ਵਹਿਸ਼ੀਪੁਣੇ ਦੀ ਇੰਤਹਾ

ਦੇਸ ਭਰ ਵਿੱਚ ਔਰਤਾਂ ਉੱਤੇ ਅੱਤਿਆਚਾਰ ਤੇ ਬਲਾਤਕਾਰ ਦੇ ਨਿੱਤ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਕਾਰਨ ਔਰਤਾਂ ਦੀ ਸੁਰੱਖਿਆ ਦਾ ਮੁੱਦਾ ਅੱਤ ਦੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਜੇ ਦੇਸ ਅੰਦਰ ਔਰਤਾਂ ਦੇ ਨਾਲ-ਨਾਲ ਬੱਚੀਆਂ ਵਿਰੁੱਧ ਹੋਣ ਵਾਲੇ ਅਪਰਾਧਾਂ ਦੀ ਡੂੰਘਾਈ ਨਾਲ ਘੋਖ ਕਰੀਏ ਤਾਂ ਇਸ ਬਾਰੇ ਹੈਰਾਨ-ਪ੍ਰੇਸ਼ਾਨ ਕਰਨ ਵਾਲੇ ਤੱਥ ਸਾਹਮਣੇ ਆਉਂਦੇ ਹਨ।
ਸਾਡੇ ਗੁਆਂਢੀ ਰਾਜ ਹਰਿਆਣੇ ਦੇ ਜ਼ਿਲ੍ਹੇ ਹਿਸਾਰ ਦੇ ਕਸਬੇ ਓਕਲਾਣਾ ਮੰਡੀ ਨਾਲ ਸੰਬੰਧਤ ਇੱਕ ਰੂਹ ਨੂੰ ਕੰਬਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਹ ਹਿਮਾਚਲ ਪ੍ਰਦੇਸ਼ ਦੇ ਬਹੁ-ਚਰਚਿਤ ਗੁੜੀਆ ਕਾਂਡ ਨਾਲੋਂ ਵੀ ਦਰਦਨਾਕ ਮਾਮਲਾ ਹੈ। ਦੋਸ਼ੀ ਨੇ ਛੇ ਸਾਲਾ ਬੱਚੀ ਨੂੰ ਅਗਵਾ ਕਰ ਕੇ ਉਸ ਨਾਲ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਟੱਪ ਲਈਆਂ। ਉਸ ਨੇ ਇਸ ਮਾਸੂਮ ਨਾਲ ਅਜਿਹਾ ਵਹਿਸ਼ੀ ਕਾਰਾ ਕੀਤਾ, ਜਿਸ ਨੂੰ ਬਿਆਨ ਕਰਨਾ ਵੀ ਮੁਸ਼ਕਲ ਹੈ। ਇਸ ਖ਼ਬਰ ਸੰਬੰਧੀ ਪ੍ਰਾਪਤ ਵੇਰਵੇ ਅਨੁਸਾਰ ਟੋਹਾਣਾ ਦੇ ਘੁਮੱਕੜ ਜਾਤ ਨਾਲ ਸੰਬੰਧ ਰੱਖਣ ਵਾਲੇ ਸਪੇਰ ਸਮਾਜ ਦਾ ਇੱਕ ਪਰਵਾਰ ਓਕਲਾਣਾ ਮੰਡੀ ਵਿੱਚ ਝੌਂਪੜੀ ਵਿੱਚ ਰਹਿੰਦਾ ਸੀ। ਇਹ ਲੋਕ ਮਜ਼ਦੂਰੀ ਤੇ ਕਾਗ਼ਜ਼ ਵਗੈਰਾ ਇਕੱਠੇ ਕਰ ਕੇ ਘਰ ਦਾ ਗੁਜ਼ਾਰਾ ਕਰਦੇ ਹਨ। ਸ਼ੁੱਕਰਵਾਰ ਦੇ ਦਿਨ ਪਰਵਾਰ ਦਾ ਮੁਖੀ ਗੁਰੂਗਰਾਮ 'ਚ ਮਜ਼ਦੂਰੀ ਕਰਨ ਗਿਆ ਹੋਇਆ ਸੀ। ਪਿੱਛੇ ਉਸ ਦੀ ਪਤਨੀ ਤੇ ਤਿੰਨ ਬੱਚੇ ਸਨ। ਇਸ ਦਰਦਨਾਕ ਘਟਨਾ ਸੰਬੰਧੀ ਪੁਲਸ ਨੂੰ ਦਿੱਤੇ ਬਿਆਨ ਵਿੱਚ ਬੱਚੀ ਦੀ ਮਾਂ ਨੇ ਦੱਸਿਆ ਕਿ ਉਹ ਰਾਤ ਨੂੰ ਤਿੰਨਾਂ ਬੱਚਿਆਂ ਨਾਲ ਸੁੱਤੀ ਪਈ ਸੀ। ਸਵੇਰੇ ਕਰੀਬ ਸੱਤ ਵਜੇ ਉਸ ਦੀ ਬੱਚੀ ਮੰਜੀ 'ਤੇ ਨਹੀਂ ਸੀ। ਬਾਅਦ ਵਿੱਚ ਉਸ ਨੂੰ ਕਿਸੇ ਨੇ ਦੱਸਿਆ ਕਿ ਟੈਲੀਫੋਨ ਐਕਸਚੇਂਜ ਦੇ ਨੇੜੇ ਇੱਕ ਗਲੀ ਵਿੱਚ ਖ਼ੂਨ ਨਾਲ ਲੱਥ-ਪੱਥ ਬੱਚੀ ਦੀ ਲਾਸ਼ ਪਈ ਹੈ। ਉਸ ਨੇ ਤੇ ਬੱਚੀ ਦੇ ਦਾਦੇ ਨੇ ਲਾਸ਼ ਦੀ ਪਛਾਣ ਕੀਤੀ। ਹੁਣ ਚਾਹੇ ਇਹ ਮਾਮਲਾ ਵਿਸ਼ੇਸ਼ ਜਾਂਚ ਟੀਮ ਨੂੰ ਸੌਂਪ ਦਿੱਤਾ ਗਿਆ ਹੈ, ਪਰ ਇਸ ਨੇ ਇਹ ਗੱਲ ਮੁੜ ਉਭਾਰ ਕੇ ਸਾਹਮਣੇ ਲੈ ਆਂਦੀ ਹੈ ਕਿ ਸਾਡਾ ਸਮਾਜੀ ਤਾਣਾ-ਬਾਣਾ ਨਿੱਤ ਦਿਨ ਨਿਘਾਰ ਵੱਲ ਵਧ ਰਿਹਾ ਹੈ। ਇਸ ਤੋਂ ਵੀ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਸਮਾਜ-ਵਿਰੋਧੀ ਅਨਸਰਾਂ ਦੇ ਮਨਾਂ ਵਿੱਚ ਨਾ ਹੁਣ ਸਮਾਜ ਦਾ ਡਰ ਰਿਹਾ ਹੈ ਤੇ ਨਾ ਕਨੂੰਨ ਦਾ।
ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਨੇ ਇਸ ਮਹੀਨੇ ਦੇ ਪਹਿਲੇ ਹਫ਼ਤੇ ਔਰਤਾਂ ਵਿਰੁੱਧ ਹੋਣ ਵਾਲੇ ਅਪਰਾਧਾਂ ਸੰਬੰਧੀ ਦਿਲ ਹਿਲਾ ਦੇਣ ਵਾਲੇ ਤੱਥ ਸਾਹਮਣੇ ਲਿਆਂਦੇ ਹਨ। ਇਹਨਾਂ ਤੱਥਾਂ ਅਨੁਸਾਰ ਸਾਲ 2016 ਦੌਰਾਨ ਔਰਤਾਂ ਨਾਲ ਜਬਰ-ਜ਼ਨਾਹ, ਛੇੜ-ਛਾੜ, ਅਗਵਾ, ਹਮਲਿਆਂ, ਦਾਜ ਨਾਲ ਸੰਬੰਧਤ ਤੇ ਹੋਰ ਔਰਤਾਂ ਵਿਰੁੱਧ ਜੁਰਮਾਂ ਦੀਆਂ ਤਿੰਨ ਲੱਖ ਅਠੱਤੀ ਹਜ਼ਾਰ ਨੌਂ ਸੌ ਚਰਵਿੰਜਾ ਐੱਫ਼ ਆਈ ਆਰ ਦਰਜ ਹੋਈਆਂ, ਜਿਨ੍ਹਾਂ ਵਿੱਚੋਂ ਵੀਹ ਫ਼ੀਸਦੀ ਕੇਸਾਂ ਨਾਲ ਸੰਬੰਧਤ ਦੋਸ਼ੀਆਂ ਨੂੰ ਵੀ ਅਦਾਲਤਾਂ ਸਜ਼ਾ ਦੇ ਭਾਗੀ ਨਹੀਂ ਬਣਾ ਸਕੀਆਂ। ਔਰਤਾਂ ਵਿਰੁੱਧ ਹੋ ਰਹੇ ਸਭ ਤੋਂ ਜ਼ਿਆਦਾ ਪੰਜ ਅਪਰਾਧਾਂ ਵਿੱਚੋਂ ਦਰਿੰਦਗੀ ਨਾਲ ਪੇਸ਼ ਆਉਣ, ਹਮਲਿਆਂ, ਅਗਵਾ, ਜਬਰ-ਜ਼ਨਾਹ, ਦਾਜ ਬਾਰੇ ਤੰਗ-ਪ੍ਰੇਸ਼ਾਨ ਕਰਨ ਤੇ ਹੋਰ ਔਰਤਾਂ ਵਿਰੁੱਧ ਜੁਰਮਾਂ ਦੇ ਕ੍ਰਮਵਾਰ 110378, 84746, 64519, 38947, 9683, 338954 ਕੇਸ ਦਰਜ ਹੋਏ ਤੇ ਅਦਾਲਤਾਂ ਵੱਲੋਂ ਇਹਨਾਂ ਲਈ 12.2 ਫ਼ੀਸਦੀ, 21.8 ਫ਼ੀਸਦੀ, 21.4 ਫ਼ੀਸਦੀ, 25.5 ਫ਼ੀਸਦੀ, 15.3 ਫ਼ੀਸਦੀ, 18.9 ਫ਼ੀਸਦੀ ਲੋਕਾਂ ਨੂੰ ਹੀ ਸਜ਼ਾ ਸੁਣਾਈ ਗਈ। ਦੇਸ ਦੇ ਨੌਂ ਮੈਟਰੋਪੋਲੀਟਨ ਸ਼ਹਿਰਾਂ ਵਿੱਚ ਪਤਨੀ ਨਾਲ ਦਰਿੰਦਗੀ ਭਰੇ ਵਿਹਾਰ ਤੇ ਦਾਜ ਦੀ ਮੰਗ ਨੂੰ ਲੈ ਕੇ ਤੰਗ ਕਰਨ ਦੇ ਦਰਜ ਕੇਸਾਂ ਵਿੱਚ ਕ੍ਰਮਵਾਰ 9.5 ਫ਼ੀਸਦੀ ਤੇ 1.6 ਫ਼ੀਸਦੀ ਦੋਸ਼ੀਆਂ ਨੂੰ ਹੀ ਸਜ਼ਾ ਹੋਈ। ਇਹਨਾਂ ਕੇਸਾਂ ਵਿੱਚ ਬਾਕੀ ਦੇ ਨਾਮਜ਼ਦ ਦੋਸ਼ੀ ਸਬੂਤਾਂ ਦੀ ਘਾਟ ਜਾਂ ਕਨੂੰਨੀ ਦਾਅ-ਪੇਚਾਂ ਕਾਰਨ ਬਚ ਨਿਕਲਣ ਵਿੱਚ ਸਫ਼ਲ ਹੋ ਗਏ।
