ਮੁਦਰਾ ਨੀਤੀ ਸਮੀਖਿਆ; ਰਿਜ਼ਰਵ ਬੈਂਕ ਵੱਲੋਂ ਦਰਾਂ 'ਚ ਕੋਈ ਬਦਲਾਅ ਨਹੀਂ


ਨਵੀਂ ਦਿੱਲੀ/ਮੁੰਬਈ (ਨਵਾਂ ਜ਼ਮਾਨਾ ਸਰਵਿਸ)
ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਨੇ ਰੇਪੋ ਦਰ 'ਚ ਮੁੜ ਕੋਈ ਬਦਲਾਅ ਨਹੀਂ ਕੀਤਾ। ਇਸ ਤੋਂ ਸਾਫ ਹੈ ਕਿ ਇਸ ਵਾਰ ਵੀ ਲੋਕਾਂ ਦੀ ਸਸਤੇ ਕਰਜ਼ੇ ਦੀ ਉਡੀਕ ਖਤਮ ਨਹੀਂ ਹੋਵੇਗੀ। ਆਰ ਬੀ ਆਈ ਨੇ ਰੇਪੋ ਰੇਟ 6 ਫੀਸਦੀ 'ਤੇ ਬਰਕਰਾਰ ਰੱਖੀ ਹੈ। ਇਸ ਤੋਂ ਪਹਿਲਾਂ ਅਕਤੂਬਰ 'ਚ ਵੀ ਆਰ ਬੀ ਆਈ ਦੀ ਮੁਦਰਾ ਨੀਤੀ ਕਮੇਟੀ ਨੇ ਰੇਪੋ ਰੇਟ 'ਚ ਕੋਈ ਬਦਲਾਅ ਨਹੀਂ ਕੀਤਾ ਸੀ ਅਤੇ ਅਕਤੂਬਰ 'ਚ ਵੀ ਇਸ ਨੂੰ 6 ਫੀਸਦੀ ਹੀ ਰੱਖਿਆ ਗਿਆ ਸੀ।
ਮੁਦਰਾ ਨੀਤੀ ਕਮੇਟੀ ਨੇ ਰੇਪੋ ਰੇਟ 'ਚ ਕਟੌਤੀ ਕੀਤੇ ਜਾਣ ਲਈ ਮਹਿੰਗਾਈ ਨੂੰ ਜ਼ਿੰਮੇਵਾਰ ਦੱਸਿਆ ਹੈ। ਕਮੇਟੀ ਨੇ ਕਿਹਾ ਕਿ ਮਹਿੰਗਾਈ ਨੂੰ 4 ਫੀਸਦੀ ਦੇ ਦਾਇਰੇ 'ਚ ਰੱਖਣ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਇਹ ਫੈਸਲਾ ਕੀਤਾ ਗਿਆ ਹੈ। ਇਸੇ ਕਾਰਨ ਨੀਤੀਗਤ ਦਰਾਂ 'ਚ ਕੋਈ ਬਦਲਾਅ ਨਾ ਕਰਨ ਦਾ ਫੈਸਲਾ ਕੀਤਾ ਗਿਆ।
ਆਰ ਬੀ ਆਈ ਨੇ ਅਰਥ-ਵਿਵਸਥਾ ਦੀ ਵਿਕਾਸ ਦਰ ਦੇ ਅਨੁਮਾਨ 'ਚ ਵੀ ਇਸ ਵਾਰ ਕੋਈ ਫੇਰਬਦਲ ਨਹੀਂ ਕੀਤਾ ਅਤੇ ਇਸ ਨੂੰ 6.7 ਫੀਸਦੀ 'ਤੇ ਹੀ ਬਰਕਰਾਰ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੀ ਮੀਟਿੰਗ ਵਿੱਚ ਵਿਕਾਸ ਦਰ ਅਨੁਮਾਨ 7.3 ਫੀਸਦੀ ਤੋਂ ਘਟ ਕੇ 6.7 ਫੀਸਦੀ ਕਰ ਦਿੱਤਾ ਗਿਆ ਸੀ।
ਆਰ ਬੀ ਆਈ ਨੇ ਅਗਸਤ 'ਚ 7.3 ਫੀਸਦੀ ਦਾ ਅਨੁਮਾਨ ਜਾਰੀ ਕੀਤਾ ਸੀ। ਮਹਿੰਗਾਈ ਦੇ ਅਨੁਮਾਨ 'ਚ ਬਦਲਾਅ ਕਰਦਿਆਂ ਕੇਂਦਰੀ ਬੈਂਕ ਨੇ ਕਿਹਾ ਕਿ ਦਸੰਬਰ ਅਤੇ ਮਾਰਚ ਦੀ ਤਿਮਾਹੀ 'ਚ ਮਹਿੰਗਾਈ ਦਰ 4.3 ਤੋਂ 4.7 ਫੀਸਦੀ ਵਿਚਕਾਰ ਰਹੇਗੀ। ਬੈਂਕ ਨੇ ਕਿਹਾ ਕਿ ਹਾਲ ਦੇ ਦਿਨਾਂ 'ਚ ਸਬਜ਼ੀਆਂ ਦੀਆਂ ਕੀਮਤਾਂ 'ਚ ਭਾਰੀ ਵਾਧਾ ਹੋਇਆ ਹੈ, ਪਰ ਆਉਣ ਵਾਲੇ ਦਿਨਾਂ 'ਚ ਇਸ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ।
ਦਾਲਾਂ ਦੀਆਂ ਕੀਮਤਾਂ ਵੀ ਘਟਣਗੀਆਂ ਅਤੇ ਜੀ ਐੱਸ ਟੀ ਕੌਂਸਲ ਨੇ ਵੀ ਕਈ ਚੀਜ਼ਾਂ 'ਤੇ ਦਰਾਂ ਘਟਾ ਦਿੱਤੀਆਂ ਹਨ ਅਤੇ ਇਨ੍ਹਾਂ ਸਭ ਨਾਲ ਆਉਣ ਵਾਲੇ ਦਿਨਾਂ 'ਚ ਮਹਿੰਗਾਈ ਘਟੇਗੀ। ਭਾਰਤੀ ਰਿਜ਼ਰਵ ਬੈਂਕ ਨੇ ਰਿਵਰਸ ਰੋਪੇ ਰੇਟ 5.75 ਫੀਸਦੀ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਨਾਲ ਅਰਥ-ਵਿਵਸਥਾ ਦੇ ਵਿਕਾਸ 'ਚ ਤੇਜ਼ੀ ਲਿਆਉਣ 'ਚ ਮਦਦ ਮਿਲੇਗੀ।