ਕਾਮਰੇਡ ਜੋਸ਼ੀ ਨੂੰ ਭਰਪੂਰ ਸ਼ਰਧਾਂਜਲੀਆਂ


ਜਲੰਧਰ (ਨਵਾਂ ਜ਼ਮਾਨਾ ਸਰਵਿਸ)
ਬੈਂਕ ਮੁਲਾਜ਼ਮਾਂ ਦੇ ਸੀਨੀਅਰ ਆਗੂ ਕਾਮਰੇਡ ਗੁਰਬਖਸ਼ ਕੁਮਾਰ ਜੋਸ਼ੀ ਨਮਿਤ ਸ਼ੋਕ ਸਮਾਗਮ ਅੱਜ ਗੀਤਾ ਮੰਦਰ ਅਰਬਨ ਅਸਟੇਟ ਫੇਜ਼-1 ਜਲੰਧਰ ਵਿਖੇ ਕੀਤਾ ਗਿਆ। ਕਾਮਰੇਡ ਜੋਸ਼ੀ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਬੈਂਕ ਮੁਲਾਜ਼ਮ ਆਗੂ, ਬੈਂਕ ਮੁਲਾਜ਼ਮ ਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
ਕਾਮਰੇਡ ਜੋਸ਼ੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਕਾਮਰੇਡ ਸੀ ਐੱਚ ਵੈਂਕਟਚਲਈਆ ਨੇ ਕਿਹਾ ਕਿ ਉਨ੍ਹਾ ਲੰਮਾ ਸਮਾਂ ਸਾਥੀ ਜੋਸ਼ੀ ਨਾਲ ਕੰਮ ਕੀਤਾ, ਜਿਹੜੇ ਇੱਕ ਇਮਾਨਦਾਰ ਅਤੇ ਕੰਮ ਪ੍ਰਤੀ ਸਮਰਪਿਤ ਵਿਅਕਤੀ ਸਨ। ਉਨ੍ਹਾ ਨੂੰ ਜਥੇਬੰਦੀ ਵੱਲੋਂ ਜਿਹੜਾ ਵੀ ਕੰਮ ਸੌਂਪਿਆ ਜਾਂਦਾ ਸੀ, ਉਹ ਪੂਰੀ ਹਿੰਮਤ, ਲਗਨ ਅਤੇ ਪ੍ਰਤੀਬੱਧਤਾ ਨਾਲ ਨੇਪਰੇ ਚਾੜ੍ਹਦੇ ਸਨ। ਉਨ੍ਹਾ ਕਿਹਾ ਕਿ ਕਾਮਰੇਡ ਜੋਸ਼ੀ ਦੇ ਤੁਰ ਜਾਣ ਨਾਲ ਜਿੱਥੇ ਉਨ੍ਹਾ ਨੂੰ ਨਿੱਜੀ ਘਾਟਾ ਪਿਆ ਹੈ, ਉਥੇ ਜਥੇਬੰਦੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ, ਕਿਉਂਕਿ ਅਜਿਹੇ ਸਾਥੀ ਦੀ ਘਾਟ ਨੂੰ ਪੂਰਾ ਕਰ ਸਕਣਾ ਮੁਸ਼ਕਲ ਹੀ ਨਹੀਂ ਨਾਮੁਮਕਿਨ ਹੈ। ਉਨ੍ਹਾ ਸਾਥੀ ਜੋਸ਼ੀ ਦੇ ਪਰਵਾਰ ਨੂੰ ਭਰੋਸਾ ਦਿੱਤਾ ਕਿ ਜਥੇਬੰਦੀ ਹਰ ਵੇਲੇ ਉਨ੍ਹਾ ਨਾਲ ਖੜੀ ਹੈ।
ਏਟਕ ਪੰਜਾਬ ਦੇ ਪ੍ਰਧਾਨ ਅਤੇ ਸੀ ਪੀ ਆਈ ਦੇ ਸੀਨੀਅਰ ਆਗੂ ਬੰਤ ਬਰਾੜ ਨੇ ਕਿਹਾ ਕਿ ਕਾਮਰੇਡ ਜੋਸ਼ੀ ਮੁਲਾਜ਼ਮ ਹੱਕਾਂ ਲਈ ਜੂਝਣ ਵਾਲੇ ਯੋਧਾ ਸਨ ਅਤੇ ਉਨ੍ਹਾ ਦੀ ਲੜਾਈ ਪੂੰਜੀਵਾਦੀ ਸਮਾਜ ਨਾਲ ਸੀ। ਉਨ੍ਹਾ ਦੇ ਤੁਰ ਜਾਣ ਨਾਲ ਪੂੰਜੀਵਾਦ ਵਿਰੁੱਧ ਲੜਾਈ ਨੂੰ ਬਹੁਤ ਵੱਡੀ ਸੱਟ ਵੱਜੀ ਹੈ, ਜਿਸ ਦੀ ਭਰਪਾਈ ਕਰਨਾ ਮੁਸ਼ਕਲ ਹੈ।
ਕਾਮਰੇਡ ਜੋਸ਼ੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੁਲਾਜ਼ਮ ਆਗੂ ਕਾਮਰੇਡ ਬੀ ਐੱਸ ਰਾਮ ਬਾਬੂ, ਉੱਘੇ ਬੈਂਕ ਮੁਲਾਜ਼ਮ ਆਗੂ ਕਾਮਰੇਡ ਅੰਮ੍ਰਿਤ ਲਾਲ ਅਤੇ ਸੈਂਟਰਲ ਬੈਂਕ ਆਫੀਸਰਜ਼ ਯੂਨੀਅਨ ਚੰਡੀਗੜ੍ਹ ਜ਼ੋਨ ਦੇ ਜਨਰਲ ਸਕੱਤਰ ਕਾਮਰੇਡ ਸੰਜੀਵ ਭੱਲਾ ਨੇ ਕਿਹਾ ਕਿ ਜੋਸ਼ੀ ਆਪਣੇ ਅੰਤਲੇ ਸਮੇਂ ਤੱਕ ਮੁਲਾਜ਼ਮ ਹੱਕਾਂ ਪ੍ਰਤੀ ਸੰਘਰਸ਼ ਕਰਦੇ ਰਹੇ। ਉਨ੍ਹਾਂ ਕਿਹਾ ਕਿ ਉਹ ਮੁਲਾਜ਼ਮਾਂ ਦੇ ਹਿੱਤ ਦੇ ਹਰੇਕ ਸੰਘਰਸ਼ 'ਚ ਅੱਗੇ ਹੋ ਕੇ ਯੋਗਦਾਨ ਪਾਉਂਦੇ ਸਨ। ਉਨ੍ਹਾ ਵੱਲੋਂ ਬੈਂਕ ਮੁਲਾਜ਼ਮਾਂ ਦੇ ਹਿੱਤਾਂ ਲਈ ਕੀਤੇ ਗਏ ਸੰਘਰਸ਼ ਨੂੰ ਭੁਲਾਇਆ ਨਹੀਂ ਜਾ ਸਕਦਾ।
ਇਸ ਮੌਕੇ ਪੰਜਾਬ ਬੈਂਕ ਇੰਪਲਾਈਜ਼ ਫੈਡਰੇਸ਼ਨ ਦੇ ਜਨਰਲ ਸਕੱਤਰ ਕਾਮਰੇਡ ਐੱਸ ਕੇ ਗੌਤਮ, ਪ੍ਰਧਾਨ ਕਾਮਰੇਡ ਪੀ ਆਰ ਮਹਿਤਾ, ਕਾਮਰੇਡ ਰਾਜੇਸ਼ ਬਾਂਸਲ ਨੇ ਕਾਮਰੇਡ ਜੋਸ਼ੀ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾ ਦੇ ਵਿਛੋੜੇ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਦੱਸਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਮਰੇਡ ਰਾਜੇਸ਼ ਵਰਮਾ, ਕਾਮਰੇਡ ਠਾਕੁਰ, ਰਵੀ ਰਾਜਦਾਨ, ਆਰ ਕੇ ਵਾਲੀਆ, ਆਰ ਕੇ ਭਗਤ, ਐੱਚ ਐੱਸ ਵੀਰ, ਐੱਨ ਕੇ ਖੰਨਾ, ਰਾਮ ਲੁਭਾਇਆ, ਅਸ਼ੋਕ ਸ਼ਰਮਾ, ਆਈ ਪੀ ਮਿੱਡਾ, ਪਵਨ ਜਿੰਦਲ, ਐੱਨ ਕੇ ਗੌੜ, ਕਾਮਰੇਡ ਭਾਟੀਆ ਅਤੇ ਕਾਮਰੇਡ ਬਲਜੀਤ ਕੌਰ ਵੀ ਕਾਮਰੇਡ ਜੋਸ਼ੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪੁੱਜੇ ਹੋਏ ਸਨ।