ਗ਼ਦਰੀ ਬਾਬਿਆਂ ਦੀ ਸੋਚ ਦਾ ਸਮਾਜ ਸਿਰਜਨਾ ਸਮੇਂ ਦੀ ਅਹਿਮ ਲੋੜ : ਮਾੜੀਮੇਘਾ


ਸਰਿਹਾਲੀ, ਹਰੀਕੇ ਪੱਤਣ, (ਹਰਜੀਤ ਸਿੰਘ ਲੱਧੜ)
ਗ਼ਦਰ ਪਾਰਟੀ ਦੇ ਬਾਨੀਆਂ 'ਚੋਂ ਇੱਕ ਸਨ ਸੰਤ ਵਿਸਾਖਾ ਸਿੰਘ ਦਦੇਹਰ, ਜਿਨ੍ਹਾਂ ਦੀ ਬਰਸੀ 'ਤੇ ਪਿੰਡ ਦਦੇਹਰ ਸਾਹਿਬ ਵਿਖੇ 5 ਤੇ 6 ਦਸੰਬਰ ਨੂੰ ਹਰ ਸਾਲ ਦੋ ਰੋਜ਼ਾ ਗ਼ਦਰੀ ਬਾਬਿਆਂ ਦਾ ਮੇਲਾ ਲੱਗਦਾ ਹੈ। ਪਿੰਡ ਦੇ ਦੂਜੇ ਗ਼ਦਰੀ ਭਾਈ ਹਜ਼ਾਰਾ ਸਿੰਘ, ਭਾਈ ਵਿਸਾਖਾ ਸਿੰਘ, ਭਾਈ ਬਿਸ਼ਨ ਸਿੰਘ (1), ਭਾਈ ਬਿਸ਼ਨ ਸਿੰਘ ਭਲਵਾਨ (2) ਅਤੇ ਭਾਈ ਸਾਧੂ ਸਿੰਘ ਸ਼ਹੀਦ ਦੀਆਂ ਕੁਰਬਾਨੀਆਂ ਭਰੇ ਇਤਿਹਾਸ ਨੂੰ ਵੀ ਇਸ ਮੇਲੇ 'ਤੇ ਪਰੋਸ ਕੇ ਸੰਗਤ ਲਈ ਪੇਸ਼ ਕੀਤਾ ਜਾਂਦਾ ਹੈ। ਆਖੰਡ ਪਾਠ ਰੱਖਣ, ਭੋਗ ਪਾਉਣ ਅਤੇ ਦੀਵਾਨ ਲਾਉਣ ਦਾ ਕਾਰਜ ਪਿੰਡ ਦੀ ਸਮੂਹ ਸਾਧ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਭਾਉਂਦੀ ਹੈ। ਸਾਰੀਆਂ ਸਿਆਸੀ ਧਿਰਾਂ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਨੁਮਾਇੰਦੇ ਦੀਵਾਨ ਵਿੱਚ ਮਹਾਨ ਦੇਸ਼ ਭਗਤਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹਨ। ਗੁਰਦੁਆਰਿਆਂ ਦੀ ਦੀਪਮਾਲਾ ਅਤੇ ਵਸਤਾਂ ਦੇ ਬਾਜ਼ਾਰ ਲੋਕਾਂ ਦੀ ਖਿੱਚ ਦਾ ਕੇਂਦਰ ਹੁੰਦਾ ਹੈ। ਹਰ ਸਾਲ ਦੀ ਤਰ੍ਹਾਂ ਛੇ ਦਸੰਬਰ ਨੂੰ ਸੀ ਪੀ ਆਈ ਵੱਲੋਂ ਦੀਵਾਨ ਹਾਲ ਵਿੱਚ ਸਿਆਸੀ ਕਾਨਫਰੰਸ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਟਰੱਸਟੀ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਗਦਰੀਆਂ ਦੀਆਂ ਬੇਮਿਸਾਲ ਕੁਰਬਾਨੀਆਂ ਹਨ। ਇਨ੍ਹਾਂ ਦਾ ਦੇਸ਼ ਦੀ ਆਜ਼ਾਦੀ ਵਿੱਚ ਬਹੁਤ ਵੱਡਾਮੁੱਲਾ ਯੋਗਦਾਨ ਹੈ, ਪਰ ਅਫਸੋਸ ਇਸ ਗੱਲ ਦਾ ਹੈ ਕਿ ਆਜ਼ਾਦੀ ਤੋਂ ਬਾਅਦ ਰਾਜ ਕਰਦੀਆਂ ਪਾਰਟੀਆਂ ਨੇ ਗਦਰੀਆਂ ਦੀ ਸੋਚ ਨੂੰ ਵਿਸਾਰ ਦਿੱਤਾ ਹੈ। ਗਦਰੀਆਂ ਦੇ ਵਿਚਾਰ ਸਨ ਕਿ ਦੇਸ਼ ਵਿਚ ਇਹੋ ਜਿਹਾ ਰਾਜ ਪ੍ਰਬੰਧ ਕਾਇਮ ਕੀਤਾ ਜਾਵੇਗਾ, ਜਿਸ ਵਿੱਚ ਅਮੀਰ-ਗਰੀਬ ਦਾ ਪਾੜਾ ਖਤਮ ਹੋ ਜਾਵੇਗਾ, ਕਿਰਤੀ-ਕਿਸਾਨ ਖੁਸ਼ਹਾਲ ਹੋਣਗੇ, ਬੱਚਿਆਂ ਨੂੰ ਵਿੱਦਿਆ ਮੁਫਤ ਤੇ ਲਾਜ਼ਮੀ ਦਿੱਤੀ ਜਾਵੇਗੀ, ਨੌਜਵਾਨ ਵਿਦੇਸ਼ਾਂ ਵਿੱਚ ਜਾਣ ਦੀ ਥਾਂ ਆਪਣੇ ਦੇਸ਼ ਵਿੱਚ ਰੁਜ਼ਗਾਰ 'ਤੇ ਲੱਗਣਗੇ।
