ਸੁਪਰੀਮ ਕੋਰਟ ਸੀਨੀਅਰ ਵਕੀਲਾਂ ਦੇ ਤੌਰ ਤਰੀਕਿਆਂ ਤੋਂ ਖਫਾ, ਚੀਫ ਜਸਟਿਸ ਨੇ ਪਾਈ ਝਾੜ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਭਾਰਤ ਦੇ ਚੀਫ ਜਸਟਿਸ ਨੇ ਦਿੱਲੀ ਸਰਕਾਰ ਬਾਰੇ ਚੱਲ ਰਹੇ ਵਿਵਾਦ ਅਤੇ ਅਯੁੱਧਿਆ ਵਿਵਾਦ ਕੇਸ ਦੀ ਸੁਣਵਾਈ 'ਚ ਵਕੀਲਾਂ ਦੇ ਤੌਰ-ਤਰੀਕਿਆਂ 'ਤੇ ਨਾਖੁਸ਼ੀ ਜ਼ਾਹਰ ਕੀਤੀ ਹੈ। ਵੀਰਵਾਰ ਨੂੰ ਸੰਵਿਧਾਨਕ ਬੈਂਚ ਦੇ ਮੁੱਖ ਜੱਜ ਦੇ ਤੌਰ 'ਤੇ ਸੁਣਵਾਈ ਕਰਦਿਆਂ ਜਸਟਿਸ ਮਿਸ਼ਰਾ ਨੇ ਇਹਨਾਂ ਦੋਵਾਂ ਹੀ ਕੇਸਾਂ ਦੇ ਵਕੀਲਾਂ ਦੇ ਤੌਰ-ਤਰੀਕਿਆਂ ਨੂੰ ਲੈ ਕੇ ਬੇਹੱਦ ਤਲਖ ਟਿੱਪਣੀਆਂ ਕੀਤੀਆਂ।
ਚੀਫ ਜਸਟਿਸ ਦੀਪਕ ਮਿਸ਼ਰਾ ਨੇ ਵਕੀਲਾਂ ਨੂੰ ਸੰਜਮ ਤੋਂ ਕੰਮ ਲੈਣ ਲਈ ਕਿਹਾ। ਉਹਨਾ ਕਿਹਾ ਕਿ ਜੇ ਬਾਰ ਆਪਣੇ ਆਪ ਨੂੰ ਰੈਗੂਲੇਟ ਨਹੀਂ ਕਰਦਾ ਤਾਂ ਅਸੀਂ ਇਸ ਨੂੰ ਰੈਗੂਲੇਟ ਕਰਾਂਗੇ। ਇਸ ਦੇ ਨਾਲ ਹੀ ਜਸਟਿਸ ਮਿਸ਼ਰਾ ਨੇ ਕਿਹਾ ਕਿ ਉੱਚੀ ਆਵਾਜ਼ 'ਚ ਬਹਿਸ ਕਰਨ ਦੇ ਤਰੀਕੇ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੀਨੀਅਰ ਵਕੀਲਾਂ ਨਾਲ ਨਾਰਾਜ਼ਗੀ ਜਿਤਾਉਂਦਿਆਂ ਉਨ੍ਹਾ ਕਿਹਾ ਕਿ ਇਹ ਬੜੀ ਬਦਕਿਸਮਤੀ ਵਾਲੀ ਗੱਲ ਹੈ ਕਿ ਕੁਝ ਵਕੀਲ ਸੋਚਦੇ ਹਨ ਕਿ ਉਹ ਉੱਚੀ ਆਵਾਜ਼ 'ਚ ਬਹਿਸ ਕਰ ਸਕਦੇ ਹਨ, ਜਦ ਕਿ ਉਹ ਇਹ ਨਹੀਂ ਜਾਣਦੇ ਕਿ ਇਸ ਤਰ੍ਹਾਂ ਬਹਿਸ ਕਰਨਾ ਦੱਸਦਾ ਹੈ ਕਿ ਉਹ ਸੀਨੀਅਰ ਵਕੀਲ ਬਣਨ ਦੇ ਸਮਰੱਥ ਨਹੀਂ ਹਨ।
ਚੀਫ ਜਸਟਿਸ ਮਿਸ਼ਰਾ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਕੇਸ ਵਿੱਚ ਜੇ ਸੀਨੀਅਰ ਵਕੀਲ ਰਾਜੀਵ ਧਵਨ ਦੇ ਤਰਕ ਬੇਹੱਦ ਖਰਾਬ ਸਨ ਤਾਂ ਅਯੁੱਧਿਆ ਵਿਵਾਦ 'ਚ ਕੁਝ ਸੀਨੀਅਰ ਵਕੀਲਾਂ ਦਾ ਲਹਿਜਾ ਹੋਰ ਵੀ ਜ਼ਿਆਦਾ ਖਰਾਬ ਸੀ। ਇਹਨਾਂ ਦੋਵਾਂ ਕੇਸਾਂ 'ਚ ਵਕੀਲਾਂ ਦੇ ਬੇਕਾਰ ਤਰਕਾਂ ਬਾਰੇ ਜਿੰਨਾ ਘੱਟ ਕਿਹਾ ਜਾਵੇ, ਓਨਾ ਹੀ ਠੀਕ ਰਹੇਗਾ।
ਸੁਪਰੀਮ ਕੋਰਟ ਨੇ ਵਕੀਲਾਂ ਦੀ ਤਰਕਸ਼ੈਲੀ ਅਤੇ ਰਵੱਈਏ ਦੀ ਆਲੋਚਨਾ ਕਰਦਿਆਂ ਕਿਹਾ ਕਿ ਅਯੁੱਧਿਆ ਜ਼ਮੀਨ ਵਿਵਾਦ ਅਤੇ ਦਿੱਲੀ ਸਰਕਾਰ ਦੀ ਕੇਂਦਰ ਖਿਲਾਫ ਲੜਾਈ ਵਾਲੇ ਕੇਸ 'ਚ ਕੁਝ ਸੀਨੀਅਰ ਵਕੀਲਾਂ ਨੇ ਖਰਾਬ ਆਚਰਨ ਦੀ ਵੰਨਗੀ ਪੇਸ਼ ਕੀਤੀ। ਜ਼ਿਕਰਯੋਗ ਹੈ ਕਿ ਅਯੁੱਧਿਆ ਕੇਸ 'ਚ ਸੁਣਵਾਈ ਬੁੱਧਵਾਰ ਨੂੰ ਹੋਈ ਸੀ, ਜਿਸ ਤੋਂ ਬਾਅਦ ਅਗਲੀ ਸੁਣਵਾਈ ਦੀ ਤਰੀਕ ਫਰਵਰੀ 'ਚ ਰੱਖੀ ਗਈ ਹੈ। ਦਿੱਲੀ ਸਰਕਾਰ ਦਾ ਕੇਂਦਰ ਅਤੇ ਉਪ ਰਾਜਪਾਲ ਨਾਲ ਸੱਤਾ ਨੂੰ ਲੈ ਕੇ ਟਕਰਾਅ ਦਾ ਕੇਸ ਵੀ ਸੁਪਰੀਮ ਕੋਰਟ ਤੱਕ ਪਹੁੰਚਿਆ ਸੀ।
ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਅਤੇ ਕੇਂਦਰ ਖਿਲਾਫ ਸੱਤਾ ਦੇ ਟਕਰਾਅ ਵਾਲੇ ਕੇਸ ਵਿੱਚ ਰਾਜੀਵ ਧਵਨ ਅਤੇ ਅਯੁੱਧਿਆ ਵਿਵਾਦ ਕੇਸ 'ਚ ਸੀਨੀਅਰ ਕਾਂਗਰਸੀ ਆਗੂ ਕਪਿਲ ਸਿੱਬਲ ਕੇਸ ਲੜ ਰਹੇ ਹਨ।