ਸਾਥੀ ਭਗਵਾਨ ਸਿੰਘ ਅਣਖੀ ਦੀ 26ਵੀਂ ਸਾਲਾਨਾ ਬਰਸੀ 20 ਨੂੰ


ਪਟਿਆਲਾ (ਨਵਾਂ ਜ਼ਮਾਨਾ ਸਰਵਿਸ)
ਸਾਥੀ ਭਗਵਾਨ ਸਿੰਘ ਅਣਖੀ ਪੀ ਐੱਸ ਬੀ ਇੰਪਲਾਈਜ਼ ਫੈਡਰੇਸ਼ਨ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸਾਥੀ ਅਮਰੀਕ ਸਿੰਘ ਨੂਰਪੂਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਾਥੀ ਭਗਵਾਨ ਸਿੰਘ ਅਣਖੀ ਦੀ 26ਵੀਂ ਬਰਸੀ, ਜੋ ਕਿ 20 ਦਸੰਬਰ ਨੂੰ ਅਣਖੀ ਭਵਨ ਪਟਿਆਲਾ ਵਿਖੇ ਮਨਾਈ ਜਾ ਰਹੀ ਹੈ, ਦੀਆਂ ਤਿਆਰੀਆਂ ਸੰਬੰਧੀ ਜਾਇਜ਼ਾ ਲਿਆ ਗਿਆ। ਸਾਥੀ ਭਗਵਾਨ ਸਿੰਘ ਅਣਖੀ ਬਿਜਲੀ ਮੁਲਾਜ਼ਮ ਲਹਿਰ ਦੇ ਸਰਬ-ਸਾਂਝੇ ਪ੍ਰਮੁੱਖ ਆਗੂ ਅਤੇ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਸਨ, ਜਿਨ੍ਹਾ ਬਿਜਲੀ ਮੁਲਾਜ਼ਮਾਂ ਤੋਂ ਇਲਾਵਾ ਮਿਹਨਤਕਸ਼ ਲੋਕਾਂ ਦੇ ਸੰਘਰਸ਼ਾਂ ਵਿੱਚ ਵੱਡਮੁੱਲਾ ਯੋਗਦਾਨ ਪਾਇਆ। ਅਣਖੀ ਦੀ ਦ੍ਰਿੜ੍ਹਤਾ ਅਤੇ ਪ੍ਰੇਰਨਾ ਸਦਕਾ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਵੱਲੋਂ ਸਫ਼ਲ ਸੰਘਰਸ਼ ਕਰਕੇ ਬਿਜਲੀ ਮੁਲਾਜ਼ਮਾਂ ਦੀਆਂ ਬੁਨਿਆਦੀ ਮੰਗਾਂ ਮੰਨਵਾਈਆਂ ਗਈਆਂ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂਆਂ ਸਰਵਸਾਥੀ ਕਰਮ ਚੰਦ ਭਾਰਦਵਾਜ, ਅਮਰੀਕ ਸਿੰਘ, ਨੂਰਪੁਰ, ਬ੍ਰਿਜ ਲਾਲ, ਮਹਿੰਦਰ ਨਾਥ, ਵਿਜੇ ਪਾਲ, ਬਲਵਿੰਦਰ ਸਿੰਘ ਸੰਧੂ, ਸਿਕੰਦਰ ਨਾਥ, ਰਛਪਾਲ ਸਿੰਘ ਸੰਧੂ, ਪੂਰਨ ਸਿੰਘ ਗੁੰਮਟੀ, ਰਾਜਿੰਦਰ ਸਿੰਘ, ਮਹਿੰਦਰਪਾਲ ਸ਼ਰਮਾ, ਬਲਕਾਰ ਭੁੱਲਰ, ਮੱਘਰ ਸਿੰਘ ਨਥਾਣਾ ਅਤੇ ਰਛਪਾਲ ਸਿੰਘ ਸਮਰਾਲਾ ਨੇ ਕਿਹਾ ਕਿ ਸਾਥੀ ਅਣਖੀ ਮਿਹਨਤੀ, ਇਮਾਨਦਾਰ, ਨਿਧੜਕ, ਬੇਗਰਜ਼ ਅਤੇ ਅਣਖੀਲੇ ਆਗੂ ਸਨ, ਜਿਨ੍ਹਾ ਦੇ ਵਿਛੋੜੇ ਨਾਲ ਮਜ਼ਦੂਰ ਜਮਾਤ ਨੂੰ ਅਥਾਹ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕੋਟੇ-ਕੋਨੇ ਤੋਂ ਹਜ਼ਾਰਾਂ ਬਿਜਲੀ ਮੁਲਾਜ਼ਮ ਆਪਣੇ ਵਿਛੜੇ ਸੂਬਾਈ ਆਗੂਆਂ ਤੋਂ ਵਰਕਰਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਬਰਸੀ ਸਮਾਗਮ ਵਿੱਚ ਆ ਰਹੇ ਹਨ। ਇਨ੍ਹਾਂ ਤੋਂ ਇਲਾਵਾ ਸੂਬਾ ਪੱਧਰ ਦੀਆਂ ਸਿਆਸੀ ਤੇ ਸਮਾਜਕ ਸ਼ਖਸੀਅਤਾਂ ਅਤੇ ਮੁਲਾਜ਼ਮ, ਮਜ਼ਦੂਰ ਆਗੂ ਵੀ ਸ਼ਾਮਲ ਹੋ ਕੇ ਸ਼ਰਧਾ ਦੇ ਫੁੱਲ ਭੇਟ ਕਰਨਗੇ।
ਬਰਸੀ ਮੌਕੇ ਸਾਥੀ ਅਣਖੀ ਦੀ ਯਾਦ ਨੂੰ ਸਮਰਪਿਤ 'ਨਵਾਂ ਜ਼ਮਾਨਾ' ਦਾ ਵਿਸ਼ੇਸ਼ ਅੰਕ ਵੀ ਜਾਰੀ ਕੀਤਾ ਜਾ ਰਿਹਾ ਹੈ।
ਇਨ੍ਹਾਂ ਆਗੂਆਂ ਨੇ ਪਾਵਰ ਮੈਨੇਜਮੈਂਟ ਵੱਲੋਂ ਬਿਜਲੀ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਦੀ ਸਖ਼ਤ ਨਿੰਦਾ ਕਰਦਿਆ ਮੰਗ ਕੀਤੀ ਕਿ ਬਿਜਲੀ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਵਾਂਗ ਮਿਤੀ 1.12.2011 ਤੋਂ ਪੇ ਬੈਂਡ ਦਿੱਤਾ ਜਾਵੇ, ਵਰਕਚਾਰਜ ਅਤੇ ਕੰਟਰੈਕਟ ਕਾਮੇ ਪੱਕੇ ਕੀਤੇ ਜਾਣ, 40,000 ਦੇ ਲੱਗਭੱਗ ਮੁਲਾਜ਼ਮਾਂ ਦੀਆਂ ਖਾਲੀ ਅਸਾਮੀਆਂ ਨਵੀਂ ਭਰਤੀ ਨਾਲ ਭਰੀਆਂ ਜਾਣ, ਮ੍ਰਿਤਕਾਂ ਦੇ ਆਸ਼ਰਤਾਂ ਨੂੰ ਅਗੇਤ ਅਧਾਰ 'ਤੇ ਨੌਕਰੀ ਦਿੱਤੀ ਜਾਵੇ, 23 ਸਾਲਾਂ ਦੀ ਸੇਵਾ ਬਾਅਦ ਤਰੱਕੀ ਵਾਧੇ ਦਿੱਤੇ ਜਾਣ, ਯੋਗ ਮੁਲਾਜ਼ਮਾ ਦੀਆਂ ਬਣਦੀਆਂ ਤਰੱਕੀਆਂ ਕੀਤੀਆਂ ਜਾਣ, ਸਿਆਸੀ ਅਤੇ ਨਜਾਇਜ਼ ਅਧਾਰ 'ਤੇ ਕੀਤੇ ਤਬਾਦਲੇ ਰੱਦ ਕੀਤੇ ਜਾਣ, ਮਾਣਯੋਗ ਕੋਰਟਾਂ ਦੇ ਫ਼ੈਸਲੇ ਜਰਨਲਾਈਜ਼ ਕੀਤੇ ਜਾਣ, ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਘੱਟੋ-ਘੱਟ ਉਜਰਤਾਂ ਅਤੇ ਬਰਾਬਰ ਕੰਮ ਬਰਾਬਰ ਤਨਖ਼ਾਹ ਆਦਿ ਮੰਗਾਂ ਲਾਗੂ ਕੀਤੀਆਂ ਜਾਣ ਅਤੇ ਆਊਟ-ਸੋਰਸਿੰਗ ਦੀ ਨੀਤੀ ਬੰਦ ਕਰਕੇ ਸਰਕਾਰੀ ਥਰਮਲ ਪਲਾਂਟ ਚਾਲੂ ਰੱਖੇ ਜਾਣ, ਉਸਾਰੀ ਦੇ ਕੰਮ ਮਹਿਕਮਾਨਾ ਤੌਰ 'ਤੇ ਕਰਵਾਏ ਜਾਣ।
ਆਗੂਆਂ ਅਣਖੀ ਜੀ ਦੀ ਬਰਸੀ ਸਮੇਂ ਸਮੂਹ ਵਰਕਰਾਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ, ਤਾਂ ਜੋ ਸਾਥੀ ਅਣਖੀ ਤੇ ਹੋਰ ਆਗੂਆਂ ਨੂੰ ਸ਼ਰਧਾਂਜਲੀ ਭੇਟ ਕਰਕੇ ਉਨ੍ਹਾ ਵੱਲੋਂ ਦਰਸਾਏ ਰਾਹ 'ਤੇ ਚੱਲਣ ਦਾ ਪ੍ਰਣ ਕਰੀਏ। ਸਾਂਝੇ ਸੰਘਰਸ਼ਾਂ ਰਾਹੀਂ ਮਿਹਨਤਕਸ਼ ਜਨਤਾ ਨੂੰ ਨਾਲ ਲੈ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਜਨ-ਵਿਰੋਧੀ ਅਤੇ ਮਜ਼ਦੂਰ ਵਿਰੋਧ ਨੀਤੀਆਂ ਵਿਰੁੱਧ ਇੱਕਜੁੱਟ ਹੋ ਕੇ ਏਕਤਾ ਦਾ ਸਬੂਤ ਦੇਈਏ। ਕੇਂਦਰ ਸਰਕਾਰ ਦੀਆਂ ਫ਼ਿਰਕਾਪ੍ਰਸਤੀ ਨੂੰ ਬੜ੍ਹਾਵਾ ਦੇਣ ਵਾਲੀਆਂ ਨੀਤੀਆਂ ਤੋਂ ਵਰਕਰਾਂ ਨੂੰ ਜਾਣੂੰ ਕਰਵਾ ਕੇ ਸੰਘਰਸ਼ਾਂ ਦੇ ਮੈਦਾਨ ਵਿੱਚ ਕੁੱਦੀਏ।