Latest News
ਸਾਰਪ ਸ਼ੂਟਰ ਸ਼ੇਰਾ ਤੇ ਬੱਗਾ ਦਾ 11 ਤੱਕ ਪੁਲਸ ਰਿਮਾਂਡ

Published on 07 Dec, 2017 12:02 PM.


ਖੰਨਾ (ਸੁਖਵਿੰਦਰ ਸਿੰਘ ਭਾਦਲਾ, ਅਰਵਿੰਦਰ ਸਿੰਘ)-ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ ਨਿਸ਼ਾਨਾ ਬਣਾ ਕੇ ਹਿੰਦੂ ਆਗੂਆਂ ਦੇ ਕਤਲ ਦੇ ਮਾਮਲੇ ਵਿੱਚ ਸ਼ਾਰਪ ਸ਼ੂਟਰ ਹਰਦੀਪ ਸਿੰਘ ਸ਼ੇਰਾ ਮਾਜਰੀ ਕਿਸ਼ਨ ਸਿੰਘ ਵਾਲੀ ਅਤੇ ਰਮਨਦੀਪ ਸਿੰਘ ਚੂਹੜਵਾਲ ਨੂੰ ਬੀਤੇ ਕੱਲ੍ਹ ਮੋਹਾਲੀ ਦੀ ਅਦਾਲਤ ਵਿੱਚੋਂ ਇੱਕ ਪੇਸ਼ੀ ਉਪਰੰਤ ਟਰਾਂਜਿਟ ਵਰੰਟ 'ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੁਲਸ ਜ਼ਿਲ੍ਹਾ ਖੰਨਾ ਦੀ ਇੱਕ ਟੀਮ ਜਿਸ ਦੀ ਅਗਵਾਈ ਐੱਸ. ਪੀ. (ਇਨਵੈਸਟੀਗੇਸ਼ਨ) ਜਸਵੀਰ ਸਿੰਘ ਕਰ ਰਹੇ ਸਨ, ਦੋਨਾਂ ਨੂੰ ਖੰਨਾ ਲੈ ਕੇ ਆਏ ਸਨ। ਅੱਜ ਸਵੇਰੇ ਸਖ਼ਤ ਪੁਲਸ ਸੁਰੱਖਿਆ ਵਿੱਚ ਖੰਨਾ ਸਿਟੀ ਪੁਲਸ ਵੱਲੋਂ ਉਕਤ ਦੋਸ਼ੀਆਂ ਨੂੰ ਖੰਨਾ ਦੀ ਮਾਨਯੋਗ ਜੱਜ ਸ੍ਰੀਮਤੀ ਰਾਧਿਕਾ ਪੁਰੀ ਦੀ ਅਦਾਲਤ ਵਿੱਚ ਪੇਸ਼ ਕਰਕੇ ਸੱਤ ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ। ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਵੱਲਂੋ ਪੇਸ਼ ਹੋਏ ਵਕੀਲ ਜਗਮੋਹਨ ਸਿੰਘ ਨੇ ਇਸ ਦਾ ਵਿਰੋਧ ਕੀਤਾ, ਜਦੋਂ ਕਿ ਸਰਕਾਰੀ ਵਕੀਲ ਕੁਲਦੀਪ ਸਿੰਘ ਵੱਲੋਂ ਵੀ ਜ਼ੋਰਦਾਰ ਬਹਿਸ ਕੀਤੀ ਗਈ, ਦੋਵਾਂ ਧਿਰਾਂ ਦੀ ਬਹਿਸ ਸੁਨਣ ਤੋਂ ਬਆਦ ਮਾਨਯੋਗ ਅਦਾਲਤ ਨੇ ਕਥਿਤ ਦੋਸ਼ੀਆਂ ਦਾ ਖੰਨਾ ਸਿਟੀ ਪੁਲਸ ਨੂੰ 04 ਦਿਨ ਦਾ ਪੁਲਸ ਰਿਮਾਂਡ ਦੇ ਦਿੱਤਾ ਅਤੇ 11 ਦਸੰਬਰ ਨੂੰ ਦੁਬਾਰਾ ਦੋਵਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਦੇ ਆਦੇਸ਼ ਦਿੱਤੇ।
