ਯੋਗੇਂਦਰ ਯਾਦਵ ਨੇ ਐਂਕਰ ਦੀ ਖੁੰਬ ਠੱਪ'ਤੀ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਗੁਜਰਾਤ 'ਚ ਦੂਜੇ ਗੇੜ ਦੀ ਵੋਟਿੰਗ ਤੋਂ ਕੁਝ ਘੰਟੇ ਪਹਿਲਾਂ ਸਿਆਸੀ ਵਿਸ਼ਲੇਸ਼ਕ ਅਤੇ ਸਵਰਾਜ ਇੰਡੀਆ ਪਾਰਟੀ ਦੇ ਕੌਮੀ ਪ੍ਰਧਾਨ ਯੋਗੇਂਦਰ ਯਾਦਵ ਨੇ ਚੋਣ ਨਤੀਜਿਆਂ ਦਾ ਅਨੁਮਾਨ ਲਾਇਆ। ਉਨ੍ਹਾ ਟਵਿਟਰ 'ਤੇ ਜਿਹੜੇ ਤਿੰਨ ਨਤੀਜੇ ਦੱਸੇ, ਉਨ੍ਹਾਂ ਸਾਰਿਆਂ 'ਚ ਭਾਜਪਾ ਸੱਤਾ 'ਚੋਂ ਬਾਹਰ ਹੁੰਦੀ ਦਿਸ ਰਹੀ ਹੈ ਤੇ ਕਾਂਗਰਸ ਨੂੰ ਬਹੁਮਤ ਮਿਲ ਰਿਹਾ ਹੈ।
ਜਦੋਂ ਇਨ੍ਹਾਂ ਅਨੁਮਾਨਾਂ ਬਾਰੇ ਇੱਕ ਨਿਊਜ਼ ਚੈਨਲ 'ਤੇ ਬਹਿਸ ਹੋਈ ਤਾਂ ਐਂਕਰ ਭੁਪੇਂਦਰ ਚੌਬੇ ਨੇ ਯਾਦਵ ਦੇ ਅਨੁਮਾਨਾਂ 'ਤੇ ਸੁਆਲ ਕੀਤਾ। ਚੌਬੇ ਨੇ ਕਿਹਾ ਕਿ ਸਿਆਸਤਦਾਨ ਕਹਿਣ 'ਤੇ ਤੁਸੀਂ ਇਤਰਾਜ਼ ਕਰਦੇ ਹੋ। ਜਿਵੇਂ-ਜਿਵੇਂ ਅਸੀਂ 2019 ਵੱਲ ਵਧ ਰਹੇ ਹਾਂ ਕੀ ਤੁਹਾਡੇ ਤੇ ਮੋਦੀ ਵਿਚਕਾਰ ਗੈਪ ਵਧੇਗਾ? ਇਸ 'ਤੇ ਯਾਦਵ ਨੇ ਕਿਹਾ ਕਿ ਮੈਨੂੰ ਇਤਰਾਜ਼ ਸਿਆਸਤਦਾਨ ਕਹਿਣ 'ਤੇ ਨਹੀਂ ਹੈ। ਮੈਂ ਸਿਆਸਤਦਾਨ ਹੀ ਹਾਂ, ਮੇਰਾ ਇਤਰਾਜ਼ ਹੈ ਕਿ ਤੁਸੀਂ ਮਨ ਬਣਾ ਲਿਆ ਹੈ ਕਿ ਸਿਆਸਤਦਾਨ ਝੂਠ ਬੋਲਦੇ ਹਨ। ਕੀ ਤੁਹਾਨੂੰ ਪਤਾ ਹੈ ਦਿੱਲੀ ਵਿੱਚ ਬਹੁਤ ਪੱਤਰਕਾਰ ਹਨ, ਜਿਹਨਾਂ ਪਾਸਾ ਬਦਲ ਲਿਆ ਹੈ, ਜਿਹੜੇ ਪੇ ਰੋਲ 'ਤੇ ਹਨ ਤੇ ਹਦਾਇਤ ਲੈਂਦੇ ਹਨ ਕਿ ਸ਼ਾਮ ਨੂੰ ਪ੍ਰੋਗਰਾਮ ਕਿਵੇਂ ਕੀਤਾ ਜਾਵੇ। ਇਸ 'ਤੇ ਚੌਬੇ ਹੱਸਣ ਲੱਗ ਪਏ।
ਸ੍ਰੀ ਯਾਦਵ ਨੇ ਕਿਹਾ ਕਿ ਇਸ ਅਧਾਰ 'ਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਸਾਰੇ ਪੱਤਰਕਾਰ ਚੋਰ ਹਨ। ਜੇ ਤੁਸੀਂ ਦੱਸਣਾ ਸੀ ਤਾਂ ਦੱਸਦੇ ਕਿ ਮੈਂ ਬਿਹਾਰ 'ਚ ਕੀ ਕਿਹਾ। ਚੌਬੇ ਨੇ ਪੁੱਛਿਆ ਤੁਸੀਂ ਬਿਹਾਰ 'ਚ ਕੀ ਕਿਹਾ ਸੀ ਤਾਂ ਜੁਆਬ 'ਚ ਯਾਦਵ ਨੇ ਕਿਹਾ ਜੇ ਤੁਸੀਂ ਮੇਰੇ 'ਤੇ ਏਨੀ ਰਿਸਰਚ ਕੀਤੀ ਹੈ ਤਾਂ ਪੂਰੀ ਰਿਸਰਚ ਕਿਉਂ ਨਹੀਂ ਕਰਦੇ। ਚੰਗੀ ਪੱਤਰਕਾਰੀ ਹਮੇਸ਼ਾ ਕੰਮ ਆਉਂਦੀ ਹੈ।
ਚੌਬੇ ਨੇ ਕਾਗਜ਼ ਦਿਖਾਉਂਦਿਆਂ ਕਿਹਾ ਕਿ ਤੁਸੀਂ 9 ਸਤੰਬਰ 2009 ਨੂੰ ਕਿਹਾ ਸੀ ਕਿ ਨਿਤੀਸ਼ ਕੁਮਾਰ ਬੇਬਸ ਆਗੂ ਹਨ ਅਤੇ ਭਾਜਪਾ ਬਿਹਾਰ 'ਚ ਵੱਡੀ ਤਾਕਤ ਬਣ ਕੇ ਉਭਰੇਗੀ, ਪਰ 2017 'ਚ ਭਾਜਪਾ ਦੀ ਹਾਰ ਦੀ ਗੱਲ ਕਰ ਰਹੇ ਹੋ। ਯੋਗੇਂਦਰ ਨੇ ਕਿਹਾ ਕਿ ਮੈਂ ਉਹ ਭਵਿੱਖਬਾਣੀ ਬਿਹਾਰ ਲਈ ਕੀਤੀ ਸੀ। ਇਸ 'ਤੇ ਚੌਬੇ ਨੇ ਕਿਹਾ ਤੁਹਾਨੂੰ ਭਵਿੱਖਬਾਣੀ ਦਾ ਅਧਿਕਾਰ ਨਹੀਂ, ਕਿਉਂਕਿ ਤੁਸੀਂ ਇੱਕ ਸਿਆਸਤਦਾਨ ਹੋ ਤਾਂ ਯਾਦਵ ਨੇ ਕਿਹਾ ਕਿ ਜੇ ਮੋਦੀ ਤੇ ਅਮਿਤ ਸ਼ਾਹ ਕੋਲ ਭਵਿੱਖਬਾਣੀ ਕਰਨ ਦਾ ਅਧਿਕਾਰ ਹੈ ਤਾਂ ਮੈਨੂੰ ਵੀ ਆਪਣੀ ਗੱਲ ਕਹਿਣ ਦਾ ਹੱਕ ਹੈ। ਚੌਬੇ ਨੇ ਕਿਹਾ ਕਿ ਲੋਕ ਤੁਹਾਡੀ ਭਵਿੱਖਬਾਣੀ ਨੂੰ ਚੁਣੌਤੀ ਦੇ ਰਹੇ ਹਨ। ਇਸ ਲਈ ਮੈਂ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਵਿਸ਼ਲੇਸ਼ਕ ਨਹੀਂ ਸਿਆਸਤਦਾਨ ਹੋ, ਜਿਸ 'ਤੇ ਯਾਦਵ ਨੇ ਕਿਹਾ ਕਿ ਮੈਨੂੰ ਤੁਹਾਡਾ ਏਜੰਡਾ ਵੀ ਦਿਖਾਈ ਦੇ ਰਿਹਾ ਹੈ।