ਲਵ ਜਿਹਾਦ ਦੇ ਨਾਂਅ 'ਤੇ ਮੁਸਲਿਮ ਮਜ਼ਦੂਰ ਦਾ ਕਤਲ, ਵੀਡੀਓ ਸੋਸ਼ਲ ਮੀਡੀਆ 'ਤੇ ਪਾ ਕੇ ਧਮਕੀਆਂ


ਉਦੈਪੁਰ (ਨਵਾਂ ਜ਼ਮਾਨਾ ਸਰਵਿਸ)
ਰਾਜਸਥਾਨ ਦੇ ਰਾਜਸਮੰਦ 'ਚ ਇੱਕ ਬੰਗਾਲੀ ਮਜ਼ਦੂਰ ਦਾ ਗੈਂਤੀ ਮਾਰ ਕੇ ਬੇਰਹਿਮੀ ਨਾਲ ਕਤਲ ਕਰਕੇ ਉਸ ਦੀ ਲਾਸ਼ ਨੂੰ ਜਲਾ ਦਿੱਤਾ ਗਿਆ ਤੇ ਇਹ ਘਟਨਾ ਦਾ ਵੀਡੀਓ ਬਣਾ ਕੇ ਸਭ ਪਾਸੇ ਘੁੰਮਾਇਆ ਗਿਆ। ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੇ ਇਸ ਕਤਲ ਦੇ ਵੀਡੀਓ ਨੇ ਪੂਰੇ ਇਲਾਕੇ 'ਚ ਸਨਸਨੀ ਫੈਲਾ ਦਿੱਤੀ ਹੈ। ਵੀਡੀਓ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਇੱਕ ਸ਼ਖਸ ਲਵ ਜਿਹਾਦ ਦੇ ਨਾਂਅ 'ਤੇ ਇੱਕ ਮੁਸਲਿਮ ਮਜ਼ਦੂਰ ਨੂੰ ਕਤਲ ਕਰ ਰਿਹਾ ਹੈ, ਉਸ ਨੂੰ ਕਿਸ ਤਰ੍ਹਾਂ ਤਲਵਾਰ ਨਾਲ ਵੱਢ ਰਿਹਾ ਹੈ ਤੇ ਗੈਂਤੀਆਂ ਮਾਰ ਰਿਹਾ ਹੈ।
ਵੀਡੀਓ 'ਚ ਇਹ ਵੀ ਨਜ਼ਰ ਆ ਰਿਹਾ ਹੈ ਕਿ ਲਾਲ ਕਮੀਜ਼ ਵਾਲੇ ਸ਼ਖਸ ਨੇ ਮੁਸਲਿਮ ਮਜ਼ਦੂਰ ਨੂੰ ਮਾਰਨ ਤੋਂ ਬਾਅਦ ਉਸ ਨੂੰ ਅੱਗ ਦੇ ਹਵਾਲੇ ਵੀ ਕਰ ਦਿੱਤਾ। ਵੀਡੀਓ 'ਚ ਸੜਦੀ ਲਾਸ਼ ਦਿਖਾਉਂਦਿਆਂ ਸੰਬੰਧਤ ਵਿਅਕਤੀ, ਜਿਸ ਦੀ ਪਛਾਣ ਸ਼ੰਭੂ ਲਾਲ ਵਜੋਂ ਹੋਈ ਹੈ, ਧਮਕੀ ਦਿੰਦਾ ਹੈ ਤੇ ਦੇਸ਼ ਭਗਤੀ ਸਮੇਤ ਕਈ ਮੁੱਦਿਆਂ 'ਤੇ ਲੰਮਾ ਭਾਸ਼ਣ ਦਿੰਦਾ ਹੈ।
ਰਾਜਸਮੰਦ 'ਚ ਸੌ ਫੁਟ ਰੋਡ ਕੰਢੇ ਬੁੱਧਵਾਰ ਨੂੰ ਅਧਜਲੀ ਲਾਸ਼ ਵੀ ਮਿਲ ਗਈ ਅਤੇ ਪੁਲਸ ਨੇ ਕਤਲ ਕਰਨ ਵਾਲੇ ਅਤੇ ਵੀਡੀਓ ਬਣਾਉਣ ਵਾਲੇ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਸੂਬੇ ਦੇ ਗ੍ਰਹਿ ਮੰਤਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਜੋ ਘਟਨਾ ਹੋਈ ਹੈ, ਉਹ ਬਹੁਤ ਹੀ ਝੰਜੋੜਣ ਵਾਲੀ ਹੈ, ਜਿਸ ਢੰਗ ਨਾਲ ਉਸ ਨੂੰ ਮਾਰਿਆ ਗਿਆ ਹੈ ਕੋਈ ਵੀ ਆਦਮੀ ਉਸ ਨੂੰ ਦੇਖ ਕੇ ਸੁੰਨ ਹੋ ਜਾਏਗਾ। ਮ੍ਰਿਤਕ ਦੀ ਪਛਾਣ ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਦੇ ਇਫਰਾਜੁਲ ਉਰਫ ਗੁੱਟੂ (45) ਪੁੱਤਰ ਆਫਿਜੁਦੀਨ ਖਾਨ ਵਜੋਂ ਹੋਈ ਹੈ।
ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਮ੍ਰਿਤਕ ਅੱਗੇ-ਅੱਗੇ ਚੱਲ ਰਿਹਾ ਹੈ ਤੇ ਉਸ ਦੇ ਪਿੱਛੇ ਸ਼ੰਭੂ ਲਾਲ ਹੈ। ਮੌਕਾ ਦੇਖਦਿਆਂ ਹੀ ਸ਼ੰਭੂ ਲਾਲ ਗੈਂਤੀ ਨਾਲ ਉਸ ਉੱਪਰ ਪਿਛਿਓਂ ਹਮਲਾ ਕਰ ਦਿੰਦਾ ਹੈ। ਇੱਕ ਜਾਂ ਦੋ ਵਾਰ ਨਹੀਂ ਸਗੋਂ 25 ਵਾਰ ਇਫਰਾਜੁਲ 'ਤੇ ਹਮਲਾ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਸ਼ੰਭੂ ਲਾਲ ਆਪਣੀ ਬਾਈਕ ਤੋਂ ਤਲਵਾਰ ਕੱਢਦਾ ਹੈ ਤੇ ਫੇਰ ਇਫਰਾਜੁਲ ਦਾ ਗਲਾ ਵੱਢ ਦਿੰਦਾ ਹੈ ਤੇ ਉਸ ਤੋਂ ਬਾਅਦ ਉਸ ਦੀ ਲਾਸ਼ ਨੂੰ ਅੱਗ ਹਵਾਲੇ ਕਰ ਦਿੰਦਾ ਹੈ। ਵੀਡੀਓ 'ਚ ਸ਼ੰਭੂ ਲਾਲ ਨੇ ਕਤਲ ਕਰਨ ਦੀ ਗੱਲ ਖੁਦ ਕਬੂਲ ਕੀਤੀ ਹੈ। ਕਤਲ ਤੋਂ ਬਾਅਦ ਉਸ ਨੇ ਕਿਹਾ, ''ਇਹ ਤੁਹਾਡੀ ਹਾਲਤ ਹੋਵੇਗੀ...ਇਹ ਲਵ ਜਿਹਾਦ ਕਰਦੇ ਹਨ ਸਾਡੇ ਦੇਸ਼ ਵਿੱਚ...ਸਾਡੇ ਦੇਸ਼ ਵਿੱਚ ਅਜਿਹਾ ਕਰੋਗੇ ਤਾਂ ਹਰ ਜਿਹਾਦੀ ਦੀ ਹਾਲਤ ਅਜਿਹੀ ਹੀ ਹੋਵੇਗੀ...ਜਿਹਾਦ ਖਤਮ ਕਰ ਦਿਓ...।''
ਇਸ ਦੇ ਇਲਾਵਾ ਇਸ ਘਟਨਾ ਨਾਲ ਜੁੜਿਆ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਘੁੰਮ ਰਿਹਾ ਹੈ। ਦੂਸਰੇ ਵੀਡੀਓ 'ਚ ਸ਼ਖਸ ਕਹਿੰਦਾ ਹੈ ਕਿ ਇਹ ਕਤਲ ਹਿੰਦੂਤਵ ਨੂੰ ਬਚਾਉਣ ਦੇ ਮੰਤਵ ਨਾਲ ਕੀਤਾ ਗਿਆ ਹੈ। ਉਹ ਕਹਿ ਰਿਹਾ ਹੈ, ''ਮੇਵਾੜ ਨੂੰ ਬਚਾਉਣਾ ਹੈ...ਮੇਵਾੜ ਨੂੰ ਇਸਲਾਮੀ ਜਿਹਾਦ 'ਚੋਂ ਕੱਢਣਾ ਹੈ...ਇਸ ਲਈ ਮੇਵਾੜ ਦੇ ਸਭਨਾਂ ਭਾਈ-ਭੈਣੋਂ, ਮੈਂ ਜੋ ਕੀਤਾ ਹੈ, ਚਾਹੇ ਉਹ ਚੰਗਾ ਹੈ ਜਾਂ ਗਲਤ, ਪਰ ਮੈਨੂੰ ਜੋ ਲੱਗਿਆ ਮੈਂ ਕੀਤਾ।''
ਪੁਲਸ ਮੁਤਾਬਕ ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਦੇ ਰਹਿਣ ਵਾਲਾ ਇਫਰਾਜੁਲ ਰਾਜਸਮੰਦ 'ਚ ਮਜ਼ਦੂਰੀ ਕਰਦਾ ਸੀ ਤੇ ਸ਼ੰਭੂ ਲਾਲ ਵੀ ਰਾਜਸਮੰਦ ਦਾ ਹੀ ਰਹਿਣ ਵਾਲਾ ਹੈ।
ਇਹ ਘਟਨਾ ਸਾਹਮਣੇ ਆਉਣ ਤੋਂ ਬਾਅਦ ਪੁਲਸ ਅਤੇ ਐੱਫ ਐੱਸ ਐੱਲ ਅਮਲਾ ਮੌਕੇ ਵਾਲੀ ਥਾਂ ਪੁੱਜੇ ਅਤੇ ਉੱਥੋਂ ਅਹਿਮ ਤੱਥ ਇਕੱਠੇ ਕੀਤੇ। ਮ੍ਰਿਤਕ ਦੀ ਸ਼ਨਾਖਤ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਜ਼ਿਲ੍ਹਾ ਹਸਪਤਾਲ ਦੇ ਮੁਰਦਾ ਘਰ 'ਚ ਰਖਵਾ ਦਿੱਤਾ ਤੇ ਪੋਸਟ-ਮਾਰਟ ਤੋਂ ਬਾਅਦ ਪਰਵਾਰ ਨੂੰ ਸੌਂਪ ਦਿੱਤਾ।