Latest News
ਨਿਗਮ ਚੋਣਾਂ ਲਈ ਵੋਟਾਂ ਅੱਜ

Published on 16 Dec, 2017 11:33 AM.


ਜਲੰਧਰ (ਨਵਾਂ ਜ਼ਮਾਨਾ ਸਰਵਿਸ)
ਪੰਜਾਬ 'ਚ 3 ਨਗਰ ਨਿਗਮ ਅਤੇ 29 ਨਗਰ ਕੌਂਸਲਾਂ ਚੋਣਾਂ ਲਈ ਐਤਵਾਰ ਵੋਟਾਂ ਪੁਆਈਆਂ ਜਾਣਗੀਆਂ। ਵੋਟਾਂ ਪਵਾਉਣ ਲਈ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਹਨ। ਨਿਗਮ ਅਤੇ ਕੌਂਸਲ ਚੋਣਾਂ ਲਈ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ। ਵੋਟਾਂ ਦੀ ਗਿਣਤੀ ਏਸੇ ਦਿਨ ਵੋਟਾਂ ਪੈਣ ਦਾ ਅਮਲ ਮੁਕੰਮਲ ਹੋਣ ਤੋਂ ਤੁਰੰਤ ਬਾਅਦ ਸ਼ੁਰੂ ਹੋ ਜਾਵੇਗੀ।
ਜਲੰਧਰ ਨਗਰ ਨਿਗਮ ਦੀ ਚੋਣ ਲਈ 305 ਉਮੀਦਵਾਰ ਚੋਣ ਮੈਦਾਨ 'ਚ ਹਨ। ਐਤਵਾਰ ਨੂੰ 3 ਨਗਰ ਨਿਗਮਾਂ ਲਈ 222 ਵਾਰਡਾਂ ਲਈ ਵੋਟਾਂ ਪੁਆਈਆਂ ਜਾਣਗੀਆਂ ਅਤੇ 29 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਵੋਟਾਂ ਪੈਣਗੀਆਂ।
ਅੰਮ੍ਰਿਤਸਰ 'ਚ ਨਿਗਮ ਚੋਣਾਂ ਲਈ 413 ਉਮੀਦਵਾਰ ਚੋਣ ਮੈਦਾਨ 'ਚ ਹਨ। ਪਟਿਆਲਾ 'ਚ ਨਗਰ ਨਿਗਮ ਲਈ ਤਿੰਨ ਅਤੇ ਕੌਂਸਲਾਂ ਲਈ 87 ਉਮੀਦਵਾਰ ਪਹਿਲਾ ਹੀ ਬਿਨਾਂ ਮੁਕਾਬਲਾ ਚੋਣ ਜਿੱਤ ਚੁੱਕੇ ਹਨ। ਹਾਲਾਂਕਿ ਵਿਰੋਧੀ ਧਿਰ ਵੱਲੋਂ ਸੱਤਾਧਾਰੀ ਧਿਰ ਉਪਰ ਨਿਗਮ ਚੋਣਾਂ 'ਚ ਧੱਕੇਸ਼ਾਹੀ ਕਰਨ ਦੇ ਦੋਸ਼ ਲਾਏ ਜਾ ਰਹੇ ਹਨ। ਇਹਨਾਂ ਚੋਣਾਂ 'ਚ ਕਾਂਗਰਸ, ਵਿਰੋਧੀ ਧਿਰ ਅਕਾਲੀ ਦਲ-ਭਾਜਪਾ ਤੇ ਆਮ ਆਦਮੀ ਪਾਰਟੀ 'ਚ ਤਿਕੋਣਾ ਮੁਕਾਬਲਾ ਦੱਸਿਆ ਜਾ ਰਿਹਾ ਹੈ।
ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ 3 ਨਗਰ ਨਿਗਮਾਂ ਦੇ 225 ਵਾਰਡਾਂ ਵਿਚੋਂ 222 ਵਿੱਚ ਅਤੇ 29 ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ ਕੁੱਲ 327 ਵਾਰਡਾਂ ਵਿੱਚ ਚੋਣ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ ਵਿੱਚ ਕੁੱਲ 873 ਪੋਲਿੰਗ ਸਟੇਸ਼ਨ ਐਲਾਨ ਕੀਤੇ ਗਏ ਹਨ, ਜਿਨ੍ਹਾਂ ਵਿੱਚ 1938 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ਪੋਲਿੰਗ ਸਟੇਸ਼ਨਾਂ ਉੱਤੇ ਲੱਗਭੱਗ 8000 ਚੋਣ ਅਮਲਾ ਅਤੇ ਲੱਗਭਗ 15500 ਪੁਲਸ ਮੁਲਾਜ਼ਮ ਡਿਊਟੀ ਨਿਭਾਉਣਗੇ।
ਉਨ੍ਹਾ ਕਿਹਾ ਕਿ ਰਾਜ ਦੀਆਂ ਤਿੰਨ ਨਗਰ ਨਿਗਮਾਂ ਕ੍ਰਮਵਾਰ ਅੰਮ੍ਰਿਤਸਰ ਦੇ 85 ਵਾਰਡਾਂ ਲਈ 413 ਉਮੀਦਵਾਰ ਮੈਦਾਨ ਵਿੱਚ ਹਨ। ਇਥੇ 769153 ਵੋਟਰ ਆਪਣੇ ਅਧਿਕਾਰ ਦੀ ਵਰਤੋਂ ਕਰਨਗੇ। ਇਨ੍ਹਾਂ ਵਿਚ 408231 ਪੁਰਸ਼ ਵੋਟਰ ਹਨ ਅਤੇ 360922 ਮਹਿਲਾ ਵੋਟਰ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨਗਰ ਨਿਗਮ ਚੋਣਾਂ ਲਈ 366 ਪੋਲਿੰਗ ਬੂਥਾਂ ਉਤੇ 3000 ਦੇ ਕਰੀਬ ਮੁਲਾਜ਼ਮ ਚੋਣ ਅਮਲੇ ਵਜੋਂ ਡਿਊਟੀ ਨਿਭਾਉਣਗੇ ਅਤੇ 4686 ਪੁਲਸ ਮੁਲਾਜ਼ਮ ਸੁਰੱਖਿਆ ਨਾਲ ਸਬੰਧਤ ਵੱਖ-ਵੱਖ ਡਿਊਟੀਆਂ ਨਿਭਾਉਣਗੇ। ਬੁਲਾਰੇ ਨੇ ਕਿਹਾ ਕਿ ਜਲੰਧਰ ਦੇ 80 ਵਾਰਡਾਂ ਲਈ 305 ਉਮੀਦਵਾਰ ਮੈਦਾਨ ਵਿੱਚ ਹਨ ਅਤੇ 560261 ਵੋਟਰ ਆਪਣੇ ਅਧਿਕਾਰ ਦੀ ਵਰਤੋਂ ਕਰਨਗੇ। ਇਨ੍ਹਾਂ ਵਿਚ 290617 ਪੁਰਸ਼ ਵੋਟਰ ਹਨ ਅਤੇ 269644 ਮਹਿਲਾ ਵੋਟਰ ਹਨ ।
ਉਨ੍ਹਾ ਕਿਹਾ ਕਿ ਜਲੰਧਰ ਨਗਰ ਨਿਗਮ ਲਈ 262 ਪੋਲਿੰਗ ਸਟੇਸ਼ਨ ਉਤੇ 554 ਪੋਲਿੰਗ ਬੂਥ ਬਣਾਏ ਗਏ ਹਨ। ਜਿੱਥੋਂ ਚੋਣ ਅਮਲੇ ਦੇ 2300 ਦੇ ਕਰੀਬ ਮੁਲਾਜ਼ਮ ਤਾਇਨਾਤ ਹੋਣਗੇ ਅਤੇ 2355 ਪੁਲਸ ਮੁਲਾਜ਼ਮ ਵੱਖ-ਵੱਖ ਡਿਊਟੀਆਂ ਨਿਭਾਉਣਗੇ।
ਉਨ੍ਹਾ ਕਿਹਾ ਕਿ ਨਗਰ ਨਿਗਮ ਪਟਿਆਲਾ ਵਿੱਚ 60 ਵਾਰਡਾਂ ਵਿਚੋਂ 57 ਲਈ ਚੋਣ ਕਰਵਾਈ ਜਾ ਰਹੀ ਹੈ। ਉਨ੍ਹਾ ਦੱਸਿਆ ਕਿ 68 ਪੋਲਿੰਗ ਸਟੇਸ਼ਨਾਂ ਉਤੇ 245 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਇਨ੍ਹਾਂ ਪੋਲਿੰਗ ਸਟੇਸ਼ਨਾਂ ਉਤੇ 1016 ਚੋਣ ਅਮਲਾ ਅਤੇ 1711 ਪੁਲਸ ਮੁਲਾਜ਼ਮ ਵੱਖ-ਵੱਖ ਡਿਊਟੀਆਂ ਨਿਭਾਉਣਗੇ ਅਤੇ 260664 ਵੋਟਰ ਆਪਣੇ ਅਧਿਕਾਰ ਦੀ ਵਰਤੋਂ ਕਰਨਗੇ । ਇਨ੍ਹਾਂ ਵਿਚ 135487 ਪੁਰਸ਼ ਵੋਟਰ ਹਨ ਅਤੇ 125177 ਮਹਿਲਾ ਵੋਟਰ ਹਨ ।
ਬੁਲਾਰੇ ਨੇ ਦੱਸਿਆ ਕਿ ਸੂਬੇ ਦੀਆਂ 29 ਨਗਰ ਪੰਚਾਇਤਾਂ/ਨਗਰ ਕੌਂਸਲਾਂ ਲਈ 327 ਵਾਰਡਾਂ ਵਿੱਚ ਚੋਣ ਕਰਵਾਈ ਜਾ ਰਹੀ ਹੈ।ਇਨ੍ਹਾਂ ਚੋਣਾਂ ਵਿਚ 268909 ਵੋਟਰ ਆਪਣੇ ਅਧਿਕਾਰ ਦੀ ਵਰਤੋਂ ਕਰਨਗੇ। ਇਨ੍ਹਾਂ ਵਿਚ 139695 ਪੁਰਸ਼ ਵੋਟਰ ਹਨ ਅਤੇ 129214 ਮਹਿਲਾ ਵੋਟਰ ਹਨ । ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਸੰਬੰਧੀ ਲੱਗਭੱਗ 1350 ਚੋਣ ਅਮਲਾ ਡਿਊਟੀ ਨਿਭਾਏਗਾ ਜਦਕਿ ਲੱਗਭੱਗ 6500 ਪੁਲਸ ਮੁਲਾਜ਼ਮ ਵੀ ਡਿਊਟੀ ਦੇਣਗੇ।
ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਰਿਪੋਰਟ ਅਨੁਸਾਰ ਅੰਮ੍ਰਿਤਸਰ ਦੇ ਕੁੱਲ 366 ਪੋਲਿੰਗ ਸਟੇਸ਼ਨਾਂ ਵਿੱਚੋਂ 154 ਨੂੰ ਸੰਵੇਦਨਸ਼ੀਲ ਅਤੇ 136 ਨੂੰ ਅਤਿ ਸੰਵੇਦਨਸ਼ੀਲ ਐਲਾਨਿਆ ਗਿਆ ਹੈ। ਇਸੇ ਤਰ੍ਹਾਂ ਜਲੰਧਰ ਵਿੱਚ 554 ਪੋਲਿੰਗ ਬੂਥਾਂ ਵਿਚੋਂ 344 ਨੂੰ ਸੰਵੇਦਨਸ਼ੀਲ ਅਤੇ 31 ਨੂੰ ਅਤਿ ਸੰਵੇਦਨਸ਼ੀਲ ਐਲਾਨੇ ਗਏ ਹਨ।
ਬੁਲਾਰੇ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਰਾਜਾਸਾਂਸੀ ਦੇ 13 ਵਾਰਡਾਂ ਵਿੱਚ 3 ਨੂੰ ਸੰਵੇਦਨਸ਼ੀਲ , ਬਰਨਾਲ ਦੇ ਹੰਡਾਇਆ ਦੇ 13 ਵਾਰਡਾਂ ਵਿਚੋਂ 11 ਨੂੰ ਸੰਵੇਦਨਸ਼ੀਲ ਅਤੇ 2 ਨੂੰ ਅਤਿ ਸੰਵੇਦਨਸ਼ੀਲ, ਫਤਿਹਗੜ੍ਹ ਸਾਹਿਬ ਦੇ ਅਮਲੋਹ ਦੇ 13 ਵਿੱਚ 13 ਨੂੰ ਸੰਵੇਦਨਸ਼ੀਲ, ਫਿਰੋਜ਼ਪੁਰ ਦੇ ਮੱਲਾਂਵਾਲਾ ਖਾਸ ਅਤੇ ਮੱਖੂ ਵਿੱਚ ਸਾਰੇ ਵਾਰਡਾਂ ਤੋਂ ਉਮੀਦਵਾਰ ਨਿਰਵਿਰੋਧ ਚੁਣੇ ਗਏ ਹਨ।
ਜਲੰਧਰ ਦੇ ਭੋਗਪੁਰ 13 ਵਾਰਡਾਂ ਵਿੱਚ 15 ਨੂੰ, ਸ਼ਾਹਕੋਟ ਦੇ 15 ਵਿਚੋਂ 13, ਗੋਰਾਇਆ ਦੇ 13 ਵਿਚੋਂ 13 ਅਤੇ ਬਿਲਗਾ ਦੇ 13 ਵਿਚੋਂ 13 ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ।
ਕਪੂਰਥਲਾ ਦੇ ਢਿੱਲਵਾਂ ਦੇ 11 ਵਾਰਡਾਂ ਵਿਚੋਂ 4 ਨੂੰ ਸੰਵੇਦਨਸ਼ੀਲ, ਬੇਗੋਵਾਲ ਦੇ 13 ਵਾਰਡਾਂ ਵਿਚੋਂ 2 ਨੂੰ ਸੰਵੇਦਨਸ਼ੀਲ ਅਤੇ 1 ਨੂੰ ਅਤਿ ਸੰਵੇਦਨਸ਼ੀਲ, ਜਦ ਕਿ ਭੁਲੱਥ ਦੇ 13 ਵਿਚੋਂ 1 ਸੰਵੇਦਨਸ਼ੀਲ ਅਤੇ 1 ਨੂੰ ਅਤਿ ਸੰਵੇਦਨਸ਼ੀਲ ਕਰਾਰ ਦਿੱਤਾ ਗਿਆ ਹੈ। ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਦੇ 15 ਵਾਰਡਾਂ ਵਿਚੋਂ 13 ਨੂੰ ਸੰਵੇਦਨਸ਼ੀਲ, ਮੁੱਲਾਂਪੁਰ ਦਾਖਾਂ ਦੇ 13 ਵਿਚੋਂ 5 ਨੂੰ ਸੰਵੇਦਨਸ਼ੀਲ, ਮਲੌਦ ਦੇ 11 ਵਿਚੋਂ 6, ਸਾਹਨੇਵਾਲ ਦੇ 15 ਤੋਂ 5 ਸੰਵੇਦਨਸ਼ੀਲ ਕਰਾਰ ਦਿੱਤੇ ਗਏ ਹਨ।
