ਰਾਹੁਲ ਗਾਂਧੀ ਦੀ ਕਾਂਗਰਸ ਪ੍ਰਧਾਨ ਵਜੋਂ ਤਾਜਪੋਸ਼ੀ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਰਾਹੁਲ ਗਾਂਧੀ ਨੇ ਅੱਜ ਕਾਂਗਰਸ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ। ਇਸ ਮੌਕੇ ਪਾਰਟੀ ਦਫ਼ਤਰ 'ਚ ਹੋਏ ਇੱਕ ਸਮਾਰੋਹ 'ਚ ਉਨ੍ਹਾ ਨੂੰ ਕਾਂਗਰਸ ਦੀ ਅਹੁਦਾ ਛੱਡ ਰਹੀ ਪ੍ਰਧਾਨ ਅਤੇ ਉਨ੍ਹਾ ਦੀ ਮਾਂ ਸ੍ਰੀਮਤੀ ਸੋਨੀਆ ਗਾਂਧੀ ਨੇ ਵਧਾਈ, ਸ਼ੁਭ-ਕਾਮਨਾਵਾਂ ਅਤੇ ਆਸ਼ੀਰਵਾਦ ਦਿੱਤਾ।
ਇਸ ਮੌਕੇ ਬੋਲਦਿਆਂ ਸ੍ਰੀਮਤੀ ਸੋਨੀਆ ਗਾਂਧੀ ਨੇ ਕਿਹਾ ਕਿ ਇੱਕ ਮਾਂ ਦੇ ਤੌਰ 'ਤੇ ਮੈਂ ਰਾਹੁਲ ਦੀ ਸਿਫ਼ਤ ਨਹੀਂ ਕਰਨਾ ਚਾਹੁੰਦੀ, ਪਰ ਮੈਨੂੰ ਰਾਹੁਲ ਗਾਂਧੀ ਦੀ ਸਹਿਣਸ਼ੀਲਤਾ 'ਤੇ ਮਾਣ ਹੈ, ਜਿਸ ਨਾਲ ਉਹ ਨਿਡਰ ਅਤੇ ਸਾਹਸੀ ਬਣੇ ਹਨ। ਉਨ੍ਹਾ ਕਿਹਾ ਕਿ ਸਿਆਸਤ 'ਚ ਆਉਣ 'ਤੇ ਰਾਹੁਲ ਗਾਂਧੀ ਨੇ ਅਜਿਹੇ ਭਿਅੰਕਰ ਹਮਲੇ ਦਾ ਸਾਹਮਣਾ ਕੀਤਾ, ਜਿਸ ਨੇ ਉਸ ਨੂੰ ਹੋਰ ਨਿੱਡਰ ਅਤੇ ਹਿੰਮਤੀ ਇਨਸਾਨ ਬਣਾਇਆ। ਉਨ੍ਹਾ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇਸ਼ 'ਚ ਅੱਗ ਲਾ ਰਹੀ ਹੈ, ਜਿਸ ਕਰਕੇ ਰਾਹੁਲ ਸਾਹਮਣੇ ਇੱਕ ਵੱਡੀ ਚੁਣੌਤੀ ਹੈ। ਉਨ੍ਹਾ ਕਿਹਾ ਕਿ ਇੱਕ ਨਵਾਂ ਦੌਰ ਤੇ ਨਵੀਂ ਲੀਡਰਸ਼ਿਪ ਦੀ ਉਮੀਦ ਤੁਹਾਡੇ ਸਾਹਮਣੇ ਹੈ। ਸੋਨੀਆ ਨੇ ਕਿਹਾ ਕਿ ਉਹ ਕਾਂਗਰਸ ਪ੍ਰਧਾਨ ਵਜੋਂ ਆਖਰੀ ਵਾਰ ਸੰਬੋਧਨ ਕਰ ਰਹੀ ਹੈ। 20 ਸਾਲ ਪਹਿਲਾਂ ਜਦੋਂ ਮੈਨੂੰ ਪ੍ਰਧਾਨ ਚੁਣਿਆ ਗਿਆ ਤਾਂ ਮੇਰੇ ਦਿਲ 'ਚ ਘਬਰਾਹਟ ਸੀ ਅਤੇ ਮੇਰੇ ਹੱਥ ਕੰਬ ਰਹੇ ਸਨ, ਮੇਰੇ ਸਾਹਮਣੇ ਬੇਹੱਦ ਮੁਸ਼ਕਲ ਕੰਮ ਸੀ। ਸ੍ਰੀਮਤੀ ਇੰਦਰਾ ਗਾਂਧੀ ਨੇ ਮੈਨੂੰ ਧੀ ਵਾਂਗ ਪ੍ਰਵਾਨ ਕੀਤਾ ਅਤੇ ਜਦੋਂ ਉਹਨਾ ਦਾ ਕਤਲ ਹੋਇਆ ਤਾਂ ਮੈਨੂੰ ਮਾਂ ਗੁਆ ਦੇਣ ਦਾ ਅਹਿਸਾਸ ਹੋਇਆ। ਮੈਂ ਸਿਆਸਤ ਨੂੰ ਵੱਖ ਨਜ਼ਰੀਏ ਤੋਂ ਦੇਖਣਾ ਚਾਹੁੰਦੀ ਸੀ ਅਤੇ ਆਪਣੇ ਪਤੀ ਤੇ ਬੱਚਿਆਂ ਨੂੰ ਸਿਆਸਤ ਤੋਂ ਦੂਰ ਰੱਖਣਾ ਚਾਹੁੰਦੀ ਸੀ, ਪਰ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੀ ਕੁਰਬਾਨੀ ਅਜਾਈਂ ਨਾ ਜਾਵੇ, ਇਸ ਲਈ ਸਿਆਸਤ 'ਚ ਆਈ। ਉਨ੍ਹਾ ਕਿਹਾ ਕਿ ਸੱਤਾ, ਸ਼ੋਹਰਤ ਅਤੇ ਸੁਆਰਥ ਸਾਡਾ ਮਕਸਦ ਨਹੀਂ। ਦੇਸ਼ 'ਚ ਭੈਅ ਦਾ ਮਾਹੌਲ ਹੈ, ਪਰ ਅਸੀਂ ਡਰਨ ਜਾਂ ਝੁਕਣ ਵਾਲੇ ਨਹੀਂ ਹਾਂ। ਕਾਂਗਰਸ ਨੂੰ ਆਪਣੇ ਅੰਦਰ ਝਾਤੀ ਮਾਰਦੇ ਹੋਏ ਅੱਗੇ ਵਧਣਾ ਪਵੇਗਾ ਅਤੇ ਖੁਦ ਨੂੰ ਵੀ ਦਰੁਸਤ ਕਰਨਾ ਹੋਵੇਗਾ।
ਕਾਂਗਰਸ ਦੇ ਲੱਖਾਂ ਵਰਕਰਾਂ ਦੀ ਪ੍ਰਸੰਸਾ ਕਰਦਿਆਂ ਉਨ੍ਹਾ ਕਿਹਾ ਕਿ ਉਹ ਪੂਰੇ ਸਫ਼ਰ 'ਚ ਮੇਰੇ ਹਮਸਫ਼ਰ ਰਹੇ ਹਨ। ਉਨ੍ਹਾ ਕਿਹਾ ਕਿ ਅਸੀਂ ਸਮਾਜ ਦੇ ਹਰੇਕ ਤਬਕੇ ਦਾ ਵਿਕਾਸ ਕੀਤਾ ਅਤੇ ਅਸੀਂ ਅਜਿਹੇ ਕਾਨੂੰਨ ਬਣਾਏ, ਜਿਹੜੇ ਜਨਤਾ ਦੇ ਅਧਿਕਾਰਾਂ 'ਤੇ ਅਧਾਰਤ ਸਨ।