ਜ਼ਿਕਰਯੋਗ ਹੈ ਕਿ 23 ਅਪ੍ਰੈਲ 2016 ਦੀ ਸ਼ਾਮ ਨੂੰ ਸਥਾਨਕ ਲਲਹੇੜੀ ਰੋਡ ਚੌਂਕ ਵਿੱਚ ਸ਼ਿਵ ਸੈਨਾ ਪੰਜਾਬ ਦੇ ਮਜ਼ਦੂਰ ਵਿੰਗ ਦੇ ਆਗੂ ਦੁਰਗਾ ਦਾਸ ਗੁਪਤਾ ਦਾ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਜਿਸ ਬਾਰੇ ਕੋਈ ਸੁਰਾਗ ਨਾ ਮਿਲਣ ਕਰਕੇ ਖੰਨਾ ਪੁਲਸ ਦੀ ਨੀਂਦ ਹਰਾਮ ਹੋਈ ਪਈ ਸੀ। ਇਸੇ ਤਰ੍ਹਾਂ ਪੰਜਾਬ ਵਿੱਚ ਹੋਰ ਹੋਏ ਹਿੰਦੂ ਆਗੂਆਂ ਦੇ ਕਤਲ ਦੇ ਕਥਿਤ ਮੁੱਖ ਦੋਸ਼ੀ ਸਾਰਪ ਸ਼ੂਟਰ ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਖੰਨਾ ਪੁਲਸ ਨੇ ਸੁੱਖ ਦਾ ਸਾਹ ਲਿਆ। ਪੰਜਾਬ ਪੁਲਸ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਸ ਪਾਰਟੀਆਂ ਜਿਨ੍ਹਾਂ ਵਿੱਚ ਖੰਨਾ ਪੁਲਸ ਦੇ ਅਧਿਕਾਰੀ ਵੀ ਸ਼ਾਮਲ ਸਨ, ਇਹਨਾਂ ਦੀ ਗ੍ਰਿਫ਼ਤਾਰੀ ਨੂੰ ਇੱਕ ਵੱਡੀ ਪ੍ਰਾਪਤੀ ਮੰਨ ਰਹੀ ਹੈ। ਖੰਨਾ ਪੁਲਸ ਦਾ ਕਹਿਣਾ ਕਿ ਪੁਲਸ ਰਿਮਾਂਡ ਦੌਰਾਨ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ। ਇਹ ਵੀ ਦੱਸਣਯੋਗ ਹੈ ਕਿ ਖੰਨਾ ਪੁਲਸ ਦੇ ਮੁਲਾਜ਼ਮਾਂ ਨੂੰ ਇਹਨਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਾਬਾਸ਼ ਦਿੰਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀਂ ਆਪਣੇ ਨਾਲ ਖਾਣੇ 'ਤੇ ਵੀ ਬੁਲਾਇਆ ਸੀ। ਖੰਨਾ ਪੁਲਸ ਉਕਤ ਕਥਿਤ ਦੋਸ਼ੀਆਂ ਦੀ ਜ਼ਿਲ੍ਹੇ ਦੇ ਥਾਣਾ ਮਲੌਦ ਵਿੱਚ ਪੈਂਦੇ ਇਲਾਕੇ 'ਚ ਡੇਰਾ ਪ੍ਰੇਮੀ ਪਿਓ-ਪੁੱਤਰ ਦੇ ਮਾਮਲੇ ਵਿੱਚ ਸ਼ਮੂਲੀਅਤ ਬਾਰੇ ਵੀ ਪੁੱਛਗਿੱਛ ਕਰ ਸਕਦੀ ਹੈ।

317 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper