ਗੁਜਰਾਤ 'ਚ ਹੋਵੇਗੀ ਭਾਜਪਾ ਦੀ ਸਭ ਤੋਂ ਬੁਰੀ ਹਾਰ : ਯੋਗੇਂਦਰ ਯਾਦਵ


ਨਵੀਂ ਦਿੱਲੀ, (ਨਵਾਂ ਜ਼ਮਾਨਾ ਸਰਵਿਸ)
ਪ੍ਰਸਿੱਧ ਚੋਣ ਵਿਸ਼ਲੇਸ਼ਕ ਯੋਗੇਂਦਰ ਯਾਦਵ ਨੇ ਗੁਜਰਾਤ ਚੋਣਾਂ 'ਚ ਭਾਜਪਾ ਦੇ ਭਵਿੱਖ ਨੂੰ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਵਿਧਾਨ ਸਭਾ ਚੋਣ 'ਚ ਭਾਰਤੀ ਜਨਤਾ ਪਾਰਟੀ ਬੁਰੀ ਤਰ੍ਹਾਂ ਹਾਰੇਗੀ, ਜਿਸ ਨਾਲ ਇੱਕ ਵੱਡਾ ਸਿਆਸੀ ਭੁਚਾਲ ਆਉਣ ਵਾਲਾ ਹੈ।
ਗੁਜਰਾਤ ਵਿਧਾਨ ਸਭਾ ਚੋਣਾਂ ਬਾਰੇ ਸੀ ਐੱਸ ਡੀ ਐੱਸ ਵੱਲੋਂ ਕੀਤੇ ਗਏ ਸਰਵੇ ਦੇ ਅੰਕੜੇ ਪੇਸ਼ ਕਰਦਿਆਂ ਯਾਦਵ ਨੇ ਕਿਹਾ ਕਿ ਅਗਸਤ 'ਚ ਭਾਜਪਾ ਦੀ ਬੜ੍ਹਤ 30 ਫ਼ੀਸਦੀ ਸੀ, ਜਿਹੜੀ ਅਕਤੂਬਰ 'ਚ ਘੱਟ ਕੇ 6 ਫ਼ੀਸਦੀ ਰਹਿ ਗਈ ਅਤੇ ਨਵੰਬਰ 'ਚ ਇਹ ਬੜ੍ਹਤ ਸਿਫਰ ਫ਼ੀਸਦੀ ਰਹਿ ਗਈ। ਇਸ ਤੋਂ ਸਪੱਸ਼ਟ ਹੈ ਕਿ ਗੁਜਰਾਤ 'ਚ ਭਾਰਤੀ ਜਨਤਾ ਪਾਰਟੀ ਵਿਰੋਧੀ ਲਹਿਰ ਹੈ।
ਉਨ੍ਹਾ ਕਿਹਾ ਕਿ ਇਸ 'ਚ ਇੱਕ ਹੋਰ ਗੱਲ ਵੀ ਸ਼ਾਮਲ ਹੈ ਕਿ ਚੋਣਾਂ ਤੋਂ ਪਹਿਲਾਂ ਸਾਰੇ ਸਰਵੇ ਸੱਤਾਧਾਰੀ ਪਾਰਟੀ ਦਾ ਜ਼ਿਆਦਾ ਅਨੁਮਾਨ ਲਾਉਂਦੇ ਹਨ, ਇਸ ਹਿਸਾਬ ਨਾਲ ਮੈਂ ਇਹ ਸਿਟਾ ਕੱਢਦਾ ਹਾਂ ਕਿ ਭਾਰਤੀ ਜਨਤਾ ਪਾਰਟੀ ਬੁਰੀ ਹਾਰ ਵੱਲ ਵੱਧ ਰਹੀ ਹੈ, ਜਿਸ ਨਾਲ ਵੱਡਾ ਸਿਆਸੀ ਭੁਚਾਲ ਆ ਸਕਦਾ ਹੈ। ਮਾਹਰਾਂ ਅਨੁਸਾਰ ਜਿਸ ਤਰ੍ਹਾਂ ਪਿਛਲੇ ਡੇਢ ਸਾਲ 'ਚ ਗੁਜਰਾਤ 'ਚ ਭਾਜਪਾ ਦੀ ਜ਼ਮੀਨ ਖਿਸਕੀ ਹੈ, ਵਿਧਾਨ ਸਭਾ ਚੋਣਾਂ 'ਚ ਉਸ ਦਾ ਸਭ ਤੋਂ ਬੁਰਾ ਹਸ਼ਰ ਹੋ ਸਕਦਾ ਹੈ। ਪਹਿਲਾਂ ਪਾਟੀਦਾਰ ਸਮਾਜ ਦੀ ਨਰਾਜ਼ਗੀ, ਫੇਰ ਦਲਿਤ, ਆਦਿਵਾਸੀ ਅਤੇ ਓ ਬੀ ਸੀ ਸਮਾਜ ਦਾ ਲਗਾਤਾਰ ਵਿਰੋਧ ਅਤੇ ਇਸ ਦੌਰਾਨ ਕਾਂਗਰਸ ਨੇ ਮੌਕੇ ਦਾ ਫਾਇਦਾ ਲਂੈਦਿਆਂ ਸਾਰੇ ਵੱਡੇ ਅੰਦੋਲਨਕਾਰੀਆਂ ਨੂੰ ਆਪਣੇ ਨਾਲ ਮਿਲਾ ਲਿਆ।