ਹਰਿਆਣੇ 'ਚ ਇਸ ਸੰਬੰਧ ਵਿੱਚ ਕੀ ਹਾਲਤ ਹੈ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਦ ਆ ਕੇ 'ਬੇਟੀ ਪੜ੍ਹਾਓ, ਬੇਟੀ ਬਚਾਓ' ਮੁਹਿੰਮ ਦੀ ਸ਼ੁਰੂਆਤ ਕੀਤੀ ਸੀ? ਕੌਮੀ ਜੁਰਮ ਰਿਕਾਰਡ ਬਿਊਰੋ ਅਨੁਸਾਰ ਇਸ ਰਾਜ ਅੰਦਰ ਪਿਛਲੇ ਸਾਲ ਔਰਤਾਂ ਉੱਤੇ ਅੱਤਿਆਚਾਰ ਅਤੇ ਬਲਾਤਕਾਰ ਨਾਲ ਸੰਬੰਧਤ ਕੁੱਲ 9839 ਕੇਸ ਦਰਜ ਹੋਣ ਨਾਲ ਹਰਿਆਣਾ ਪੂਰੇ ਦੇਸ ਵਿੱਚ ਛੇਵੇਂ ਸਥਾਨ 'ਤੇ ਪਹੁੰਚ ਚੁੱਕਾ ਹੈ। ਇਸੇ ਤਰ੍ਹਾਂ ਸਮੂਹਿਕ ਬਲਾਤਕਾਰ ਦੇ ਕੇਸਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ। ਸੰਨ 2015 ਵਿੱਚ ਇਹਨਾਂ ਦੀ ਗਿਣਤੀ ਇੱਕ ਸੌ ਚਾਰ ਦੇ ਕਰੀਬ ਸੀ, ਜੋ ਪਿਛਲੇ ਸਾਲ 2016 ਦੌਰਾਨ ਵਧ ਕੇ ਇੱਕ ਸੌ ਇਕਾਨਵੇਂ ਹੋ ਗਈ। ਜੇ ਬਾਰਾਂ ਸਾਲ ਤੋਂ ਛੋਟੀਆਂ ਬੱਚੀਆਂ ਨਾਲ ਜਬਰ-ਜ਼ਨਾਹ ਦੀ ਗੱਲ ਕੀਤੀ ਜਾਵੇ ਤਾਂ ਹਰਿਆਣੇ ਅੰਦਰ 2016 ਵਿੱਚ ਪਚਾਸੀ ਦੇ ਕਰੀਬ ਬੱਚੀਆਂ ਇਸ ਘਿਨਾਉਣੇ ਅਪਰਾਧ ਦਾ ਸ਼ਿਕਾਰ ਹੋਈਆਂ, ਜਦੋਂ ਕਿ 2015 ਦੌਰਾਨ ਇਹਨਾਂ ਦੀ ਗਿਣਤੀ ਪੈਂਤੀ ਦੇ ਲੱਗਭੱਗ ਸੀ।
ਪੰਜਾਬ ਦਾ ਔਰਤਾਂ ਉੱਤੇ ਅੱਤਿਆਚਾਰ ਕਰਨ ਦੇ ਸੰਬੰਧ ਵਿੱਚ ਚੌਈਵਾਂ ਨੰਬਰ ਹੈ ਤੇ ਏਥੇ ਪਿਛਲੇ ਤਿੰਨ ਸਾਲਾਂ ਤੋਂ ਬਲਾਤਕਾਰ ਜਿਹੇ ਘਿਨਾਉਣੇ ਅਪਰਾਧਾਂ ਦੀ ਦਰ ਘਟ ਰਹੀ ਹੈ। ਪੰਜਾਬ ਵਿੱਚ ਬੀਤੇ ਵਰ੍ਹੇ 24.3 ਫ਼ੀਸਦੀ ਕੇਸਾਂ ਵਿੱਚ ਸਜ਼ਾਵਾਂ ਹੋਈਆਂ, ਜਦੋਂ ਕਿ ਹਰਿਆਣੇ ਵਿੱਚ ਸਿਰਫ਼ 13.4 ਫ਼ੀਸਦੀ ਨਾਮਜ਼ਦ ਦੋਸ਼ੀ ਸਜ਼ਾ ਦੇ ਭਾਗੀ ਬਣਾਏ ਜਾ ਸਕੇ। ਮਿਜ਼ੋਰਮ 'ਚ ਇਹ ਦਰ ਸਭ ਤੋਂ ਜ਼ਿਆਦਾ ਹੈ, ਯਾਨੀ 90.7 ਫ਼ੀਸਦੀ ਹੈ। ਇਸ ਤੋਂ ਬਾਅਦ ਮੇਘਾਲਿਆ ਵਿੱਚ 68.2 ਫ਼ੀਸਦੀ, ਪੁਡੂਚੇਰੀ ਵਿੱਚ 62.5 ਫ਼ੀਸਦੀ ਤੇ ਉੱਤਰ ਪ੍ਰਦੇਸ਼ ਵਿੱਚ 54 ਫ਼ੀਸਦੀ ਹੈ। ਦੂਜੇ ਪਾਸੇ ਪੱਛਮੀ ਬੰਗਾਲ 'ਚ 3.3 ਫ਼ੀਸਦੀ ਤੇ ਗੁਜਰਾਤ 'ਚ ਕੇਵਲ 3.4 ਫ਼ੀਸਦੀ ਲੋਕਾਂ ਨੂੰ ਹੀ ਸਜ਼ਾ ਸੁਣਾਈ ਜਾ ਸਕੀ। ਇਸ ਦੇ ਨਾਲ ਜੁੜਵੀਂ ਇੱਕ ਗੱਲ ਹੋਰ। ਬਲਾਤਕਾਰ ਦੇ ਕੇਸਾਂ ਬਾਰੇ ਹੋਏ ਅਧਿਐਨਾਂ ਵਿੱਚ ਕਈ ਸਾਰੇ ਮਾਮਲਿਆਂ ਵਿੱਚ ਪਰਵਾਰਕ ਮੈਂਬਰਾਂ ਜਾਂ ਰਿਸ਼ਤੇਦਾਰੀ ਵਿੱਚੋਂ ਕਿਸੇ ਵਿਅਕਤੀ ਦੇ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ। ਇਹਨਾਂ ਵਿੱਚੋਂ ਕਈ ਕੇਸ ਨਿੱਜੀ ਕਿੜਾਂ ਕੱਢਣ ਦੇ ਵੀ ਹੁੰਦੇ ਹਨ।
