ਸੁਪਰੀਮ ਕੋਰਟ ਵੱਲੋਂ ਗੁਜਰਾਤ 'ਚ ਗਿਣਤੀ 'ਚ ਦਖ਼ਲ ਤੋਂ ਇਨਕਾਰ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਗੁਜਰਾਤ ਚੋਣਾਂ ਲਈ ਵੋਟਾਂ ਦੀ ਗਿਣਤੀ ਤੋਂ ਤਿੰਨ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਹੈ ਅਤੇ ਸੁਪਰੀਮ ਕੋਰਟ ਨੇ ਵੋਟਾਂ ਦੀ ਗਿਣਤੀ 'ਚ ਦਖ਼ਲ-ਅੰਦਾਜ਼ੀ ਤੋਂ ਇਨਕਾਰ ਕਰਦਿਆਂ ਪਾਰਟੀ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਸੀ ਕਿ 18 ਦਸੰਬਰ ਨੂੰ ਵੋਟਾਂ ਦੀ ਗਿਣਤੀ ਦੌਰਾਨ ਘੱਟੋ-ਘੱਟ 25ਫ਼ੀਸਦੀ ਵੀ ਵੀ ਪੈਟ ਪਰਚੀਆਂ ਦਾ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਨਾਲ ਮਿਲਾਨ ਕਰਵਾਇਆ ਜਾਵੇ, ਪਰ ਸੁਪਰੀਮ ਕੋਰਟ ਨੇ ਚੋਣ ਪ੍ਰਕ੍ਰਿਆ 'ਚ ਕਿਸੇ ਤਰ੍ਹਾਂ ਦੀ ਦਖ਼ਲ-ਅੰਦਾਜ਼ੀ ਤੋਂ ਇਨਕਾਰ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਵੋਟਿੰਗ ਮੁਕੰਮਲ ਹੋਣ ਮਗਰੋਂ ਜ਼ਿਆਦਾਤਰ ਐਗਜ਼ਿਟ ਪੋਲ 'ਚ ਗੁਜਰਾਤ 'ਚ ਭਾਜਪਾ ਦੀ ਜਿੱਤ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਇਸ ਤੋਂ ਪਹਿਲਾਂ ਪਾਟੀਦਾਰ ਆਗੂ ਹਾਰਦਿਕ ਪਟੇਲ ਨੇ ਵੋਟਿੰਗ ਮਸ਼ੀਨਾਂ 'ਚ ਗੜਬੜੀ ਦੀ ਸ਼ੰਕਾ ਪ੍ਰਗਟ ਕਰਦਿਆਂ ਕਿਹਾ ਕਿ ਐਗਜ਼ਿਟ ਪੋਲ 'ਚ ਇਸ ਲਈ ਭਾਜਪਾ ਦੀ ਜਿੱਤ ਦਿਖਾਈ ਜਾ ਰਹੀ ਹੈ ਤਾਂ ਜੋ ਨਤੀਜੇ ਆਉਣ 'ਤੇ ਈ ਵੀ ਐੱਮ 'ਤੇ ਸੁਆਲ ਨਾ ਕੀਤਾ ਜਾ ਸਕੇ।
ਜ਼ਿਕਰਯੋਗ ਹੈ ਕਿ ਯੂ ਪੀ ਚੋਣਾਂ 'ਚ ਭਾਜਪਾ ਦੀ ਜ਼ਬਰਦਸਤ ਜਿੱਤ ਮਗਰੋਂ ਵੀ ਈ ਵੀ ਐਮ 'ਚ ਗੜਬੜੀ ਦਾ ਮੁੱਦਾ ਉਠਿਆ ਸੀ ਅਤੇ ਆਮ ਆਦਮੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਸਮੇਤ ਕਈ ਵਿਰੋਧੀ ਪਾਰਟੀਆਂ ਨੇ ਇਲੈਕਟਾਨਿਕ ਵੋਟਿੰਗ ਮਸ਼ੀਨਾਂ 'ਚ ਗੜਬੜੀ ਦਾ ਦੋਸ਼ ਲਾਇਆ ਸੀ। ਆਪ ਨੇ ਤਾਂ ਇਥੋਂ ਤੱਕ ਕਿਹਾ ਸੀ ਕਿ ਮਸ਼ੀਨਾਂ ਨੂੰ ਅਸਾਨੀ ਨਾਲ ਹੈਕ ਕੀਤਾ ਜਾ ਸਕਦਾ ਹੈ, ਪਰ ਚੋਣ ਕਮਿਸ਼ਨ ਨੇ ਪਾਰਟੀ ਦੇ ਇਸ ਦੋਸ਼ ਨੂੰ ਖਾਰਜ ਕਰ ਦਿੱਤਾ ਸੀ। ਇਹਨਾਂ ਸ਼ੰਕਿਆਂ ਕਾਰਨ ਹੀ ਗੁਜਰਾਤ ਚੋਣਾਂ 'ਚ ਸਾਰੀਆਂ ਈ ਵੀ ਮਸ਼ੀਨਾਂ ਨੂੰ ਵੀ ਵੀ ਪੈਟ ਮਸ਼ੀਨਾਂ ਨਾਲ ਜੋੜਿਆ ਗਿਆ ਸੀ, ਤਾਂ ਜੋ ਵੋਟਰ ਨੂੰ ਇਹ ਗੱਲ ਯਕੀਨੀ ਬਣਾਈ ਜਾ ਸਕੇ ਕਿ ਉਸ ਨੇ ਜਿਸ ਉਮੀਦਵਾਰ ਨੂੰ ਵੋਟ ਪਾਈ ਹੈ, ਅਸਲ 'ਚ ਵੋਟ ਉਸੇ ਉਮੀਦਵਾਰ ਨੂੰ ਗਈ ਹੈ। ਮਸ਼ੀਨ ਦੇ ਡਿਸਪਲੇ 'ਤੇ ਉਸੇ ਉਮੀਦਵਾਰ ਦੇ ਨਾਂਅ ਦੀ ਪਾਰਟੀ ਆਉਂਦੀ ਹੈ ਅਤੇ ਫੇਰ ਪਰਚੀ ਮਸ਼ੀਨ 'ਚ ਰਹਿ ਜਾਂਦੀ ਹੈ। ਗੜਬੜੀ ਦੀ ਸ਼ੰਕਾ 'ਚ ਇਹਨਾਂ ਪਰਚੀਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ।