ਆਰ ਐੱਮ ਪੀ ਆਈ 10 ਨੂੰ ਸੌਂਪੇਗੀ ਪਕੋਕਾ ਵਿਰੁੱਧ ਡੀ ਸੀ ਨੂੰ ਮੰਗ ਪੱਤਰ


ਹੁਸ਼ਿਆਰਪੁਰ
(ਬਲਵੀਰ ਸੈਣੀ)
ਭਾਰਤੀ ਇਨਕਲਾਬੀ ਮਾਰਕਸੀਵਾਦੀ ਪਾਰਟੀ (ਆਰ ਐੱਮ ਪੀ ਆਈ) ਜ਼ਿਲਾ ਹੁਸ਼ਿਆਰਪੁਰ ਦੀ ਇੱਕ ਮੀਟੰਗ ਮਹਿੰਦਰ ਸਿੰਘ ਜੋਸ਼ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪਾਰਟੀ ਦੇ ਸੂਬਾ ਸਕੱਤਰ ਹਰਕੰਵਲ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਜ਼ਿਲ੍ਹਾ ਸਕੱਤਰ ਪ੍ਰਿੰਸੀਪਲ ਪਿਆਰਾ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਪਿਛਲੇ ਕੀਤੇ ਸੰਘਰਸ਼ਾਂ ਦਾ ਰਿਵਿਊ ਕੀਤਾ ਗਿਆ ਅਤੇ ਜ਼ਿਲੇ ਵੱਲੋਂ ਪਾਏ ਯੋਗਦਾਨ ਸੰਬੰਧੀ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਗਿਆ। ਹਰਕੰਵਲ ਸਿੰਘ ਵੱਲੋਂ ਨੈਸ਼ਨਲ ਪੱਧਰ 'ਤੇ ਹੋਈ ਪਾਰਟੀ ਦੀ 23 ਤੋਂ 26 ਨਵੰਬਰ ਤੱਕ ਚੰਡੀਗੜ੍ਹ ਵਿਖੇ ਹੋਈ ਚਾਰ ਰੋਜ਼ਾ ਪਹਿਲੀ ਜਥੇਬੰਦਕ ਕਾਨਫਰੰਸ ਸੰਬੰਧੀ ਰਿਪੋਰਟਿੰਗ ਕੀਤੀ ਗਈ।
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸੂਬੇ ਦੀਆਂ 60 ਤੋਂ ਵੱਧ ਟ੍ਰੇਡ ਯੂਨੀਅਨਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਟ੍ਰੇਡ ਯੂਨੀਅਨ ਹੱਕਾਂ 'ਤੇ ਡਾਕਾ ਮਾਰਨ ਕਈ ਬਣਾਏ ਜਾ ਰਹੇ ਕਾਲੇ ਕਾਨੂੰਨ ਪਕੋਕਾ' (ਪੰਜਾਬ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ) ਵਿਰੁੱਧ ਮਨੁੱਖੀ ਅਧਿਕਾਰ ਦਿਵਸ ਮੌਕੇ 10 ਦਸੰਬਰ ਨੂੰ ਮਾਸ-ਡੈਪੂਟੇਸ਼ਨਾਂ ਰਾਹੀਂ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਸਰਕਾਰ ਅਤੇ ਯੂ ਐੱਨ ਓ. ਨੂੰ ਮੰਗ ਪੱਤਰ ਭੇਜੇ ਜਾ ਰਹੇ ਹਨ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਸੰਘਰਸ਼ ਨੂੰ ਅੱਗੇ ਤੋਰਨ ਲਈ ਜ਼ਿਲ੍ਹੇ ਅੰਦਰ ਜਨਰਲ ਬਾਡੀ ਮੀਟਿੰਗਾਂ ਦਾ ਆਯੋਜਨ ਕੀਤਾ ਜਾਵੇਗਾ, ਜਿਸ ਤਹਿਤ 24 ਦਸੰਬਰ ਨੂੰ ਮੁਕੇਰੀਆਂ ਅਤੇ 25 ਦਸੰਬਰ ਨੂੰ ਹੁਸ਼ਿਆਰਪੁਰ ਵਿਖੇ ਮੀਟਿੰਗ ਕੀਤੀ ਜਾਵੇਗੀ। ਆਗੂਆਂ ਇਹਨਾਂ ਸਾਰੇ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਲਈ ਸਾਥੀਆਂ ਨੂੰ ਅਪੀਲ ਕੀਤੀ। ਮੀਟਿੰਗ ਵਿੱਚ ਸੱਤਪਾਲ ਲੱਠ, ਗੰਗਾ ਪ੍ਰਸਾਦ, ਸਵਰਨ ਸਿੰਘ, ਅਮਰਜੀਤ ਸਿੰਘ ਕਾਨੂੰਗੋ, ਡਾ. ਤਰਲੋਚਨ ਸਿੰਘ, ਹਰਜਾਪ ਸਿੰਘ, ਤਰਸੇਮ ਲਾਲ, ਗੁਰਦੇਵ ਦੱਤ, ਪਿਆਰਾ ਸਿੰਘ ਪਰਖ, ਕੁਲਤਾਰ ਸਿੰਘ ਕੁਲਤਾਰ, ਕਮਲਜੀਤ ਸਿੰਘ ਸਲੇਮਪੁਰ, ਗਿਆਨ ਸਿੰਘ ਗੁਪਤਾ ਆਦਿ ਆਗੂ ਵੀ ਹਾਜ਼ਰ ਸਨ।