ਭ੍ਰਿਸ਼ਟਾਚਾਰ ਮੁਕਤ ਪ੍ਰਬੰਧ ਸਰਕਾਰ ਦੀ ਤਰਜੀਹ : ਮੋਦੀ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ ਮੁਕਤ, ਨਾਗਰਿਕ ਕੇਂਦਰਿਤ ਅਤੇ ਵਿਕਾਸ ਸਿਸਟਮ ਕੇਂਦਰ ਸਰਕਾਰ ਦੀ ਸਰਬ ਉੱਚ ਤਰਜੀਹ ਹੈ। ਉਨ੍ਹਾ ਕਿਹਾ ਕਿ ਉਨ੍ਹਾਂ ਦੀ ਸਰਕਾਰ ਚਾਹੁੰਦੀ ਹੈ ਕਿ ਨੀਤੀਆਂ 'ਤੇ ਅਧਾਰਤ, ਤਕਨੀਕ 'ਤੇ ਅਧਾਰਤ ਇੱਕ ਅਜਿਹਾ ਸਿਸਟਮ ਹੋਵੇ, ਜਿਸ 'ਚ ਗੜਬੜ ਦੀ ਸ਼ੰਕਾ ਨਾਂਹ ਦੇ ਬਰਾਬਰ ਹੋਵੇ।
ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਦੇਸ਼ ਦੇ 15 ਕਰੋੜ ਤੋਂ ਜ਼ਿਆਦਾ ਗਰੀਬ ਸਰਕਾਰ ਦੀਆਂ ਬੀਮਾ ਯੋਜਨਾਵਾਂ ਨਾਲ ਜੁੜ ਚੁੱਕੇ ਹਨ ਅਤੇ ਇਨ੍ਹਾਂ ਯੋਜਨਾਵਾਂ ਤਹਿਤ ਗਰੀਬਾਂ ਨੂੰ ਤਕਰੀਬਨ 1800 ਕਰੋੜ ਰੁਪਏ ਦੀ ਰਕਮ ਦਿੱਤੀ ਜਾ ਚੁੱਕੀ ਹੈ। ਉਨ੍ਹਾ ਕਿਹਾ ਕਿ ਜੇ ਇੰਨੇ ਰੁਪਏ ਕਿਸੇ ਹੋਰ ਸਰਕਾਰ ਨੇ ਦਿੱਤੇ ਹੁੰਦੇ ਤਾਂ ਉਸ ਨੂੰ ਮਸੀਹਾ ਬਣਾ ਕੇ ਪੇਸ਼ ਕੀਤਾ ਜਾਣਾ ਸੀ। ਉਨ੍ਹਾ ਕਿਹਾ ਕਿ ਪਹਿਲਾਂ ਦੀ ਸਰਕਾਰ ਵੇਲੇ ਐੱਲ ਈ ਡੀ ਦਾ ਜਿਹੜਾ ਬੱਲਬ 300 ਤੋਂ 350 ਰੁਪਏ 'ਚ ਵਿਕਦਾ ਸੀ, ਹੁਣ ਉਹੀ ਬੱਲਬ ਮੱਧ ਵਰਗ ਦਾ ਪਰਵਾਰ 50 ਰੁਪਏ 'ਚ ਖਰੀਦ ਸਕਦਾ ਹੈ। ਉਨ੍ਹਾ ਕਿਹਾ ਕਿ ਉਜਾਲਾ ਯੋਜਨਾ ਸ਼ੁਰੂ ਹੋਣ ਮਗਰੋਂ ਦੇਸ਼ 'ਚ ਹੁਣ ਤੱਕ ਤਕਰੀਬਨ 28 ਕਰੋੜ ਐੱਲ ਈ ਡੀ ਬੱਲਬ ਵਿਕ ਚੁੱਕੇ ਹਨ ਅਤੇ ਇਨ੍ਹਾਂ ਬੱਲਬਾਂ ਨਾਲ ਹੀ ਲੋਕਾਂ ਨੂੰ 14 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਬੱਚਤ ਹੋ ਚੁੱਕੀ ਹੈ।
ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਿਸਟਮ 'ਚ ਤਬਦੀਲੀ ਲਿਆਉਣ ਦੇ ਫੈਸਲੇ ਲੈਣ ਤੋਂ ਦੇਸ਼ ਹਿੱਤ 'ਚ ਫੈਸਲੇ ਲੈਣ ਤੋਂ ਕਿਸੇ ਦੇ ਰੋਕਿਆਂ ਵੀ ਨਹੀਂ ਰੁਕੇਗੀ। ਇਸ ਲਈ ਇਸ ਸਰਕਾਰ ਦੀ ਪਹੁੰਚ ਇਸ ਮਾਮਲੇ 'ਚ ਬਿਲਕੁੱਲ ਵੱਖ ਹੈ। ਉਨ੍ਹਾ ਕਿਹਾ ਕਿ ਸਾਡੀ ਸਰਕਾਰ 'ਚ ਠੋਸ ਨਜ਼ਰੀਏ ਨਾਲ ਫੈਸਲੇ ਲਏ ਜਾਂਦੇ ਹਨ, ਜਦਕਿ ਪਹਿਲਾਂ ਇਸ ਤਰ੍ਹਾਂ ਦੇ ਫੈਸਲੇ ਨਹੀਂ ਲਏ ਜਾ ਰਹੇ ਸਨ। ਇਸ ਲਈ ਦੇਸ਼ ਦਾ ਹਰੇਕ ਵਿਅਕਤੀ ਫ਼ਿਕਰਮੰਦ ਸੀ।
ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਸਿਸਟਮ 'ਚ ਭ੍ਰਿਸ਼ਟਾਚਾਰ ਵੀ ਇੱਕ ਸ਼ਿਸ਼ਟਾਚਾਰ ਬਣ ਕੇ ਰਹਿ ਗਿਆ ਸੀ। ਸਾਲ 2014 'ਚ ਦੇਸ਼ ਦੇ 125 ਕਰੋੜ ਲੋਕਾਂ ਨੇ ਇਸ ਵਿਵਸਥਾ ਨੂੰ ਬਦਲਣ ਲਈ ਵੋਟਾਂ ਪਾਈਆਂ ਸਨ। ਦੇਸ਼ ਨੂੰ ਲੱਗੀਆਂ ਬਿਮਾਰੀਆਂ ਦੇ ਪੱਕੇ ਇਲਾਜ ਲਈ ਉਨ੍ਹਾਂ ਨਿਊ ਇੰਡੀਆ ਦੀ ਉਸਾਰੀ ਲਈ ਵੋਟਿੰਗ ਕੀਤੀ ਸੀ। ਉਨ੍ਹਾ ਕਿਹਾ ਕਿ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਕੋਈ ਵੀ ਕੀਮਤ ਚੁਕਾਉਣੀ ਪਵੇ, ਮੈਂ ਉਸ ਲਈ ਤਿਆਰ ਹਾਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਨੋਟਬੰਦੀ ਮਗਰੋਂ ਦੇਸ਼ 'ਚ ਬਦਲਾਅ ਆਇਆ ਤੇ ਆਜ਼ਾਦੀ ਮਗਰੋਂ ਪਹਿਲੀ ਵਾਰ ਅਜਿਹਾ ਹੋਇਆ ਕਿ ਭ੍ਰਿਸ਼ਟਾਚਾਰੀਆਂ ਨੂੰ ਕਾਲੇ ਧਨ ਦੇ ਲੈਣ-ਦੇਣ ਤੋਂ ਡਰ ਲੱਗ ਰਿਹਾ ਹੈ। ਉਨ੍ਹਾ ਕਿਹਾ ਕਿ ਜਿਹੜਾ ਕਾਲਾ ਧਨ ਪਹਿਲਾਂ ਸਮਾਨਾਂਤਕ ਆਰਥਿਕਤਾ ਦਾ ਆਧਾਰ ਸੀ, ਉਹ ਅਰਥ-ਵਿਵਸਥਾ 'ਚ ਆ ਗਿਆ ਹੈ ਅਤੇ ਇਸ ਸਥਿਰ ਬਦਲਾਅ 'ਚ ਆਧਾਰ ਨੰਬਰ ਤੋਂ ਮਦਦ ਮਿਲ ਰਹੀ ਹੈ। ਸਸਤਾ ਰਾਸ਼ਨ, ਸਕਾਲਰਸ਼ਿਪ, ਦਵਾਈ ਦਾ ਖਰਚਾ, ਪੈਨਸ਼ਨ, ਸਰਕਾਰ ਵੱਲੋਂ ਮਿਲਣ ਵਾਲੀ ਸਬਸਿਡੀ ਗਰੀਬਾਂ ਤੱਕ ਪਹੁੰਚਾਉਣ 'ਚ ਆਧਾਰ ਦੀ ਵੱਡੀ ਭੂਮਿਕਾ ਹੈ।
ਉਨ੍ਹਾ ਕਿਹਾ ਕਿ ਆਧਾਰ ਨਾਲ ਮੋਬਾਇਲ ਅਤੇ ਜਨ-ਧਨ ਦੀ ਤਾਕਤ ਜੁੜ ਜਾਣ ਨਾਲ ਇੱਕ ਅਜਿਹੀ ਵਿਵਸਥਾ ਦਾ ਨਿਰਮਾਣ ਹੋਇਆ ਹੈ, ਜਿਸ ਬਾਰੇ ਕੁਝ ਸਾਲ ਪਹਿਲਾਂ ਤੱਕ ਸੋਚਿਆ ਵੀ ਨਹੀਂ ਜਾ ਸਕਦਾ ਸੀ। ਪਿਛਲੇ ਤਿੰਨ ਸਾਲਾਂ ਦੌਰਾਨ ਆਧਾਰ ਦੀ ਮਦਦ ਨਾਲ ਕਰੋੜਾਂ ਫਰਜ਼ੀ ਨਾਂਅ ਸਿਸਟਮ 'ਚੋਂ ਹਟਾਏ ਗਏ ਹਨ ਅਤੇ ਹੁਣ ਇਹ ਬੇਨਾਮੀ ਜਾਇਦਾਦ ਵਿਰੁੱਧ ਵੀ ਵੱਡਾ ਹਥਿਆਰ ਬਣ ਕੇ ਸਾਹਮਣੇ ਆਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਵੱਡੇ ਪਰਿਵਰਤਨ ਲਈ ਪੂਰੇ ਸਿਸਟਮ 'ਚ ਬਦਲਾਅ ਕਰਨਾ ਪੈਂਦਾ ਹੈ ਅਤੇ ਜਦੋਂ ਇਹ ਬਦਲਾਅ ਆਉਂਦੇ ਹਨ ਤਾਂ ਦੇਸ਼ ਅੱਗੇ ਵੱਧਦਾ ਹੈ। ਉਨ੍ਹਾ ਕਿਹਾ ਕਿ ਸਾਲ 2014 'ਚ ਸਾਡੇ ਸੱਤਾ 'ਚ ਆਉਣ ਵੇਲੇ ਅਰਥ-ਵਿਵਸਥਾ, ਸ਼ਾਸਨ ਅਤੇ ਬੈਂਕਿੰਗ ਸਿਸਟਮ ਦੀ ਹਾਲਤ ਵਿਗੜੀ ਹੋਈ ਸੀ, ਪਰ ਅੱਜ ਹਾਲਾਤ ਬੇਹਤਰ ਹਨ ਅਤੇ ਦੁਨੀਆ ਦਾ ਹਰੇਕ ਛੋਟੇ ਤੋਂ ਵੱਡਾ ਦੇਸ਼ ਭਾਰਤ ਨਾਲ ਮਿਲ ਕੇ ਚੱਲਣਾ ਚਾਹੁੰਦਾ ਹੈ ਅਤੇ ਕੌਮਾਂਤਰੀ ਮੰਚ 'ਤੇ ਭਾਰਤ ਦਾ ਅਸਰ ਲਗਾਤਾਰ ਵੱਧ ਰਿਹਾ ਹੈ।