ਨਿਰਮਲ ਬਾਬਾ ਨੂੰ ਮਿਲੀ ਰਾਹਤ


ਇਲਾਹਾਬਾਦ (ਨਵਾਂ ਜ਼ਮਾਨਾ ਸਰਵਿਸ)
ਕਿਰਪਾ ਕਰਨ ਵਾਲੇ ਕਥਿਤ ਬਾਬੇ ਨਿਰਮਲਜੀਤ ਸਿੰਘ ਉਰਫ਼ ਨਿਰਮਲ ਬਾਬਾ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈ ਕੋਰਟ ਨੇ ਨਿਰਮਲ ਬਾਬਾ ਤੇ ਸੁਸ਼ਮਾ ਨਰੂਲਾ ਖ਼ਿਲਾਫ ਮੇਰ ਦੀ ਸੀ ਜੀ ਐੱਮ ਕੋਰਟ ਨੇ ਧੋਖਾਧੜੀ ਦੇ ਮੁਕੱਦਮੇ ਦੀ ਪ੍ਰਕਿਰਿਆ 'ਤੇ ਰੋਕ ਲਾ ਦਿੱਤੀ ਹੈ।
ਅਦਾਲਤ ਨੇ ਨਾਲ ਹੀ ਸ਼ਿਕਾਇਤਕਰਤਾ ਹਰੀਸ਼ ਸਿੰਘ, ਯੂ ਪੀ ਸਰਕਾਰ ਤੇ ਵਿਰੋਧੀਆਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਖ਼ਲ ਕਰਨ ਨੂੰ ਕਿਹਾ ਹੈ। ਅਦਾਲਤ ਨੇ ਇਸ ਲਈ ਛੇ ਹਫਤੇ ਦਾ ਨੋਟਿਸ ਜਾਰੀ ਕਰਕੇ ਜਵਾਬ ਦਾਖ਼ਲ ਕਰਨ ਨੂੰ ਕਿਹਾ ਹੈ। ਹਾਈ ਕੋਰਟ 'ਚ ਅਗਲੀ ਸੁਣਵਾਈ 11 ਦਸੰਬਰ ਨੂੰ ਹੋਵੇਗੀ।
ਨਿਰਮਲ ਬਾਬਾ 'ਤੇ ਇਲਜ਼ਾਮ ਹੈ ਕਿ ਉਨ੍ਹਾ ਵੀਡਿਓ 'ਚ ਕਿਹਾ ਸੀ ਕਿ ਪੀੜਤ ਖੀਰ ਬਣਾ ਕੇ ਖਾਵੇ ਤੇ ਦੂਜਿਆਂ 'ਚ ਵੰਡੇ, ਅਜਿਹਾ ਕਰਨ ਨਾਲ ਫਾਇਦੇ ਹੋਣ ਦੀ ਬਜਾਏ ਨੁਕਸਾਨ ਹੋ ਗਿਆ। ਯਾਨਿ ਵਿਅਕਤੀ ਬਿਮਾਰ ਹੋ ਗਿਆ। ਇਸ ਤੋਂ ਬਾਅਦ ਬਾਬੇ ਖ਼ਿਲਾਫ ਇਸਤਗਾਸਾ ਦਰਜ ਹੋਇਆ ਸੀ।
ਬਾਬੇ ਦੇ ਵਕੀਲ ਨੇ ਅਦਾਲਤ 'ਚ ਕਿਹਾ ਹੈ ਕਿ ਸ਼ਿਕਾਇਤਕਰਤਾ ਸਿਰਫ਼ ਪਬਲੀਸਿਟੀ ਲਈ ਇਹ ਸਭ ਕਰ ਰਿਹਾ ਹੈ, ਕਿਉਂਕਿ ਇਸ ਨੇ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ ਵੀ ਅਜਿਹਾ ਹੀ ਕੁਝ ਕੀਤਾ ਸੀ। ਇਹ ਸਭ ਕੁਝ ਅਖ਼ਬਾਰਾਂ 'ਚ ਖ਼ਬਰਾਂ ਲਵਾਉਣ ਲਈ ਕਰਦਾ ਸੀ। ਉਹ ਫਰਜ਼ੀ ਮਕੱਦਮੇ ਦਰਜ ਕਰਵਾਉਣ ਦਾ ਮਾਹਰ ਹੈ, ਜਦੋਂਕਿ ਵਿਰੋਧੀਆਂ ਨੇ ਕਿਹਾ ਕਿ ਸਿਰਫ਼ ਇਕ ਕੇਸ 'ਚ ਅਜਿਹਾ ਨਹੀਂ ਹੋਇਆ, ਬਲਕਿ ਹੋਰ ਬਹੁਤ ਸਾਰੇ ਕੇਸਾਂ 'ਚ ਇਵੇਂ ਹੀ ਲੋਕ ਬਿਮਾਰ ਹੋਏ ਹਨ, ਇਸ ਲਈ ਬਾਬੇ ਖ਼ਿਲਾਫ ਕਾਰਵਾਈ ਹੋਣੀ ਚਾਹੀਦੀ ਹੈ।