ਯਸ਼ਵੰਤ ਸਿਨ੍ਹਾ ਵੱਲੋਂ ਆਪਣੀ ਹੀ ਸਰਕਾਰ ਵਿਰੁੱਧ ਮੋਰਚਾ

ਅਕੋਲਾ (ਨਵਾਂ ਜ਼ਮਾਨਾ ਸਰਵਿਸ)
ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਖਜ਼ਾਨਾ ਮੰਤਰੀ ਯਸ਼ਵੰਤ ਸਿਨ੍ਹਾ ਦਾ ਆਪਣੀ ਹੀ ਪਾਰਟੀ ਵਿਰੁੱਧ ਪ੍ਰਦਰਸ਼ਨ ਜਾਰੀ ਹੈ। ਉਹ ਮਹਾਰਾਸ਼ਟਰ ਦੇ ਵਿਦਰਭ ਖੇਤਰ 'ਚ ਕਿਸਾਨਾਂ ਦੀਆਂ ਮੰਗਾਂ ਦੇ ਹੱਕ 'ਚ ਧਰਨਾ ਦੇ ਰਹੇ ਹਨ। ਉਨ੍ਹਾ ਕਿਹਾ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਨ੍ਹਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ, ਹਾਲਾਂਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਉਨ੍ਹਾ ਨਾਲ ਫੋਨ 'ਤੇ ਗੱਲਬਾਤ ਕੀਤੀ।
ਕਿਸਾਨਾਂ ਦੇ ਪ੍ਰਦਰਸ਼ਨ ਦੀ ਅਗਵਾਈ ਕਰਨ 'ਤੇ ਪੁਲਸ ਨੇ ਸੋਮਵਾਰ ਸ਼ਾਮ ਸਿਨ੍ਹਾ ਨੂੰ ਹਿਰਾਸਤ 'ਚ ਲੈ ਲਿਆ ਸੀ। ਉਸ ਵੇਲੇ ਉਹ ਡੀ ਸੀ ਦਫਤਰ ਦੇ ਅੱਗੇ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾ ਨੂੰ ਹਿਰਾਸਤ 'ਚ ਲੈ ਕੇ ਜ਼ਿਲ੍ਹਾ ਪੁਲਸ ਹੈੱਡਕੁਆਟਰ ਲਿਜਾਇਆ ਗਿਆ ਅਤੇ ਮਗਰੋਂ ਛੱਡ ਦਿੱਤਾ ਗਿਆ, ਪਰ 80 ਸਾਲਾ ਆਗੂ ਨੇ ਉਥੋਂ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਪੁਲਸ ਮੈਦਾਨ 'ਚ ਧਰਨਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਉਹ ਕਿਸਾਨਾਂ ਦੀਆਂ ਮੰਗਾਂ ਮੰਨੇ ਜਾਣ ਤੱਕ ਪਿੱਛੇ ਨਹੀਂ ਹਟਣਗੇ।
ਸਿਨ੍ਹਾ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਗੰਭੀਰ ਨਹੀਂ। ਇੱਕ ਅਧਿਕਾਰੀ ਨੇ ਕਿਹਾ ਕਿ ਮੁੱਖ ਮੰਤਰੀ ਫੜਨਵੀਸ ਨੇ ਬੁੱਧਵਾਰ ਸਵੇਰੇ ਫੋਨ 'ਤੇ ਯਸ਼ਵੰਤ ਸਿਨ੍ਹਾ ਨਾਲ ਗੱਲਬਾਤ ਕੀਤੀ ਅਤੇ ਕਿਸਾਨਾਂ ਦੀਆਂ ਮੰਗਾਂ 'ਤੇ ਵਿਚਾਰ-ਵਟਾਂਦਰਾ ਕੀਤਾ। ਜ਼ਿਕਰਯੋਗ ਹੈ ਕਿ ਕੱਲ੍ਹ ਸ਼ਿਵ ਸੈਨਾ ਮੁਖੀ ਉਧਵ ਠਾਕਰੇ ਨੇ ਕਿਸਾਨ ਮੰਗਾਂ ਬਾਰੇ ਸਿਨ੍ਹਾ ਨਾਲ ਗੱਲ ਕੀਤੀ ਸੀ।
ਓਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਕੀੜਿਆਂ ਕਾਰਨ ਕਪਾਹ ਉਤਪਾਦਕਾਂ ਦੇ ਨੁਕਸਾਨ ਦੀ ਭਰਪਾਈ ਲਈ ਉਨ੍ਹਾਂ ਨੂੰ ਮੁਆਵਜ਼ਾ ਦੇਣ, ਨਕਲੀ ਬੀਜ ਸਪਲਾਈ ਕਰਨ ਵਾਲੀਆਂ ਕੰਪਨੀਆਂ ਵਿਰੁੱਧ ਕਾਰਵਾਈ ਸਮੇਤ ਕਿਸਾਨਾਂ ਦੀਆਂ ਜ਼ਿਆਦਾਤਰ ਮੰਗਾਂ ਮੰਨ ਲਈਆਂ ਗਈਆਂ ਹਨ, ਪਰ ਕਿਸਾਨ ਮੰਗ ਕਰ ਰਹੇ ਹਨ ਕਿ ਬੈਂਕ ਅਧਿਕਾਰੀ ਤੇ ਪ੍ਰਸ਼ਾਸਨ ਨਿੱਜੀ ਤੌਰ 'ਤੇ ਪੰਚਾਇਤਾਂ 'ਚ ਜਾ ਕੇ ਕਰਜ਼ਾ ਮਾਫੀ ਨੂੰ ਅਮਲ 'ਚ ਲਿਆਉਣ। ਕੁਲੈਕਟਰ ਆਸਤਿਕ ਕੁਮਾਰ ਪਾਂਡੇ ਨੇ ਕਿਹਾ ਕਿ ਫਸਲਾਂ ਦੇ ਸਮਰਥਨ ਮੁੱਲ ਦੀ ਮੰਗ ਨੂੰ ਛੱਡ ਕੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ, ਕਿਉਂਕਿ ਸਮਰਥਨ ਮੁੱਲ ਬਾਰੇ ਫੈਸਲਾ ਕੇਂਦਰ ਸਰਕਾਰ ਨੇ ਕਰਨਾ ਹੈ। ਉਨ੍ਹਾ ਨੇ ਸਿਨ੍ਹਾ ਦੀ ਅਗਵਾਈ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਅੰਦੋਲਨ ਵਾਪਸ ਲੈਣ ਦੀ ਅਪੀਲ ਕੀਤੀ।