ਮੋਗਾ ਜ਼ਿਲ੍ਹੇ ਦੇ ਧਰਮਕੋਟ ਦੇ 13 ਵਾਰਡਾਂ ਵਿੱਚੋਂ 4 ਸੰਵੇਦਨਸ਼ੀਲ ਅਤੇ 8 ਅਤਿ ਸੰਵੇਦਨਸ਼ੀਲ, ਫਤਿਹਗੜ੍ਹ ਪੰਜਤੂਰ ਦੇ 11 ਵਾਰਡਾਂ ਵਿਚੋਂ 6 ਵਾਰਡਾਂ ਸੰਵੇਦਨਸ਼ੀਲ ਕਰਾਰ ਦਿੱਤੇ ਗਏ ਹਨ।
ਮੁਕਤਸਰ ਜ਼ਿਲ੍ਹੇ ਦੇ ਬਰੀਵਾਲਾ ਦੇ 11 ਵਾਰਡਾਂ ਨੂੰ ਹੀ ਸੰਵੇਦਨਸ਼ੀਲ ਕਰਾਰ ਦਿੱਤਾ ਗਿਆ ਹੈ। ਪਟਿਆਲਾ ਜ਼ਿਲ੍ਹੇ ਦੇ ਘੱਗਾ ਦੇ 13 ਵਾਰਡਾਂ ਵਿਚੋਂ 13 ਵਾਰਡਾਂ ਨੂੰ ਅਤੇ ਘਨੌਰ ਦੇ 11 ਵਾਰਡਾਂ ਵਿਚੋਂ 11 ਵਾਰਡਾਂ ਨੂੰ ਸੰਵੇਦਨਸ਼ੀਲ ਕਰਾਰ ਦਿੱਤਾ ਗਿਆ ਹੈ।
ਜ਼ਿਲ੍ਹਾ ਪਠਾਨਕੋਟ ਦੇ ਨਰੋਟ ਜੈਮਲ ਸਿੰਘ ਵਿੱਚ ਕਿਸੇ ਵੀ ਵਾਰਡ ਨੂੰ ਸੰਵੇਦਨਸ਼ੀਲ ਕਰਾਰ ਨਹੀਂ ਦਿੱਤਾ ਗਿਆ, ਜਦ ਕਿ ਸੰਗਰੂਰ ਜ਼ਿਲ੍ਹੇ ਦੇ ਦਿੜ੍ਹਬਾ ਦੇ 13 ਵਾਰਡਾਂ ਵਿਚੋਂ 13 ਨੂੰ ਸੰਵੇਦਨਸ਼ੀਲ ਕਰਾਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਚੀਮਾ ਦੇ 13 ਵਾਰਡਾਂ ਵਿਚੋਂ 13 ਨੂੰ ਸੰਵੇਦਨਸ਼ੀਲ ਕਰਾਰ ਦਿੱਤਾ ਗਿਆ ਹੈ, ਖਨੌਰੀ ਦੇ 13 ਵਾਰਡਾਂ ਵਿਚੋਂ 13 ਨੂੰ ਸੰਵੇਦਨਸ਼ੀਲ ਕਰਾਰ ਦਿੱਤਾ ਗਿਆ ਹੈ ਅਤੇ ਮੂਨਕ ਦੇ 13 ਵਾਰਡਾਂ ਵਿਚੋਂ 13 ਨੂੰ ਸੰਵੇਦਨਸ਼ੀਲ ਕਰਾਰ ਦਿੱਤਾ ਗਿਆ ਹੈ।
ਤਰਨ ਤਾਰਨ ਜ਼ਿਲ੍ਹੇ ਦੇ ਖੇਮਕਰਨ ਦੇ 13 ਵਾਰਡਾਂ ਵਿਚੋਂ 3 ਵਾਰਡਾਂ ਵਿਚ ਚੋਣ ਕਾਰਵਾਈ ਜਾਣੀ ਹੈ ਅਤੇ ਇਨ੍ਹਾਂ ਵਾਰਡਾਂ ਨੂੰੰ ਅਤਿ ਸੰਵੇਦਨਸ਼ੀਲ ਕਰਾਰ ਦਿੱਤਾ ਗਿਆ ਹੈ।