ਵੰਡ ਤੋਂ ਪਹਿਲਾਂ ਦਾ ਅਸੰਬਲੀ ਰਿਕਾਰਡ ਭਾਰਤ ਪੁੱਜਾ ਭਗਤ ਸਿੰਘ ਤੇ ਸਾਥੀਆਂ ਦਾ ਵੀ ਜ਼ਿਕਰ


ਚੰਡੀਗੜ੍ਹ,
(ਨਵਾਂ ਜ਼ਮਾਨਾ ਸਰਵਿਸ)
ਪੰਜਾਬ ਵਿਧਾਨ ਸਭਾ ਦਾ ਰਿਕਾਰਡ ਆਖਰ 70 ਸਾਲ ਮਗਰੋਂ ਭਾਰਤ ਵਾਪਸ ਆਇਆ। ਇਹ ਰਿਕਾਰਡ ਦੇਸ਼ ਦੀ ਵੰਡ ਤੋਂ ਪਹਿਲਾਂ 1931 ਤੋਂ ਲੈ ਕੇ 1947 ਤੱਕ ਦੇ ਸਮੇਂ ਦਾ ਹੈ। ਇਸ 'ਚ ਅਸੰਬਲੀ 'ਚ ਹੋਈ ਬਹਿਸ, ਵੰਡ ਨਾਲ ਜੁੜੇ ਪ੍ਰਸਤਾਵ ਅਤੇ ਬੱਜਟ ਵਰਗੀਆਂ ਚੀਜ਼ਾਂ ਦਾ ਰਿਕਾਰਡ ਹੈ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਰਿਕਾਰਡ 'ਚ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫ਼ਾਂਸੀ ਦੇਣ ਤੋਂ ਬਾਅਦ ਦੇ ਉਹ ਬਿਆਨ ਵੀ ਸ਼ਾਮਲ ਹਨ, ਜਿਹੜੇ ਉਸ ਵੇਲੇ ਦੇ ਆਗੂਆਂ ਨੇ ਵਿਧਾਨ ਸਭਾ 'ਚ ਦਿੱਤੇ ਸਨ। ਇਸ ਰਿਕਾਰਡ ਨੂੰ ਲਾਹੌਰ ਤੋਂ ਪੰਜਾਬ ਲਿਆਉਣ 'ਚ ਤਕਰੀਬਨ 20 ਸਾਲ ਲੱਗ ਗਏ। ਪਹਿਲਾਂ ਪਾਕਿਸਤਾਨ ਨੇ ਇਹ ਰਿਕਾਰਡ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਪਾਕਿਸਤਾਨੀ ਅਧਿਕਾਰੀਆਂ ਨੇ ਕਿਹਾ ਸੀ ਕਿ ਰਿਕਾਰਡ ਅੱਗ ਲੱਗਣ ਨਾਲ ਸੜ ਗਿਆ। ਇਸ ਦੀ ਸਿਰਫ਼ ਇਕੋ ਕਾਪੀ ਮੌਜੂਦ ਹੈ, ਜਿਹੜੀ ਅਸੀਂ ਭਾਰਤ ਨੂੰ ਨਹੀਂ ਦੇ ਸਕਦ,ੇ ਹਾਲਾਂਕਿ ਮਗਰੋਂ ਪਾਕਿਸਤਾਨ ਵੱਲੋਂ ਰਿਕਾਰਡ ਦੀ ਦੂਜੀ ਕਾਪੀ ਕਰਵਾ ਕੇ ਲਾਹੌਰ ਤੋਂ ਪੰਜਾਬ ਭੇਜੀ ਗਈ।
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਰਿਕਾਰਡ ਦੀ ਕਾਪੀ ਵਿਧਾਨ ਸਭਾ ਦੇ ਸਪੀਕਰ ਨੂੰ ਦਿੱਤੀ ਹੈ। ਸੂਤਰਾਂ ਅਨੁਸਾਰ ਰਿਕਾਰਡ ਦੀ ਇੱਕ ਕਾਪੀ ਹਰਿਆਣਾ ਵਿਧਾਨ ਸਭਾ ਨੂੰ ਵੀ ਦਿੱਤੀ ਜਾਵੇਗੀ, ਕਿਉਂਕਿ ਉਸ ਵੇਲੇ ਹਰਿਆਣਾ ਸਾਂਝੇ ਪੰਜਾਬ ਦੀ ਵਿਧਾਨ ਸਭਾ ਦਾ ਹਿੱਸਾ ਸੀ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਉਨ੍ਹਾ ਨੂੰ ਪੁਰਾਣੀ ਬਹਿਸ ਪੜ੍ਹਨ ਦਾ ਸ਼ੌਕ ਸੀ ਤਾਂ ਉਨ੍ਹਾ ਨੂੰ ਪਤਾ ਚੱਲਿਆ ਕਿ ਪੰਜਾਬ ਵਿਧਾਨ ਸਭਾ 'ਚ ਸਿਰਫ਼ 1947 ਤੱਕ ਦਾ ਹੀ ਰਿਕਾਰਡ ਹੈ, ਜਿਸ ਮਗਰੋਂ ਉਨ੍ਹਾ ਨੇ ਪਾਕਿਸਤਾਨ ਤੋਂ ਰਿਕਾਰਡ ਵਾਪਸ ਲਿਆਉਣ ਦੀ ਪਹਿਲ ਕੀਤੀ। ਰਿਕਾਰਡ 'ਚ ਕਈ ਚਰਚਿਤ ਬਹਿਸਾਂ ਵੀ ਸ਼ਾਮਲ ਹਨ, ਜਿਨ੍ਹਾਂ 'ਚ ਸਭ ਤੋਂ ਚਰਚਿਤ ਬਹਿਸ ਉਸੇ ਵੇਲੇ ਦੇ ਮੁੱਖ ਮੰਤਰੀ ਹਿਜਰ ਹਿਆਤ ਖਾਨ ਦੀ ਹੈ, ਜਿਨ੍ਹਾਂ ਨੇ ਭਾਰਤ-ਪਾਕਿ ਵੰਡ ਬਾਰੇ ਉਨ੍ਹਾ ਦਾ ਬਿਆਨ ਸ਼ਾਮਲ ਹੈ ਕਿ ਪਾਕਿਸਤਾਨ ਉਨ੍ਹਾ ਦੀ ਲਾਸ਼ 'ਤੇ ਬਣੇਗਾ।