ਅੱਜ ਸਰਕਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇ ਰਹੀਆਂ, ਨੌਜਵਾਨ ਬੇਰੁਜ਼ਗਾਰੀ ਦੇ ਕਾਰਨ ਮਾਯੂਸੀ ਦੇ ਆਲਮ ਵਿੱਚ ਹਨ। ਨਸ਼ਿਆਂ ਨੇ ਜਵਾਨੀ ਨੂੰ ਨਿਗਲ ਲਿਆ ਹੈ, ਕਿਸਾਨ ਤੇ ਖੇਤ ਮਜ਼ਦੂਰ ਕਰਜ਼ੇ ਦੇ ਭਾਰ ਥੱਲੇ ਦੱਬਿਆ ਖੁਦਕੁਸ਼ੀਆਂ ਕਰ ਰਿਹਾ ਹੈ। ਮਾੜੀਮੇਘਾ ਨੇ ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਖੁਦਕੁਸ਼ੀਆਂ ਹੱਲ ਨਹੀਂ ਹੈ ਅਤੇ ਸਾਨੂੰ ਭਗਤ ਸਰਾਭੇ ਬਣ ਕੇ ਆਪਣੇ ਹੱਕ ਪ੍ਰਾਪਤ ਕਰਨ ਵਾਸਤੇ ਚੇਤੰਨ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ। ਸੀ ਪੀ ਆਈ ਦੇ ਸੂਬਾਈ ਕਾਰਜਕਾਰਨੀ ਮੈਂਬਰ ਨਰਿੰਦਰ ਕੌਰ ਸੋਹਲ ਨੇ ਕਿਹਾ ਕਿ ਗਦਰੀ ਦੇਸ਼ ਭਗਤਾਂ ਦੇ ਸੁਪਨੇ ਸਾਕਾਰ ਕਰਨ ਵਾਸਤੇ ਸਰਬ ਭਾਰਤ ਨੌਜਵਾਨ ਸਭਾ 'ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ' (ਬਨੇਗਾ) ਸੰਸਦ ਵਿੱਚ ਪਾਸ ਕਰਵਾਉਣ ਦਾ ਸੰਘਰਸ਼ ਦੇਸ਼ ਪੱਧਰ 'ਤੇ ਲੜ ਰਹੀ ਹੈ। ਇਹ ਕਾਨੂੰਨ ਬਣਨ ਨਾਲ 18 ਤੋਂ 58 ਸਾਲ ਦੇ ਹਰੇਕ ਵਿਅਕਤੀ ਨੂੰ ਰੁਜ਼ਗਾਰ ਮਿਲਣਾ ਯਕੀਨੀ ਹੈ। ਸੋਹਲ ਨੇ ਔਰਤਾਂ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਬਨੇਗਾ ਕਾਨੂੰਨ ਰਾਹੀਂ ਕੁੜੀਆਂ ਨੂੰ ਵੀ ਹਰ ਹਾਲਤ ਵਿੱਚ ਰੁਜ਼ਗਾਰ ਮਿਲੇਗਾ। ਇਸ ਕਰਕੇ ਬਨੇਗਾ ਦੀ ਪ੍ਰਾਪਤੀ ਵਾਸਤੇ ਕੁੜੀਆਂ ਰੁਜ਼ਗਾਰ ਪ੍ਰਾਪਤੀ ਮੁਹਿੰਮ ਵਿੱਚ ਲਾਜ਼ਮੀ ਤੌਰ 'ਤੇ ਸ਼ਾਮਲ ਹੋਣ। ਕੁੜੀਆਂ ਨੂੰ ਰੁਜ਼ਗਾਰ ਮਿਲਣ ਨਾਲ ਉਨ੍ਹਾਂ ਦੇ ਮਾਂ-ਬਾਪ ਦਾ ਬੋਝ ਖਤਮ ਹੋ ਜਾਵੇਗਾ।
ਗਦਰੀ ਦੇਸ਼ ਭਗਤਾਂ ਦੇ ਸਮਾਗਮ ਨੂੰ ਸੀ ਪੀ ਆਈ ਦੇ ਬਲਾਕ ਸਕੱਤਰ ਬਲਵਿੰਦਰ ਸਿੰਘ ਦਦੇਹਰ, ਪੰਜਾਬ ਇਸਤਰੀ ਸਭਾ ਤਰਨ ਤਾਰਨ ਜ਼ਿਲ੍ਹੇ ਦੀ ਜਨਰਲ ਸਕੱਤਰ ਰੁਪਿੰਦਰ ਕੌਰ ਮਾੜੀਮੇਘਾ, ਸੀ ਪੀ ਆਈ ਤਰਨ ਤਾਰਨ ਜ਼ਿਲ੍ਹੇ ਦੇ ਕਾਰਜਕਾਰੀ ਸਕੱਤਰ ਦਵਿੰਦਰ ਸੋਹਲ, ਲੇਖ ਸਿੰਘ ਸੂਬੇਦਾਰ, ਵਰਿਆਮ ਸਿੰਘ ਫੌਜੀ, ਗੁਰਦਿਆਲ ਸਿੰਘ, ਬਲਦੇਵ ਸਿੰਘ ਰੇਲਵੇ ਵਾਲਾ, ਦੇਵੀ ਕੁਮਾਰੀ ਆਦਿ ਨੇ ਵੀ ਸੰਬੋਧਨ ਕੀਤਾ।