ਕਾਮਰੇਡ ਭਗਵਾਨ ਸਿੰਘ ਅਣਖੀ ਦੀ ਬਰਸੀ ਜੋਸ਼ੋ-ਖਰੋਸ਼ ਨਾਲ ਮਨਾਈ


ਪਟਿਆਲਾ, (ਨਵਾਂ ਜ਼ਮਾਨਾ ਸਰਵਿਸ)
ਬਿਜਲੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੀ ਐੱਸ ਈ ਬੀ ਇੰਪ. ਫੈਡ. ਏਟਕ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਕਾਮਰੇਡ ਭਗਵਾਨ ਸਿੰਘ ਅਣਖੀ ਦੀ 26ਵੀਂ ਬਰਸੀ ਅੱਜ ਸੂਬਾ ਪ੍ਰਧਾਨ ਹਰਭਜਨ ਸਿੰਘ ਪਿਲਖਣੀ ਦੀ ਪ੍ਰਧਾਨਗੀ ਹੇਠ ਕਾਮਰੇਡ ਅਣਖੀ ਯਾਦਗਾਰੀ ਭਵਨ ਫੈਕਟਰੀ ਏਰੀਆ ਪਟਿਆਲਾ ਵਿਖੇ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਈ ਗਈ। ਇਸ ਮੌਕੇ ਸਮੁੱਚੇ ਪੰਜਾਬ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਹੋਏ ਬਿਜਲੀ ਕਾਮਿਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਨਰਿੰਦਰ ਸੈਣੀ ਨੇ ਅਣਖੀ ਜੀ ਦੇ ਜੀਵਨ ਬਾਰੇ ਗੱਲ ਕਰਦਿਆਂ ਦੱਸਿਆ ਕਿ ਅਣਖੀ ਜੀ ਦਾ ਜਨਮ 29 ਜਨਵਰੀ 1941 ਨੂੰ ਪਿੰਡ ਖੇੜੀ ਚਹਿਲਾਂ, ਜ਼ਿਲ੍ਹਾ ਸੰਗਰੂਰ ਵਿਖੇ ਮਾਤਾ ਹਮੀਰ ਕੌਰ ਪਿਤਾ ਪਾਲਾ ਸਿੰਘ ਦੇ ਘਰ ਹੋਇਆ। ਜਿਨ੍ਹਾਂ ਨੇ ਮੁੱਢਲੀ ਪੜ੍ਹਾਈ ਕਰਨ ਤੋਂ ਬਾਅਦ ਬਿਜਲੀ ਬੋਰਡ ਵਿੱਚ ਬਤੌਰ ਐੱਲ ਡੀ ਸੀ ਭਰਤੀ ਹੋ ਕੇ ਡਿਊਟੀ ਕਰਦਿਆਂ ਪੀ ਐੱਸ ਈ ਬੀ ਇੰਪ. ਫੈਡਰੇਸ਼ਨ ਏਟਕ ਦੀ ਮੈਂਬਰਸ਼ਿਪ ਲੈ ਕੇ ਬਿਜਲੀ ਕਾਮਿਆਂ ਦੀ ਅਗਵਾਈ ਕਰਦਿਆਂ ਜਥੇਬੰਦੀ ਦੇ ਤਿੰਨ ਵਾਰ ਸੂਬਾ ਪ੍ਰਧਾਨ ਅਤੇ ਇੱਕ ਵਾਰ ਸੂਬਾ ਜਨਰਲ ਸਕੱਤਰ ਚੁਣੇ ਗਏ ਅਤੇ ਕੁੱਲ ਹਿੰਦ ਬਿਜਲੀ ਫੈਡਰੇਸ਼ਨ ਦੇ ਕੇਂਦਰੀ ਆਗੂ ਵੀ ਕਾਮਰੇਡ ਅਣਖੀ ਜੀ ਆਪਣੀ ਸੂਝ-ਬੂਝ ਨਾਲ ਬਣੇ। ਇਸ ਮੌਕੇ ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ, ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਸਿੰਘ, ਏਟਕ ਪੰਜਾਬ ਦੇ ਸਕੱਤਰ ਸੁਖਦੇਵ ਸ਼ਰਮਾ, ਕੁੱਲ ਹਿੰਦ ਬਿਜਲੀ ਫੈਡਰੇਸ਼ਨ ਦੇ ਮੀਤ ਪ੍ਰਧਾਨ ਸਤਨਾਮ ਸਿੰਘ ਛਲੇੜੀ, ਜਗਦੀਸ਼ ਸ਼ਰਮਾ, ਜਸਵੀਰ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਮਰੇਡ ਅਣਖੀ ਨੇ ਮਜ਼ਦੂਰ ਜਮਾਤ ਦੇ ਹਿੱਤਾਂ ਦੀ ਪਹਿਰੇਦਾਰੀ ਦ੍ਰਿੜ੍ਹ ਇਰਾਦੇ ਨਾਲ ਕਰਦਿਆਂ ਬਿਜਲੀ ਕਾਮਿਆਂ ਨੂੰ ਜਨਵਰੀ 1986 ਦੇ ਸਕੇਲਾਂ ਦੀ ਸੁਧਾਈ ਸਮੇਂ 9/16/23 ਸਾਲਾ ਪ੍ਰਮੋਸ਼ਨਲ ਸਕੇਲ ਲੈ ਕੇ ਦਿੱਤੇ ਅਤੇ ਜਥੇਬੰਦੀ ਦੀ ਔਖੇ ਸਮਿਆਂ ਵਿੱਚ ਅਗਵਾਈ ਕਰਦਿਆਂ ਬੁਲੰਦੀਆਂ ਤੱਕ ਲੈ ਕੇ ਗਏ, ਪਰ ਕਾਮਰੇਡ ਅਣਖੀ ਜੀ ਅਚਾਨਕ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਹੋ ਕੇ 15 ਅਗਸਤ 1991 ਨੂੰ ਮਜ਼ਦੂਰ ਜਮਾਤ ਨੂੰ ਅਲਵਿਦਾ ਕਹਿ ਗਏ। ਅਸੀਂ ਉਨ੍ਹਾ ਵੱਲੋਂ ਮਜ਼ਦੂਰ ਜਮਾਤ ਲਈ ਕੀਤੇ ਵੱਡੇ ਕਾਰਜ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕਰ ਰਹੇ ਹਾਂ ਅਤੇ ਸਰਮਾਏਦਾਰ ਪੱਖੀ ਹਾਕਮ ਜਮਾਤਾਂ ਵੱਲੋਂ ਮਜ਼ਦੂਰ ਜਮਾਤ ਦੇ ਲਗਾਤਾਰ ਕੀਤੇ ਜਾ ਰਹੇ ਆਰਥਿਕ ਸ਼ੋਸ਼ਣ ਦੀ ਜ਼ੋਰਦਾਰ ਨਿੰਦਾ ਕਰਦੇ ਹੈ। ਆਗੂਆਂ ਨੇ ਮਜ਼ਦੂਰ ਜਮਾਤ 'ਤੇ ਹੋ ਰਹੇ ਚਹੁੰਤਰਫੀ ਹੱਲੇ ਖਿਲਾਫ ਮਜ਼ਬੂਤ ਲਾਮਬੰਦੀ ਕਰਕੇ ਤਿੱਖੇ ਸੰਘਰਸ਼ ਦਾ ਸੱਦਾ ਦਿੱਤਾ। ਇਸ ਮੌਕੇ ਕਾਮਰੇਡ ਅਣਖੀ ਦੀ ਯਾਦ ਨੂੰ ਯਦੀਵੀ ਰੱਖਣ ਲਈ ਸਾਲ 2018 ਦੀ ਡਾਇਰੀ ਅਤੇ ਬਿਜਲੀ ਉਜਾਲੇ ਦਾ ਵਿਸ਼ੇਸ਼ ਅੰਕ ਰਿਲੀਜ਼ ਕੀਤਾ ਅਤੇ ਕਾਮਰੇਡ ਅਣਖੀ, ਤਜਿੰਦਰ ਸੋਹੀ, ਪਦਮ ਸਿੰਘ ਠਾਕਰ, ਬਸੰਤ ਰਾਮ ਵੇਰਕਾ, ਦਰਸ਼ਨ ਸਿੰਘ ਢਿੱਲੋਂ ਦੇ ਪਰਵਾਰਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਜਥੇਬੰਦੀ ਦੇ ਸਾਬਕਾ ਆਗੂਆਂ ਗੁਰਨਾਮ ਸਿੰਘ ਗਿੱਲ, ਰਾਧੇ ਸੁਆਮ, ਕੇਵਲ ਸਿੰਘ ਬਨਵੈਤ, ਐੱਸ ਪੀ ਸਿੰਘ, ਗੁਰਬਖਸ਼ ਸਿੰਘ, ਰਣਜੀਤ ਸਿੰਘ ਗਿੱਲ ਤੋਂ ਇਲਾਵਾ ਜਥੇਬੰਦੀ ਦੇ ਸੂਬਾਈ ਆਗੂਆਂ ਰਾਜ ਕੁਮਾਰ ਤਿਵਾੜੀ, ਨਰਿੰਦਰ ਬੱਲ, ਰਮਨ ਭਾਰਦਵਾਜ, ਭੁਪਿੰਦਰਪਾਲ ਸਿੰਘ ਬਰਾੜ, ਜਗਦੇਵ ਸਿੰਘ ਬਾਹੀਆ, ਪ੍ਰਦੁਮਨ ਗੌਤਮ, ਗੁਰਪ੍ਰੀਤ ਸਿੰਘ ਗੰਡੀਵਿੰਡ, ਰਣਜੀਤ ਸਿੰਘ ਬਿੰਝੋਕੀ, ਗੁਰਮੀਤ ਸਿੰਘ ਧਾਲੀਵਾਲ, ਸੁਰਿੰਦਰਪਾਲ ਲਹੌਰੀਆ, ਮੁਸਤਾਕ ਮਸੀਹ ਨੇ ਮਜ਼ਦੂਰ ਜਮਾਤ ਦੇ ਪੱਖ 'ਚ ਮਤੇ ਪਾਸ ਕੀਤੇ, ਜਿਨ੍ਹਾਂ ਨੂੰ ਹਾਜ਼ਰੀਨ ਨੇ ਨਾਅਰਿਆਂ ਦੀ ਗੂੰਜ ਦੇ ਮਤੇ ਪਾਸ ਕੀਤੇ, ਜਿਨ੍ਹਾ ਨੂੰ ਹਾਜ਼ਰੀਨ ਨੇ ਨਾਅਰਿਆਂ ਦੀ ਗੂੰਜ 'ਚ ਮੁਲਾਜ਼ਮ ਆਗੂਆਂ ਨੇ ਪਾਵਰ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਤੇ ਕਿਹਾ ਕਿ 18 ਨਵੰਬਰ ਨੂੰ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਕਮੇਟੀ ਨਾਲ ਮੁਹਾਲੀ ਵਿਖੇ ਕੀਤੀ ਮੀਟਿੰਗ ਵਿੱਚ ਹੋਈਆਂ ਸਹਿਮਤੀਆਂ ਨੂੰ ਇੰਨ-ਬਿੰਨ ਲਾਗੂ ਨਾ ਕੀਤਾ ਤਾਂ ਹੋਰ ਵੀ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ, ਤਾਂ ਜੋ 1 ਦਸੰਬਰ ਤੋਂ ਪੇ ਬੈਂਡ ਦੀ ਅਤੇ 23 ਸਾਲਾ ਸਕੇਲ ਦੀ ਬਿਨਾਂ ਸ਼ਰਤ ਪ੍ਰਾਪਤੀ ਕੀਤੀ ਜਾ ਸਕੇ। ਮੁਲਾਜ਼ਮ ਆਗੂਆਂ ਨੇ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨ ਸਮੇਤ ਸਾਰੇ ਕੰਟਰੈਕਟ 'ਤੇ ਰੱਖੇ ਕਾਮਿਆਂ, ਪਾਰਟ ਟਾਇਮ ਸਵੀਪਰਾਂ ਨੂੰ ਪੱਕਿਆਂ ਕਰਨ, ਨਵੇਂ ਭਰਤੀ ਕੀਤੇ ਅਤੇ ਸੇਵਾਮੁਕਤ ਹੋਏ ਕਰਮਚਾਰੀਆਂ ਨੂੰ ਬਿਜਲੀ ਬਿੱਲਾਂ ਵਿੱਚੋਂ ਯੂਨਿਟਾਂ ਦੀ ਛੋਟ ਲਾਗੂ ਕਰਨ ਦੀ ਮੰਗ ਵੀ ਕੀਤੀ। ਇਸ ਮੌਕੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਇੰਪ. ਫੈਡ. ਕੇਸਰੀ ਝੰਡੇ ਵਾਲੀ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਚਾਹਲ, ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਦੇਵ ਸਿੰਘ ਨੇ ਵੀ ਕਾਮਰੇਡ ਭਗਵਾਨ ਸਿੰਘ ਅਣਖੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਲੰਗਰ ਤੇ ਚਾਹ ਦੇ ਪ੍ਰਬੰਧ ਪਟਿਆਲਾ ਸਰਕਲ ਦੇ ਆਗੂਆਂ ਨੇ ਜ਼ੋਰਾਵਰ ਸਿੰਘ ਸਰਕਲ ਪ੍ਰਧਾਨ ਦੀ ਅਗਵਾਈ ਹੇਠ ਸੁਚੱਜੇ ਪ੍ਰਬੰਧ ਕੀਤੇ ਅਤੇ ਸਾਰਿਆਂ ਨੂੰ ਲਾਲ ਝੰਡੀਆਂ ਨਾਲ ਲਾਲੋ-ਲਾਲ ਕੀਤਾ।