Latest News
ਲੋੜ ਪਈ ਤਾਂ ਸਨਅਤੀ ਨੀਤੀ 'ਤੇ ਨਜ਼ਰਸਾਨੀ ਕਰਾਂਗੇ : ਕੈਪਟਨ

Published on 07 Dec, 2017 11:46 AM.


ਅੰਮ੍ਰਿਤਸਰ (ਜਸਬੀਰ ਸਿੰਘ)
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ 12ਵੇਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਈਟੈਕਸ-2017) ਦਾ ਉਦਘਾਟਨ ਕਰਦਿਆਂ ਕਿਹਾ ਕਿ ਜੇਕਰ ਲੋੜ ਪਈ ਤਾਂ ਉਦਯੋਗਾਂ ਦੀ ਸਹੂਲਤ ਲਈ ਜਾਰੀ ਕੀਤੀ ਉਦਯੋਗਿਕ ਨੀਤੀ ਨੂੰ ਮੁੜ ਘੋਖਿਆ ਜਾਵੇਗਾ, ਤਾਂ ਜੋ ਰਾਜ ਵਿਚ ਉਦਯੋਗਾਂ ਅਤੇ ਸਨਅਤਾਂ ਦੇ ਵਿਕਾਸ ਦੇ ਨਾਲ-ਨਾਲ ਉਦਯੋਗਪਤੀਆਂ ਅਤੇ ਸਨਅਤਕਾਰਾਂ ਨੂੰ ਹੋਰ ਵਧੇਰੇ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।
ਪਾਈਟੈਕਸ ਦੇ ਉਦਘਾਟਨੀ ਸੰਬੋਧਨ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਮੰਚ ਪੰਜਾਬ ਸਰਕਾਰ ਅਤੇ ਪੀ.ਐੱਚ.ਡੀ. ਚੈਂਬਰ ਵੱਲੋਂ ਸਾਂਝੇ ਤੌਰ 'ਤੇ ਉਨ੍ਹਾਂ ਦੇ ਪਿਛਲੇ ਰਾਜ ਕਾਲ ਦੌਰਾਨ ਸਥਾਪਤ ਕੀਤਾ ਗਿਆ ਸੀ, ਜਿਹੜਾ ਕੌਮਾਂਤਰੀ ਵਪਾਰ ਅਤੇ ਸਨਅਤ ਨੂੰ ਹੁਲਾਰਾ ਦੇਣ ਅਤੇ ਖਿੱਤੇ ਨੂੰ ਉਦਯੋਗਿਕ ਸਰਗਰਮੀਆਂ ਦੇ ਕੇਂਦਰ ਵਜੋਂ ਵਿਕਸਤ ਕਰਨ ਲਈ ਵੱਡੇ ਪੱਧਰ 'ਤੇ ਸਹਾਈ ਸਾਬਤ ਹੋ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਵਾਰ ਪਾਈਟੈਕਸ ਵਿੱਚ 2268 ਕਰੋੜ ਰੁਪਏ ਦੇ ਨਿਵੇਸ਼ ਵਾਲੇ 34 ਸਮਝੌਤੇ ਸਹੀਬੰਦ ਕੀਤੇ ਜਾਣਗੇ, ਜਿਨ੍ਹਾਂ ਨਾਲ 13,370 ਨੌਕਰੀਆਂ ਪੈਦਾ ਹੋਣਗੀਆਂ ਅਤੇ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਤਿੰਨ ਲੱਖ ਲੋਕਾਂ ਤੋਂ ਕਿਤੇ ਵੱਧ ਦੀ ਆਮਦ ਦੀ ਸੰਭਾਵਨਾ ਹੈ। ਉਨ੍ਹਾ ਕਿਹਾ ਕਿ ਰਾਜ ਦੀ ਵਾਗਡੋਰ ਸੰਭਾਲਣ ਉਪਰੰਤ ਉਨ੍ਹਾਂ ਦੀ ਸਰਕਾਰ ਵੱਲੋਂ ਹੁਣ ਤੱਕ 50 ਹਜ਼ਾਰ ਕਰੋੜ ਰੁਪਏ ਦੇ ਸਮਝੌਤਿਆਂ 'ਤੇ ਸਹੀ ਪਾ ਦਿੱਤੀ ਗਈ ਹੈ, ਜਦਕਿ ਕਈ ਹੋਰ ਸਮਝੌਤੇ ਪ੍ਰਕਿਰਿਆ ਅਧੀਨ ਹਨ।
