ਭਾਰਤ ਸਰਕਾਰ ਦੀਆਂ ਨਜ਼ਰਾਂ 'ਚ ਭਗਤ ਸਿੰਘ ਤੇ ਸਾਥੀ ਸ਼ਹੀਦ ਨਹੀਂ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸ਼ਹੀਦ-ਇ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਭਾਵੇਂ ਨੌਜਵਾਨਾਂ ਦੇ ਦਿਲਾਂ 'ਤੇ ਰਾਜ ਕਰ ਰਹੇ ਹਨ, ਪਰ ਭਾਰਤ ਸਰਕਾਰ ਨੇ ਅਜੇ ਤੱਕ ਉਹਨਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ। ਇਹ ਖੁਲਾਸਾ ਇੱਕ ਆਰ ਟੀ ਆਈ ਰਾਹੀਂ ਹੋਇਆ ਹੈ। ਇਹ ਆਰ ਟੀ ਆਈ ਇੰਡੀਅਨ ਕੌਂਸਲ ਆਫ ਹਿਸਟੋਰੀਕਲ ਰਿਸਰਚ 'ਆਈ ਸੀ ਐੱਚ ਆਰ' 'ਚ ਦਾਖਲ ਕੀਤੀ ਗਈ ਸੀ। ਆਰ ਟੀ ਆਈ ਤੋਂ ਇਹ ਗੱਲ ਵੀ ਸਾਹਮਣੇ ਆਈ ਕਿ ਆਈ ਸੀ ਐੱਚ ਆਰ ਦੀ ਤਰਫੋਂ ਨਵੰਬਰ 'ਚ ਜਾਰੀ ਕੀਤੀ ਗਈ ਕਿਤਾਬ 'ਚ ਭਗਤ ਸਿੰਘ ਅਤੇ ਉਹਨਾ ਦੇ ਬਾਕੀ ਦੋ ਸ਼ਹੀਦ ਸਾਥੀਆਂ ਨੂੰ ਕੱਟੜਪੰਥੀ ਨੌਜਵਾਨ ਅਤੇ ਅੱਤਵਾਦੀ ਕਰਾਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਆਈ ਸੀ ਐੱਚ ਆਰ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਅਧੀਨ ਆਉਣ ਵਾਲਾ ਸੰਗਠਨ ਹੈ, ਜਿਸ ਦਾ ਚੇਅਰਮੈਨ ਭਾਰਤ ਸਰਕਾਰ ਵੱਲੋਂ ਨਿਯੁਕਤ ਕੀਤਾ ਜਾਂਦਾ ਹੈ।
ਅੰਗਰੇਜ਼ੀ ਵੈੱਬਸਾਈਟ 'ਟਾਈਮਜ਼ ਨਾਓ' ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਪਿਛਲੀਆਂ ਸਰਕਾਰਾਂ ਲਗਾਤਾਰ ਇਹਨਾਂ ਤਿੰਨਾਂ ਕ੍ਰਾਂਤੀਕਾਰੀਆਂ ਦੀ ਸ਼ਹਾਦਤ ਨੂੰ ਨਜ਼ਰ-ਅੰਦਾਜ਼ ਕਰਦਿਆਂ ਆਈਆਂ ਹਨ। ਦੇਸ਼ ਦੀਆਂ ਕਈ ਪੀੜ੍ਹੀਆਂ ਲਈ ਪ੍ਰੇਰਣਾ-ਸਰੋਤ ਬਣੇ ਹੋਏ ਇਹਨਾਂ ਸ਼ਹੀਦਾਂ ਦੇ ਸੰਬੰਧ ਵਿੱਚ ਜਾਣਕਾਰੀ ਲੈਣ ਲਈ ਜੰਮੂ ਦੇ ਆਰ ਟੀ ਆਈ ਕਾਰਕੁੰਨ ਰੋਹਿਤ ਚੌਧਰੀ ਨੇ ਸਵਾਲ ਪੁੱਛਿਆ ਸੀ ਕਿ ਕੀ ਤਿੰਨਾਂ ਸ਼ਹੀਦਾਂ ਨੂੰ ਸ਼ਹੀਦਾਂ ਦਾ ਦਰਜਾ ਦਿੱਤਾ ਗਿਆ ਹੈ?
ਜ਼ਿਕਰਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਜਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ 'ਤੇ ਵਿਵਾਦ ਹੋਇਆ ਹੋਵੇ। ਪਿਛਲੇ ਸਾਲ ਦਿੱਲੀ ਯੂਨੀਵਰਸਿਟੀ ਦੇ ਇਤਿਹਾਸ ਦੇ ਸਿਲੇਬਸ 'ਚ ਸ਼ਾਮਲ ਇੱਕ ਕਿਤਾਬ, ਜਿਸ ਵਿੱਚ ਭਗਤ ਸਿੰਘ ਨੂੰ ਕ੍ਰਾਂਤੀਕਾਰੀ ਅੱਤਵਾਦੀ ਕਰਾਰ ਦਿੱਤਾ ਗਿਆ ਸੀ, ਦੇ ਹਿੰਦੀ ਅਨੁਵਾਦ ਦੀ ਵਿਕਰੀ ਅਤੇ ਵੰਡ ਨੂੰ ਰੋਕਣ ਦਾ ਫੈਸਲਾ ਕੀਤਾ ਗਿਆ ਸੀ। ਵਿਪਨ ਚੰਦਰ, ਮ੍ਰਿਦੁਲਾ ਮੁਖਰਜੀ, ਅਦਿੱਤਿਆ ਮੁਖਰਜੀ, ਸੁਚੇਤਾ ਮਹਾਜਨ ਅਤੇ ਕੇ ਐੱਨ ਪਣੀਕਰ ਵੱਲੋਂ ਲਿਖੀ ਗਈ ਅਤੇ ਦਿੱਲੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਤ ਕਿਤਾਬ 'ਭਾਰਤ ਦਾ ਆਜਾਦੀ ਸੰਘਰਸ਼' ਦੀ ਵਿਕਰੀ ਅਤੇ ਵੰਡ ਨੂੰ ਰੋਕ ਦਿੱਤਾ ਗਿਆ ਸੀ। ਅੰਗਰੇਜ਼ੀ 'ਚ 'ਇੰਡੀਆਜ਼ ਸਟਰਗਲ ਫਾਰ ਇੰਡੀਪੈਂਡੇਂਸ' ਨਾਂਅ ਦੀ ਇਹ ਕਿਤਾਬ ਪਿਛਲੇ ਦੋ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਦਿੱਲੀ ਯੂਨੀਵਰਸਿਟੀ ਦੇ ਸਿਲੇਬਸ ਦਾ ਹਿੱਸਾ ਰਹੀ। ਇਸ ਕਿਤਾਬ ਦੇ 20ਵੇਂ ਅਧਿਆਇ 'ਚ ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ, ਸੁਰਿਆ ਸੇਨ ਅਤੇ ਹੋਰਨਾਂ ਨੂੰ ਕ੍ਰਾਂਤੀਕਾਰੀ ਅੱਤਵਾਦੀ ਦੱਸਿਆ ਗਿਆ। ਇਸ ਕਿਤਾਬ 'ਚ ਚਟਗਾਓਂ ਅੰਦੋਲਨ ਨੂੰ ਵੀ ਅੱਤਵਾਦੀ ਕਰਾਰ ਕਿਹਾ ਗਿਆ ਹੈ ਅਤੇ ਬਰਤਾਨਵੀ ਪੁਲਸ ਅਫਸਰ ਜਾਨ ਸਾਂਡਰਸ ਦੇ ਕਤਲ ਨੂੰ ਵੀ ਅੱਤਵਾਦੀ ਕਾਰਾ ਕਰਾਰ ਦਿੱਤਾ ਗਿਆ।