ਔਰਤ ਜਾਤੀ ਦੇ ਖ਼ਿਲਾਫ਼ ਹੋਣ ਵਾਲੇ ਅਪਰਾਧਾਂ ਜਾਂ ਉਸ ਦੇ ਦੁੱਖਾਂ ਦੀ ਕਹਾਣੀ ਦਾ ਅੰਤ ਏਥੇ ਨਹੀਂ ਹੋ ਜਾਂਦਾ। ਸਾਡੇ ਦੇਸ ਵਿੱਚ ਕਾਫ਼ੀ ਗਿਣਤੀ ਵਿੱਚ ਵਿਆਹ ਬਾਲ ਅਵੱਸਥਾ ਵਿੱਚ ਹੀ ਕਰ ਦਿੱਤੇ ਜਾਂਦੇ ਹਨ। ਇਹੋ ਉਮਰ ਉਨ੍ਹਾਂ ਦੇ ਪੜ੍ਹਨ-ਲਿਖਣ ਤੇ ਖੇਡਣ-ਮੱਲਣ ਦੀ ਹੁੰਦੀ ਹੈ। ਇਸ ਉਮਰੇ ਮਾਂ ਬਣਨਾ ਇਹਨਾਂ ਬੱਚੀਆਂ ਲਈ ਸਰੀਰਕ ਦੇ ਨਾਲ-ਨਾਲ ਮਾਨਸਿਕ ਪੱਖੋਂ ਵੀ ਹਾਨੀਕਾਰਕ ਸਿੱਧ ਹੁੰਦਾ ਹੈ।
ਇੱਕ ਹੋਰ ਤੱਥ ਵੀ ਗੌਰ ਕਰਨ ਵਾਲਾ ਹੈ। ਅੱਜ ਸਾਡੇ ਦੇਸ ਦੀਆਂ ਕੁੜੀਆਂ ਦੀ ਕਾਫ਼ੀ ਗਿਣਤੀ ਪੜ੍ਹ-ਲਿਖ ਗਈ ਹੈ। ਇਹਨਾਂ ਦਾ ਵਿਆਹ ਹੋ ਜਾਣ ਪਿੱਛੋਂ ਨਾ ਚਾਹੁੰਦਿਆਂ ਹੋਇਆਂ ਵੀ ਇਹਨਾਂ ਵਿੱਚੋਂ ਕਈਆਂ ਨੂੰ ਘਰੇ ਬਿਠਾ ਲਿਆ ਜਾਂਦਾ ਹੈ, ਜਦੋਂ ਕਿ ਇਹ ਦੇਸ ਤੇ ਸਮਾਜ ਦੇ ਵਿਕਾਸ ਵਿੱਚ ਚੋਖਾ ਯੋਗਦਾਨ ਦੇ ਸਕਦੀਆਂ ਹਨ। ਅਜਿਹਾ ਕਰਨ ਵਾਲੇ ਲੋਕ ਕੀ ਇੱਕ ਔਰਤ ਦੀ ਪ੍ਰਤਿਭਾ ਨੂੰ ਬੰਨ੍ਹ ਮਾਰਨ ਦਾ ਕੋਝਾ ਕਾਰਜ ਨਹੀਂ ਕਰ ਰਹੇ?
ਬਿਆਨ ਕੀਤੇ ਉਪਰੋਕਤ ਤੱਥਾਂ ਤੋਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਆਜ਼ਾਦੀ ਦੇ ਸੱਤਰ ਸਾਲ ਦਾ ਸਮਾਂ ਬੀਤ ਜਾਣ ਪਿੱਛੋਂ ਵੀ ਅਸੀਂ ਨਾਰੀ ਨੂੰ ਭੈ-ਮੁਕਤ ਹੋ ਕੇ ਆਜ਼ਾਦਾਨਾ ਰੂਪ ਵਿੱਚ ਵਿਚਰਨ ਵਾਲਾ ਮਾਹੌਲ ਮੁਹੱਈਆ ਨਹੀਂ ਕਰਵਾ ਸਕੇ। ਰਾਜ ਤੇ ਸਮਾਜ ਨੂੰ ਮਿਲ ਕੇ ਅਜਿਹੀ ਵਿਵਸਥਾ ਦਾ ਨਿਰਮਾਣ ਕਰਨਾ ਚਾਹੀਦਾ ਹੈ ਕਿ ਮੁੜ ਸਾਨੂੰ ਗੁੜੀਆ ਤੇ ਓਕਲਾਣਾ ਮੰਡੀ ਵਰਗੇ ਦੁੱਖਦਾਈ ਕਾਂਡਾਂ ਦਾ ਸਾਹਮਣਾ ਨਾ ਕਰਨਾ ਪਵੇ।