ਪੰਜਾਬ ਵਿੱਚ ਫੈਕਟਰੀ ਲਾਉਣ ਲਈ ਲੋੜੀਂਦੀਆਂ 32 ਮਨਜ਼ੂਰੀਆਂ ਅਤੇ ਪਾਵਰ ਪਲਾਂਟ ਲਾਉਣ ਲਈ ਅੱਜ ਵੀ 50 ਮਨਜ਼ੂਰੀਆਂ ਦਾ ਮੁੱਦਾ ਪੀ ਐੱਚ ਡੀ ਚੈਂਬਰ ਦੇ ਪ੍ਰਧਾਨ ਅਨਿਲ ਖੇਤਾਨ ਵੱਲੋਂ ਮੁੱਖ ਮੰਤਰੀ ਦੇ ਸਨਮੁਖ ਰੱਖੇ ਜਾਣ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਵਿਸ਼ੇ ਨੂੰ ਯਕੀਨਣ ਘੋਖਣਗੇ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਉਦਯੋਗਿਕ ਨੀਤੀ ਨੂੰ ਵੀ ਘੋਖਿਆ ਜਾਵੇਗਾ ਤਾਂ ਜੋ 'ਪਹਿਲਾਂ ਵਪਾਰ' ਦਾ ਉਦੇਸ਼ ਪ੍ਰਭਾਵਿਤ ਨਾ ਹੋ ਸਕੇ।
ਸਾਲ 1966 ਵਿੱਚ ਵੰਡ ਮੌਕੇ ਰਾਜ ਦਾ ਉਦਯੋਗਿਕ ਧੁਰਾ ਖੁਸ ਜਾਣ 'ਤੇ ਅਫਸੋਸ ਜਤਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਵਿਚ ਉਦਯੋਗਿਕ ਵਿਕਾਸ ਅਤੇ ਖੁੱਸੇ ਉਦਯੋਗਿਕ ਆਧਾਰ ਨੂੰ ਮੁੜ ਸਥਾਪਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਬਾਵਜੂਦ Àਨ੍ਹਾਂ ਵੱਲੋਂ ਕਿਰਸਾਨੀ ਅਤੇ ਫਸਲਾਂ ਦੀ ਪੈਦਾਵਾਰ ਨੂੰ ਬਰਕਰਾਰ ਰੱਖਣ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਇਸ ਸਾਲ ਵੀ ਕੇਂਦਰੀ ਅੰਨ-ਭੰਡਾਰ ਵਿਚ 51 ਫੀਸਦੀ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਉਦਯੋਗਾਂ ਦਾ ਵਿਸਥਾਰ ਸਮੇਂ ਦੀ ਮੁੱਖ ਮੰਗ ਹੈ ਜੋ ਕਿ ਲੋਕਾਂ ਦੀ ਜ਼ਿੰਦਗੀ ਨੂੰ ਹੋਰ ਬਿਹਤਰ ਬਣਾਉਣ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਅਤਿ ਜ਼ਰੂਰੀ ਹੈ।
ਨਵੀਂ ਉਦਯੋਗਿਕ ਨੀਤੀ ਤਹਿਤ ਉਦਯੋਗਾਂ ਨੂੰ ਦਿੱਤੀਆਂ ਜਾਣ ਵਾਲੀਆਂ ਰਿਆਇਤਾਂ ਦੀ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇਸ਼-ਵਿਦੇਸ਼ ਦੇ ਉਦਯੋਗਾਂ ਵੱਲੋਂ ਪੰਜਾਬ ਵਿਚ ਨਿਵੇਸ਼ ਕਰਨ 'ਤੇ ਉਨ੍ਹਾਂ ਨੂੰ ਹਰ ਪੱਖੋਂ ਹਰ ਕਿਸਮ ਦੀ ਸਹੂਲਤ, ਮਦਦ ਅਤੇ ਸਹਿਯੋਗ ਦੇਣ ਲਈ ਵਚਨਬੱਧ ਹੈ। ਪੀ ਐੱਚ ਡੀ ਚੈਂਬਰ ਅਤੇ ਹੋਰਨਾਂ ਸੰਸਥਾਵਾਂ ਵੱਲੋਂ ਪੰਜਾਬ ਦੀਆਂ ਉਦਯੋਗਿਕ ਵਿਕਾਸ ਸਕੀਮਾਂ ਦੇ ਪ੍ਰਚਾਰ-ਪ੍ਰਸਾਰ ਵਿਚ ਅਹਿਮ ਭੂਮਿਕਾ ਨਿਭਾਏ ਜਾਣ ਦੀ ਸ਼ਲਾਘਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਈਟੈਕਸ-2017 ਦੀ ਸਫ਼ਲਤਾ ਨੂੰ ਯਕੀਨੀ ਬਨਾਉਣ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਹਰ ਸੰਭਵ ਮਦਦ ਅਤੇ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾ ਕਿਹਾ ਕਿ ਇਸ ਮੰਚ ਵਿਚ ਦੇਸ਼-ਵਿਦੇਸ਼ ਤੋਂ ਪਹੁੰਚੇ ਉਦਮੀਆਂ, ਖਰੀਦਦਾਰਾਂ, ਹਿੱਸੇਦਾਰਾਂ ਅਤੇ ਦਰਸ਼ਕਾਂ ਨੂੰ ਭਾਰੀ ਲਾਹਾ ਮਿਲੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਨਅਤਾਂ ਅਤੇ ਉਦਯੋਗਾਂ ਦੇ ਸਰੋਕਾਰਾਂ ਤੋਂ ਬਹੁਤ ਚੰਗੀ ਤਰ੍ਹਾਂ ਵਾਕਿਫ਼ ਹੈ ਅਤੇ ਉਹ ਉਨ੍ਹਾਂ ਨਾਲ ਸਬੰਧਤ ਮੁੱਦਿਆਂ ਨੂੰ ਸੁਲਝਾਉਣ ਦੇ ਨਾਲ-ਨਾਲ ਸਿਹਤਮੰਦ ਉਦਯੋਗਿਕ ਵਾਤਾਵਰਣ ਨੂੰ ਨਾ ਸਿਰਫ ਰਾਜ ਸਗੋਂ ਪੂਰੇ ਖਿੱਤੇ ਵਿਚ ਸਥਾਪਤ ਕਰਨ ਵਿਚ ਕੋਈ ਕਸਰ ਨਹੀਂ ਛੱਡਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ, ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਵਿਧਾਇਕ ਸੁਖਵਿੰਦਰ ਸਿੰਘ ਸਰਕਾਰੀਆ, ਓ ਪੀ ਸੋਨੀ, ਰਾਜ ਕੁਮਾਰ ਵੇਰਕਾ, ਤਰਸੇਮ ਸਿੰਘ ਅਟਾਰੀ, ਸੁਨੀਤ ਦੱਤੀ, ਹਰਪ੍ਰਤਾਪ ਸਿੰਘ ਅਜਨਾਲਾ, ਇੰਦਰਬੀਰ ਸਿੰਘ ਬੋਲਾਰੀਆ, ਸੰਤੋਖ ਸਿੰਘ ਬਾਬਾ ਬਕਾਲਾ ਅਤੇ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਤੋਂ ਇਲਾਵਾ ਜ਼ਿਲ੍ਹਾ ਕਾਂਗਰਸ ਸ਼ਹਿਰੀ ਪ੍ਰਧਾਨ ਜੁਗਲ ਕਿਸ਼ੋਰ ਵੀ ਮੌਜੂਦ ਸਨ।
ਪੀ ਐੱਚ ਡੀ ਚੈਂਬਰ ਪੰਜਾਬ ਕਮੇਟੀ ਦੇ ਚੇਅਰਮੈਨ ਆਰ ਐੱਸ ਸਚਦੇਵਾ, ਕੋ-ਚੇਅਰਮੈਨ ਕਰਨ ਗਿਲਹੋਤਰਾ, ਪ੍ਰਧਾਨ ਡਾਇਰੈਕਟਰ ਡਾ. ਰਣਜੀਤ ਮਹਿਤਾ, ਪ੍ਰਧਾਨ ਅਨਿਲ ਖੇਤਾਨ, ਸਕੱਤਰ ਜਨਰਲ ਸੌਰਵ ਸਾਨਯਾਲ ਤੋਂ ਇਲਾਵਾ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕਿਰਪਾਲ ਸਿੰਘ, ਸਕੱਤਰ ਉਦਯੋਗ ਰਾਕੇਸ਼ ਵਰਮਾ ਅਤੇ ਡਾਇਰੈਕਟਰ ਉਦਯੋਗ ਡੀ ਪੀ ਐੱਸ ਖਰਬੰਦਾ ਵੀ ਮੌਜੂਦ ਸਨ।

132 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper