ਸੀ ਪੀ ਆਈ ਤੇ ਸੀ ਪੀ ਐੱਮ ਅੱਜ ਕਾਲਾ ਦਿਵਸ ਮਨਾਉਣਗੀਆਂ


ਚੰਡੀਗੜ੍ਹ
(ਨਵਾਂ ਜ਼ਮਾਨਾ ਸਰਵਿਸ)
ਸੀ ਪੀ ਆਈ ਅਤੇ ਸੀ ਪੀ ਆਈ (ਐੱਮ) ਦੋਵੇਂ ਖੱਬੀਆਂ ਪਾਰਟੀਆਂ 6 ਦਸੰਬਰ ਨੂੰ ਕਾਲੇ ਦਿਵਸ ਦੇ ਤੌਰ 'ਤੇ ਮਨਾਉਣਗੀਆਂ। ਦੇਸ਼ ਅੰਦਰ ਫਿਰਕੂ ਧਰੁਵੀਕਰਨ, ਜਿਸ ਨੂੰ ਕੇਂਦਰ ਦੀ ਮੋਦੀ ਸਰਕਾਰ ਅਤੇ ਕਈ ਦੂਜੇ ਰਾਜਾਂ ਵਿਚ ਭਾਜਪਾ ਦੀਆਂ ਸਰਕਾਰਾਂ ਸੁਰੱਖਿਆ ਦੇ ਰਹੀਆਂ ਹਨ ਤੇ ਉਨ੍ਹਾਂ ਨੂੰ ਉਤਸ਼ਾਹਤ ਕਰ ਰਹੀਆਂ ਹਨ, ਖਿਲਾਫ ਸੰਘਰਸ਼ ਨੂੰ ਮਜ਼ਬੂਤ ਕੀਤਾ ਜਾਵੇਗਾ।
ਇਹ ਜਾਣਕਾਰੀ ਇਕ ਸਾਂਝੇ ਪ੍ਰੈੱਸ ਬਿਆਨ ਰਾਹੀਂ ਸੀ ਪੀ ਆਈ ਅਤੇ ਸੀ ਪੀ ਆਈ (ਐੱਮ) ਦੇ ਸੂਬਾ ਸਕੱਤਰਾਂ ਸਾਥੀ ਹਰਦੇਵ ਅਰਸ਼ੀ ਤੇ ਚਰਨ ਸਿੰਘ ਵਿਰਦੀ ਨੇ ਦਿੱਤੀ। ਉਨ੍ਹਾਂ ਕਿਹਾ ਕਿ 6 ਦਸੰਬਰ 1992 ਨੂੰ ਬਾਬਰੀ ਮਸਜਿਦ ਨੂੰ ਜਾਣਬੁੱਝ ਕੇ ਢਾਹੁਣਾ ਆਜ਼ਾਦ ਭਾਰਤ ਦੇ ਇਤਿਹਾਸਕ ਕੈਲੰਡਰ ਵਿਚ ਕਾਲੇ ਐਤਵਾਰ ਦੇ ਤੌਰ 'ਤੇ ਜਾਣਿਆ ਜਾਵੇਗਾ।
ਉਨ੍ਹਾਂ ਦੋਸ਼ ਲਾਇਆ ਕਿ ਆਰ ਐੱਸ ਐੱਸ ਦੀ ਸਰਪ੍ਰਸਤੀ ਹੇਠ ਹਿੰਦੁਤਵ ਨਿੱਜੀ ਸੈਨਾਵਾਂ ਨੇ ਬਾਬਰੀ ਮਸਜਿਦ ਢਾਹੀ, ਜਿਸ ਦੀ ਅਗਵਾਈ ਭਾਜਪਾ ਆਗੂਆਂ ਨੇ ਕੀਤੀ। ਇਹ ਭਗਵੀਆਂ ਨਿੱਜੀ ਸੈਨਾ ਇੰਨੀਆਂ ਉਤਸ਼ਾਹਿਤ ਹੋ ਗਈਆਂ ਹਨ ਕਿ ਇਨ੍ਹਾਂ ਨੇ ਕਾਨੂੰਨ ਨੂੰ ਆਪਣੇ ਹੱਥ ਵਿਚ ਲੈ ਲਿਆ ਹੈ, ਜਿਵੇਂ ਸਮਝਦੀਆਂ ਹਨ ਕਿ ਉਹ ਆਪ ਹੀ ਕਾਨੂੰਨ ਹਨ। ਦਲਿਤਾਂ ਅਤੇ ਮੁਸਲਮਾਨਾਂ 'ਤੇ ਗਊ ਹੱਤਿਆ ਦੇ ਝੂਠੇ ਇਲਜ਼ਾਮ ਲਗਾ ਕੇ ਗਊ-ਰਾਖਿਆ ਵੱਲੋਂ ਕੀਤੇ ਜਾ ਰਹੇ ਹਮਲਿਆਂ ਦੀ ਖੱਬੇ ਪੱਖੀ ਆਗੂਆਂ ਨੇ ਨਿਖੇਧੀ ਕੀਤੀ।
ਕਾਮਰੇਡ ਅਰਸ਼ੀ ਤੇ ਵਿਰਦੀ ਨੇ ਕਿਹਾ ਕਿ 6 ਦਸੰਬਰ ਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਬਰਸੀ ਵੀ ਹੈ। ਉਨ੍ਹਾਂ ਕਿਹਾ ਕਿ ਖੱਬੀਆਂ ਪਾਰਟੀਆਂ ਇਸ ਦਿਨ ਨੂੰ ਦੇਸ਼ ਭਰ ਵਿਚ ਦਲਿਤਾਂ 'ਤੇ ਵੱਧ ਰਹੇ ਹਮਲਿਆਂ ਵਿਰੁੱਧ ਮੁਹਿੰਮ ਨੂੰ ਹੋਰ ਤਿੱਖਾ ਕਰਨ ਦਾ ਅਹਿਦ ਲੈਣਗੀਆਂ। ਅੰਦੋਲਨ ਦਾ ਰੂਪ ਜ਼ਿਲ੍ਹਾ ਇਕਾਈਆਂ ਆਪਣੇ ਤੌਰ 'ਤੇ ਤੈਅ ਕਰਕੇ ਲਾਗੂ ਕਰਨਗੀਆਂ।