ਮਾਨਸਾ ਦੇ ਭੀਖੀ ਦੇ 13 ਵਾਰਡਾਂ ਵਿੱਚੋਂ 13 ਵਾਰਡਾਂ ਨੂੰ ਸੰਵੇਦਨਸ਼ੀਲ, ਸ਼ਹੀਦ ਭਗਤ ਸਿੰਘ ਨਗਰ ਦੇ ਬਲਾਚੌਰ ਦੇ 15 ਵਾਰਡਾਂ ਵਿਚੋਂ 12 ਸੰਵੇਦਨਸ਼ੀਲ ਅਤੇ ਬਠਿੰਡਾ ਦੇ ਤਲਵੰਡੀ ਸਾਬੋ ਦੇ 15 ਵਾਰਡਾਂ ਵਿਚੋਂ 5 ਨੂੰ ਸੰਵੇਦਨਸ਼ੀਲ ਕਰਾਰ ਦਿੱਤਾ ਗਿਆ ਹੈ ਅਤੇ ਹੁਸ਼ਿਆਰਪੁਰ ਦੇ ਮਾਹਿਲਪੁਰ ਦੇ 13 ਵਾਰਡਾਂ ਵਿਚੋਂ 1 ਵਾਰਡ ਨੂੰ ਸੰਵੇਦਨਸ਼ੀਲ ਕਰਾਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਕਮਿਸ਼ਨ ਵੱਲੋਂ ਅਤਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਵੀਡੀਓਗ੍ਰਾਫੀ ਕਰਵਾਉਣ ਸੰਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਵੋਟਾਂ ਦੀ ਗਿਣਤੀ ਸੰਬੰਧੀ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਜਦੋਂ ਵਾਰਡ ਲਈ ਵੋਟਾਂ ਪਾਉਣ ਦਾ ਅਮਲ ਮੁਕੰਮਲ ਹੋ ਜਾਵੇਗਾ ਅਤੇ ਬੈਲਟ ਪੇਪਰ ਦਾ ਵਿਵਰਣ ਤਿਆਰ ਕਰ ਲਿਆ ਜਾਵੇਗਾ ਤਾਂ ਹੀ ਉਸ ਵਾਰਡ ਦੇ ਰਿਟਰਨਿੰਗ ਅਫਸਰ ਵੱਲੋਂ ਗਿਣਤੀ ਦੇ ਹੁਕਮ ਜਾਰੀ ਕੀਤੇ ਜਾਣਗੇ ।ਜੇਕਰ ਕਿਸੇ ਪੋਲਿੰਗ ਸਟੇਸ਼ਨ ਵਿਚ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਐਕਟ 1994 ਦੀਆਂ ਧਾਰਾਵਾਂ 58, 59 ਅਤੇ 60 ਵਿਚ ਕੀਤੇ ਗਏ ਉਪਬੰਧਾਂ ਕਾਰਨ ਚੋਣ ਅਮਲ ਮੁਕੰਮਲ ਨਹੀਂ ਹੁੰਦਾ ਤਾਂ ਉਸ ਕੇਸ ਵਿਚ ਰਿਟਰਨਿੰਗ ਅਫਸਰ ਰਾਜ ਚੋਣ ਕਮਿਸ਼ਨ ਨੂੰ ਤੁਰੰਤ ਸੂਚਿਤ ਕਰੇਗਾ। ਉਨ੍ਹਾਂ ਵਾਰਡਾਂ ਵਿਚ ਕਮਿਸ਼ਨ ਦੇ ਹੁਕਮ ਹੋਣ ਉਪਰੰਤ ਗਿਣਤੀ ਦਾ ਕੰਮ ਆਰੰਭਿਆ ਜਾਵੇਗਾ।

144 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper