ ਆਈ ਦੀ ਚਿਰਾਂ ਪਿੱਛੋਂ ਕੀਤੀ ਗਈ ਵਿਸ਼ਾਲ ਰੈਲੀ ਨੇ ਸਮੁੱਚੇ ਮੀਡੀਏ ਅਤੇ ਆਪਣੇ ਰਾਜ ਦੇ ਲੋਕਾਂ ਦਾ ਏਨਾ ਧਿਆਨ ਖਿੱਚਿਆ ਕਿ ਹਰ ਅਖ਼ਬਾਰ ਤੇ ਹਰ ਚੈਨਲ ਨੂੰ ਇਸ ਦੀ ਖ਼ਬਰ ਦੇਣੀ ਪਈ। ਉਸ ਰੈਲੀ ਦੇ ਮੰਚ ਉੱਤੇ ਸਿਰਫ਼ ਪੰਜਾਬ ਦੇ ਆਗੂ ਨਹੀਂ, ਸੀ ਪੀ ਆਈ ਦੀ ਕੇਂਦਰੀ ਲੀਡਰਸ਼ਿਪ ਤੱਕ ਮੌਜੂਦ ਸੀ ਤੇ ਕਈ ਉੱਘੇ ਚਿੰਤਕ ਵੀ ਇਸ ਰੈਲੀ ਦੀ ਸਟੇਜ ਉੱਤੇ ਚਿਰਾਂ ਪਿੱਛੋਂ ਬੈਠੇ ਦਿਖਾਈ ਦਿੱਤੇ ਸਨ। ਆਮ ਜਿਹਾ ਪ੍ਰਭਾਵ ਇਹ ਸੀ ਕਿ ਪਿਛਲੇ ਸਮੇਂ ਦੌਰਾਨ ਜਿਸ ਤਰ੍ਹਾਂ ਸਾਰੇ ਦੇਸ਼ ਵਿੱਚ ਬਹੁ-ਗਿਣਤੀ ਭਾਈਚਾਰੇ ਦੇ ਦਾਬੇ ਵਾਲੀ ਫ਼ਿਰਕਾਪ੍ਰਸਤੀ ਦੀ ਕਾਂਗ ਆਈ ਹੈ ਅਤੇ ਇਸ ਕਾਂਗ ਵਿੱਚ ਨਰਿੰਦਰ ਡਾਬੋਲਕਰ ਅਤੇ ਗੋਵਿੰਦ ਪਾਂਸਰੇ ਤੋਂ ਲੈ ਕੇ ਕੁਲਬਰਗੀ ਅਤੇ ਗੌਰੀ ਲੰਕੇਸ਼ ਤੱਕ ਦੇ ਕਤਲਾਂ ਦੀ ਨੌਬਤ ਆਈ ਹੈ, ਉਸ ਦੇ ਬਾਅਦ ਖੱਬੇ-ਪੱਖੀ ਤੇ ਨਰੋਈ ਸੋਚ ਵਾਲੇ ਲੋਕ ਫਿਰ ਇਸ ਪਾਸੇ ਝੁਕਣ ਲੱਗੇ ਹਨ। ਪਾਰਟੀ ਆਗੂ ਜਦੋਂ ਇਸ ਰੈਲੀ ਵਿੱਚ ਬੋਲੇ ਤਾਂ ਆਪਣੀ ਰਿਵਾਇਤ ਦੇ ਮੁਤਾਬਕ ਉਨ੍ਹਾਂ ਨੇ ਸੰਸਾਰ ਦੀ ਰਾਜਨੀਤੀ ਦੀ ਗੱਲ ਵੀ ਕੀਤੀ, ਦੇਸ਼ ਦੀ ਰਾਜਨੀਤੀ ਅਤੇ ਇਸ ਵਿੱਚ ਭਾਰੂ ਹੋ ਰਹੀਆਂ ਫਾਸ਼ੀ ਰੁਚੀਆਂ ਬਾਰੇ ਵੀ ਲੋਕਾਂ ਨੂੰ ਸੁਚੇਤ ਕੀਤਾ, ਪਰ ਪੰਜਾਬ ਵਿੱਚ ਲੋਕਾਂ ਨਾਲ ਨਿੱਤ ਦਿਨ ਵਾਪਰਦੀਆਂ ਘਟਨਾਵਾਂ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਅੱਖੋਂ ਪਰੋਖੇ ਨਹੀਂ ਕੀਤਾ। ਬਲਕਿ ਇਸ ਬਾਰੇ ਪਾਰਟੀ ਲੀਡਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਸ ਸਾਲ ਦੇ ਸ਼ੁਰੂ ਵਿੱਚ ਜਿਸ ਆਸ ਨਾਲ ਸਰਕਾਰ ਬਦਲੀ ਸੀ, ਉਹ ਆਸ ਪੂਰੀ ਨਹੀਂ ਹੋ ਰਹੀ। ਕਿਸਾਨਾਂ ਦੀ ਕਰਜ਼ਾ ਮੁਆਫੀ ਦਾ ਮਾਮਲਾ ਵਿਚਾਲੇ ਲਟਕਿਆ ਪਿਆ ਹੈ। ਮਜ਼ਦੂਰਾਂ ਦੀ ਹਾਲਤ ਸੁਧਾਰਨ ਦਾ ਕੋਈ ਕਦਮ ਪੁੱਟਿਆ ਨਹੀਂ ਜਾ ਰਿਹਾ। ਪੇਂਡੂ ਗ਼ਰੀਬਾਂ ਦੇ ਬੱਚਿਆਂ ਲਈ ਚੱਲਦੇ ਸਕੂਲਾਂ ਨੂੰ ਸਮੇਟਣ ਦੀ ਨੀਤੀ ਅੱਗੇ ਵਧਾਈ ਜਾ ਰਹੀ ਹੈ ਤੇ ਸਾਰੀਆਂ ਮਾੜੀਆਂ ਅਲਾਮਤਾਂ ਪਿਛਲੀ ਸਰਕਾਰ ਵਾਲੀਆਂ ਅੱਜ ਵੀ ਕਾਇਮ ਹਨ।
ਸਮਾਜ ਨੂੰ ਕਦੇ-ਕਦੇ ਇਹੋ ਜਿਹੇ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ ਵਿੱਚ ਆਮ ਲੋਕਾਂ ਨੂੰ ਭਵਿੱਖ ਲਈ ਆਸ ਬੰਨ੍ਹਾਉਣ ਵਾਲੀ ਕਿਸੇ ਧਿਰ ਵੱਲੋਂ ਕਹੀ ਗਈ ਛੋਟੀ-ਮੋਟੀ ਗੱਲ ਵੀ ਧਰਵਾਸ ਦੇਣ ਵਾਲੀ ਬਣ ਜਾਂਦੀ ਹੈ। ਪੰਜਾਬ ਦੀ ਵਿਧਾਨ ਸਭਾ ਵਿੱਚ ਜਦੋਂ ਲੋਕਾਂ ਦੀ ਬਾਤ ਕਿਸੇ ਸੁਚੱਜ ਨਾਲ ਪਾਈ ਨਹੀਂ ਗਈ ਤੇ ਸਿਰਫ਼ ਹੁੱਲੜਬਾਜ਼ੀ ਦਾ ਪ੍ਰਗਟਾਵਾ ਹੁੰਦਾ ਰਿਹਾ ਹੈ, ਸਿਆਸੀ ਮੈਦਾਨ ਵਿੱਚ ਜਦੋਂ ਕੋਈ ਧਿਰ ਲੋਕਾਂ ਦੀਆਂ ਮੰਗਾਂ ਲਈ ਮੈਦਾਨ ਵਿੱਚ ਨਹੀਂ ਨਿਕਲ ਰਹੀ, ਉਸ ਵਕਤ ਕਮਿਊਨਿਸਟਾਂ ਦਾ ਮੈਦਾਨ ਵਿੱਚ ਨਿਕਲਣਾ ਲੋਕਾਂ ਨੂੰ ਯਕੀਨਨ ਚੰਗਾ ਲੱਗਾ ਹੋਵੇਗਾ। ਕਦੇ ਪੰਜਾਬ ਵਿੱਚ ਕਮਿਊਨਿਸਟ ਇੱਕ ਵੱਡੀ ਧਿਰ ਹੁੰਦੇ ਸਨ, ਫਿਰ ਹਾਲਾਤ ਦੀ ਮਾਰ ਹੇਠ ਅਤੇ ਇਸ ਲਹਿਰ ਦੀ ਫੁੱਟ ਕਾਰਨ ਇਹ ਆਪਣੀ ਉਹ ਚੜ੍ਹਤ ਕਾਇਮ ਨਹੀਂ ਸੀ ਰੱਖ ਸਕੇ। ਅਜੋਕੇ ਸਮੇਂ ਇਹ ਛੋਟੀ ਧਿਰ ਭਾਵੇਂ ਕਹੇ ਜਾ ਸਕਦੇ ਹਨ, ਪਰ ਇਹ ਗੱਲ ਅੱਜ ਵੀ ਪੰਜਾਬ ਵਿੱਚ ਸਭ ਨੂੰ ਪਤਾ ਹੈ ਕਿ ਜਦੋਂ ਵੀ ਦਸ ਨਹੁੰਆਂ ਦੀ ਕਿਰਤ ਕਰ ਕੇ ਖਾਣ ਵਾਲੇ ਆਮ ਲੋਕਾਂ ਦੇ ਪੇਟ ਉੱਤੇ ਲੱਤ ਮਾਰੀ ਜਾਂਦੀ ਹੈ, ਉਸ ਵਕਤ ਸਿਰਫ਼ ਕਮਿਊਨਿਸਟ ਹੀ ਹਨ, ਜਿਹੜੇ ਮੈਦਾਨ ਵਿੱਚ ਨਿਕਲਦੇ ਹਨ ਅਤੇ ਜਿਹੜੀਆਂ ਪਾਰਟੀਆਂ ਰਾਜ ਕਰਦੀਆਂ ਜਾਂ ਰਾਜ ਕਰਨ ਲਈ ਤਾਂਘਦੀਆਂ ਹਨ, ਉਹ ਇਹੋ ਜਿਹੇ ਮੌਕੇ ਕਦੇ ਮੈਦਾਨ ਵਿੱਚ ਨਹੀਂ ਨਿਕਲਦੀਆਂ। ਕਮਿਊਨਿਸਟਾਂ ਦੀ ਇਹ ਭੱਲ ਪੰਜਾਬ ਦੇ ਲੋਕਾਂ ਵਿੱਚ ਜੇ ਅੱਜ ਤੱਕ ਕਾਇਮ ਹੈ ਤਾਂ ਇਸ ਵਾਰ ਲੁਧਿਆਣੇ ਵਿੱਚ ਹੋਈ ਇਸ ਰੈਲੀ ਨਾਲ ਲੋਕਾਂ ਵਿੱਚ ਮੁੜ ਕੇ ਇਹ ਗੱਲ ਚਲੀ ਗਈ ਹੈ ਕਿ ਚਲੋ ਕੋਈ ਤਾਂ ਹੈ, ਜਿਹੜਾ ਸੱਤਾ ਦੇ ਸੁਆਰਥ ਤੋਂ ਬਿਨਾਂ ਉਨ੍ਹਾਂ ਦੀ ਗੱਲ ਕਰਦਾ ਹੈ।

958 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper