ਅੱਤਵਾਦੀ ਹਿੰਸਾ ਛੱਡ ਕੇ ਭਾਰਤ 'ਚ ਵੀ ਚੋਣਾਂ ਲੜਨ : ਜਨਰਲ ਰਾਵਤ


ਨਵੀਂ ਦਿੱਲੀ, (ਨਵਾਂ ਜ਼ਮਾਨਾ ਸਰਵਿਸ)
ਭਾਰਤੀ ਫ਼ੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਪਾਕਿਸਤਾਨ ਦੀਆਂ ਅੱਤਵਾਦੀ ਜਥੇਬੰਦੀਆਂ ਚੋਣ ਪ੍ਰਕਿਰਿਆ 'ਚ ਹਿੱਸਾ ਲੈ ਰਹੀਆਂ ਹਨ ਤਾਂ ਸਾਡੇ ਅੱਤਵਾਦੀ ਵੀ ਚੋਣ ਲੜਨ ਅਤੇ ਚੋਣ ਪ੍ਰਕਿਰਿਆ 'ਚ ਹਿੱਸਾ ਲੈਣ। ਉਨ੍ਹਾ ਕਿਹਾ ਕਿ ਅੱਤਵਾਦੀ ਹਿੰਸਾ ਦਾ ਰਾਹ ਛੱਡ ਕੇ ਭਾਰਤੀ ਸੰਵਿਧਾਨ ਤਹਿਤ ਆਪਣੀਆਂ ਜਮਹੂਰੀ ਤਾਕਤਾਂ ਦੀ ਵਰਤੋਂ ਕਰਨ।
ਜਨਰਲ ਰਾਵਤ ਭਾਰਤ-ਪਾਕਿਸਤਾਨ ਸਰਹੱਦ 'ਤੇ ਫ਼ੌਜੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਰਾਜਸਥਾਨ 'ਚ ਸੂਰਤਗੜ੍ਹ ਗਏ ਹੋਏ ਸਨ। ਜਦੋਂ ਉਨ੍ਹਾ ਨੂੰ ਪੁੱਛਿਆ ਗਿਆ ਕਿ ਜਨਰਲ ਪਰਵੇਜ਼ ਮੁਸ਼ੱਰਫ਼ ਅੱਤਵਾਦੀ ਜਥੇਬੰਦੀਆਂ ਨਾਲ ਮਿਲ ਕੇ ਚੋਣ ਲੜ ਰਹੇ ਹਨ ਤਾਂ ਫ਼ੌਜ ਮੁਖੀ ਨੇ ਕਿਹਾ ਕਿ ਇਹ ਪਾਕਿਸਤਾਨ ਦਾ ਅੰਦਰੂਨੀ ਮਾਮਲਾ ਹੈ ਅਤੇ ਅਸੀਂ ਪਾਕਿਸਤਾਨ ਨਾਲ ਮਿਲ ਕੇ ਇਨ੍ਹਾਂ ਮਾਮਲਿਆਂ ਨੂੰ ਚੁੱਕਦੇ ਰਹੇ ਹਾਂ, ਪਰ ਅਸੀਂ ਤਾਂ ਚਾਹੁੰਦੇ ਹਾਂ ਕਿ ਇਥੇ ਜਿਹੜੇ ਅੱਤਵਾਦੀ ਹਨ, ਉਹ ਵੀ ਚੋਣਾਂ 'ਚ ਹਿੱਸਾ ਲੈਣ ਅਤੇ ਹਿੰਸਾ ਦਾ ਰਾਹ ਛੱਡਣ।
ਇਸ ਤੋਂ ਪਹਿਲਾਂ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਭਾਰਤ ਆਪਣੇ ਇਲਾਕੇ ਚੋਂ ਅੱਤਵਾਦ ਦਾ ਸਫ਼ਾਇਆ ਕਰੇਗਾ ਅਤੇ ਅਸੀਂ ਇਸ ਮਕਸਦ ਲਈ ਕਸ਼ਮੀਰ 'ਚ ਕਈ ਤਰ੍ਹਾਂ ਦੇ ਓਪਰੇਸ਼ਨ ਚਲਾ ਰਹੇ ਹਾਂ। ਚੀਨ ਨਾਲ ਲਗਾਤਾਰ ਵਿਵਾਦਾਂ ਬਾਰੇ ਰਾਵਤ ਨੇ ਕਿਹਾ ਕਿ ਚੀਨ ਨਾਲ ਵਿਵਾਦਾਂ ਦੇ ਬਾਵਜੂਦ ਸਾਡੇ ਲਈ ਚੰਗੀ ਗੱਲ ਹੈ ਕਿ ਦੋਹਾਂ ਦੇਸ਼ਾਂ 'ਚ ਤੰਤਰ ਇੰਨਾ ਚੰਗਾ ਹੈ ਕਿ ਅਸੀਂ ਸਾਰੇ ਮਸਲਿਆਂ ਨੂੰ ਸੁਲਝਾ ਲੈਂਦੇ ਹਾਂ।