ਕਾਮਰੇਡ ਭਗਵਾਨ ਸਿੰਘ ਅਣਖੀ ਦੀ 26ਵੀਂ ਬਰਸੀ ਅੱਜ


ਪਟਿਆਲਾ (ਨਵਾਂ ਜ਼ਮਾਨਾ ਸਰਵਿਸ)
ਬਿਜਲੀ ਕਾਮਿਆਂ ਦੀ ਜਥੇਬੰਦੀ ਪੀ ਐੱਸ ਈ ਬੀ ਇੰਪ: ਫੈਡ: ਏਟਕ ਦੇ ਸਾਬਕਾ ਸੂਬਾ ਪ੍ਰਧਾਨ ਕਾਮਰੇਡ ਭਗਵਾਨ ਸਿੰਘ ਅਣਖੀ ਦੀ 26ਵੀਂ ਬਰਸੀ ਅੱਜ 11 ਵਜੇ ਕਾਮਰੇਡ ਅਣਖੀ ਯਾਦਗਾਰੀ ਭਵਨ ਫੈਕਟਰੀ ਏਰੀਆ, ਪਟਿਆਲਾ ਵਿਖੇ ਪੂਰੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ।
ਇਸ ਸੰਬੰਧੀ ਬਿਆਨ ਜਾਰੀ ਕਰਦਿਆ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਭਜਨ ਸਿੰਘ ਅਤੇ ਸੂਬਾ ਜਨਰਲ ਸਕੱਤਰ ਨਰਿੰਦਰ ਸੈਣੀ ਨੇ ਦੱਸਿਆ ਕਿ ਸਵੇਰੇ 11.30 ਵਜੇ ਝੰਡੇ ਦੀ ਰਸਮ ਉਪਰੰਤ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ, ਜਿਸ ਵਿੱਚ ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ, ਜਗਰੂਪ ਸਿੰਘ, ਸੁਖਦੇਵ ਸ਼ਰਮਾ, ਸਤਨਾਮ ਸਿੰਘ ਛਲੇੜੀ, ਗੁਰਨਾਮ ਸਿੰਘ ਗਿੱਲ, ਰਾਧੇਸ਼ਿਆਮ, ਜਗਦੀਸ਼ ਸ਼ਰਮਾ, ਜਸਵੀਰ ਸਿੰਘ ਤੋਂ ਇਲਾਵਾ ਸੂਬਾ ਕਮੇਟੀ ਦੇ ਮੌਜੂਦਾ ਅਤੇ ਸਾਬਕਾ ਆਗੂਆਂ ਸਮੇਤ ਭਰਾਤਰੀ ਜਥੇਬੰਦੀਆਂ ਦੇ ਸੂਬਾਈ ਆਗੂ ਕਾਮਰੇਡ ਅਣਖੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਇਸ ਮੌਕੇ ਸਾਲ 2018 ਦੀ ਡਾਇਰੀ ਅਤੇ 'ਬਿਜਲੀ ਉਜਾਲਾ' ਦਾ ਵਿਸ਼ੇਸ਼ ਅੰਕ ਰਿਲੀਜ਼ ਕੀਤਾ ਜਾਵੇਗਾ ਅਤੇ ਕਾਮਰੇਡ ਅਣਖੀ ਸਮੇਤ ਵਿੱਛੜ ਚੁੱਕੇ ਸੂਬਾਈ ਆਗੂਆਂ ਦੇ ਪਰਵਾਰਾਂ ਨੂੰ ਸਨਮਾਨਤ ਵੀ ਕੀਤਾ ਜਾਵੇਗਾ।
ਜਥੇਬੰਦੀ ਦੀ ਸੂਬਾ ਕਮੇਟੀ ਨੇ ਸਮੁੱਚੇ ਪੰਜਾਬ ਦੇ ਬਿਜਲੀ ਕਾਮਿਆਂ ਨੂੰ ਬਰਸੀ ਵਿੱਚ ਹੁੰਮਾ-ਹੁਮਾ ਕੇ ਪਹੁੰਚਣ ਦੀ ਪੁਰਜ਼ੋਰ ਅਪੀਲ ਕੀਤੀ ਹੈ, ਤਾਂ ਜੋ ਸਰਮਾਏਦਾਰ ਹਾਕਮ ਜਮਾਤਾਂ ਦੇ ਮਜ਼ਦੂਰ ਜਮਾਤ 'ਤੇ ਚੌਤਰਫ਼ੀ ਹੱਲੇ ਦਾ ਟਾਕਰਾ ਕਰਨ ਲਈ ਵਿਚਾਰਾਂ ਕੀਤੀਆਂ ਜਾਣ।