ਜੇਲ੍ਹ 'ਚ ਗੈਰ-ਕਾਨੂੰਨੀ ਗੋਰਖਧੰਦੇ ਦਾ ਪਰਦਾਫਾਸ਼


ਬਠਿੰਡਾ, (ਬਖਤੌਰ ਢਿੱਲੋਂ)
ਕੈਦੀ ਸਮੇਤ ਇੱਕ ਵੈੱਲਫੇਅਰ ਅਫਸਰ ਦੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ-ਹੱਥੀਂ ਅੱਜ ਹੋਈ ਗ੍ਰਿਫਤਾਰੀ ਤੋਂ ਇਸ ਤੱਥ ਦੀ ਪੁਸ਼ਟੀ ਹੋ ਗਈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਜੋ ਗੈਰ-ਕਾਨੂੰਨੀ ਧੰਦੇ ਚੱਲ ਰਹੇ ਹਨ, ਉਹ ਇਸ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸ਼ਮੂਲੀਅਤ ਤੋਂ ਬਿਨਾਂ ਸੰਭਵ ਹੀ ਨਹੀਂ ਹਨ ।
ਮਾਮਲਾ ਕੁੱਝ ਇਸ ਤਰ੍ਹਾਂ ਹੈ ਕਿ ਮਾਨਸਾ ਦੀ ਜ਼ਿਲ੍ਹਾ ਜੇਲ੍ਹ ਵਿਖੇ ਸ਼ਾਹਬਾਦ ਮਾਰਕੰਡਾ ਦੇ ਗੌਰਵ ਨਾਂਅ ਦਾ ਇੱਕ ਵਸਨੀਕ ਨਸ਼ੀਲੇ ਪਦਾਰਥਾਂ ਦੇ ਧੰਦੇ ਵਿੱਚ ਸ਼ਾਮਲ ਹੋਣ ਕਾਰਨ ਕੈਦ ਕੱਟ ਰਿਹਾ ਹੈ। ਇਸੇ ਤਰ੍ਹਾਂ ਮੌੜ ਮੰਡੀ ਦਾ ਪਵਨ ਕੁਮਾਰ ਵੀ ਕਤਲ ਦੇ ਕੇਸ ਵਿੱਚ ਉਮਰ ਕੈਦੀ ਹੈ। ਜੇਲ੍ਹ ਦੇ ਵੈੱਲਫੇਅਰ ਵਿਭਾਗ ਵੱਲੋਂ ਬੰਦੀਆਂ ਦੀ ਸਹੂਲਤ ਲਈ ਚਲਾਈ ਜਾ ਰਹੀ ਕੰਟੀਨ ਦਾ ਪਵਨ ਕੁਮਾਰ ਇੰਚਾਰਜ ਤੇ ਗੌਰਵ ਉਸ ਦੇ ਸਹਾਇਕ ਵਜੋਂ ਕੰਮ ਕਰ ਰਿਹਾ ਹੈ। ਜੇਲ੍ਹ ਦੇ ਹਵਾਲਾਤੀਆਂ ਤੇ ਕੈਦੀਆਂ ਦੇ ਪਰਵਾਰਾਂ ਵੱਲੋਂ ਗੌਰਵ ਦੇ ਬੈਂਕ ਖਾਤੇ ਵਿੱਚ ਲਗਾਤਾਰ ਪੈਸੇ ਜਮ੍ਹਾਂ ਕਰਵਾਏ ਜਾ ਰਹੇ ਸਨ, ਜਿਸ ਦੀ ਸੂਹ ਜੇਲ੍ਹ ਅਧਿਕਾਰੀਆਂ ਨੂੰ ਵੀ ਮਿਲ ਗਈ। ਜੇਲ੍ਹ ਦੇ ਅਧਿਕਾਰੀਆਂ ਵੱਲੋਂ ਕੀਤੀ ਪੁੱਛ-ਪੜਤਾਲ ਦੌਰਾਨ ਜਦ ਇਹ ਜਾਣਕਾਰੀ ਮਿਲ ਗਈ ਕਿ ਗੌਰਵ ਦੇ ਖਾਤੇ ਵਿੱਚ 86250 ਰੁਪਏ ਜਮ੍ਹਾਂ ਹੋ ਚੁੱਕੇ ਹਨ ਤਾਂ ਉਨ੍ਹਾਂ ਉਸ ਉੱਪਰ ਇਹ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਕਿ ਉਕਤ ਰਕਮ ਤੋਂ ਇਲਾਵਾ ਉਹ ਹਰਜਾਨੇ ਵਜੋਂ ਇੱਕ ਲੱਖ ਰੁਪਏ ਹੋਰ ਉਨ੍ਹਾਂ ਦੇ ਸਪੁਰਦ ਕਰੇ ।ਇਸ ਕੰਮ ਨੂੰ ਯਕੀਨੀ ਬਨਾਉਣ ਲਈ ਗੌਰਵ ਤੋਂ ਇਲਾਵਾ ਪਵਨ ਰਾਹੀਂ ਵੀ ਉਸ ਦੇ ਵਾਰਸਾਂ ਨੂੰ ਵਾਰ-ਵਾਰ ਇਸ ਦਲੀਲ ਨਾਲ ਫੋਨ ਕਾਲਾਂ ਕਰਵਾਈਆਂ ਗਈਆਂ ਕਿ ਅਗਰ ਉਨ੍ਹਾਂ ਤੁਰੰਤ ਪੈਸੇ ਜਮ੍ਹਾਂ ਨਾ ਕਰਵਾਏ ਤਾਂ ਜੇਲ੍ਹ ਅਧਿਕਾਰੀ ਗੌਰਵ ਦਾ ਜਿਉਣਾ ਹਰਾਮ ਕਰ ਦੇਣਗੇ ।ਇਸ ਦੇ ਬਾਵਜੂਦ ਜਦ ਵਾਰਸਾਂ ਨੇ ਪੈਸੇ ਦਾ ਪ੍ਰਬੰਧ ਨਾ ਕੀਤਾ ਤਾਂ ਜੇਲ੍ਹ ਦੇ ਡਿਪਟੀ ਸੁਪਰਡੈਂਟ ਨੇ ਗੌਰਵ ਨੂੰ ਆਪਣੇ ਦਫਤਰ ਵਿੱਚ ਬੁਲਾ ਕੇ ਕੁਟਾਪਾ ਵੀ ਚਾੜ੍ਹ ਦਿੱਤਾ।
ਇਸ ਦੀ ਜਾਣਕਾਰੀ ਮਿਲਣ 'ਤੇ ਗੌਰਵ ਦੇ ਵਾਰਸਾਂ ਨੇ ਪਵਨ ਰਾਹੀਂ ਅਧਿਕਾਰੀਆਂ ਨੂੰ ਇਹ ਯਕੀਨ ਦੁਆ ਦਿੱਤਾ ਕਿ ਇੱਕ-ਦੋ ਦਿਨਾਂ ਵਿੱਚ ਉਹ ਉਨ੍ਹਾਂ ਕੋਲ ਉਕਤ ਰਕਮ ਪਹੁੰਚਦੀ ਕਰ ਦੇਣਗੇ। ਇਸ ਦੌਰਾਨ ਉਨ੍ਹਾਂ ਵਿਜੀਲੈਂਸ ਬਿਊਰੋ ਨਾਲ ਸੰਪਰਕ ਸਥਾਪਤ ਕਰ ਲਿਆ ।ਵਿਜੀਲੈਂਸ ਬਿਊਰੋ ਦੀ ਬਠਿੰਡਾ ਰੇਂਜ ਦੇ ਸੀਨੀਅਰ ਕਪਤਾਨ ਪੁਲਸ ਜਗਜੀਤ ਸਿੰਘ ਭਗਤਾਨਾ ਅਤੇ ਪੁਲਸ ਕਪਤਾਨ ਭੁਪਿੰਦਰ ਸਿੰਘ ਸਿੱਧੂ ਵੱਲੋਂ ਬਣਾਈ ਯੋਜਨਾ ਅਨੁਸਾਰ ਅੱਜ ਜਦ ਮਾਨਸਾ ਜੇਲ੍ਹ ਦਾ ਵੈੱਲਫੇਅਰ ਅਫਸਰ ਸਿਕੰਦਰ ਸਿੰਘ ਕੈਦੀ ਪਵਨ ਕੁਮਾਰ ਨੂੰ ਨਾਲ ਲੈ ਕੇ ਗੌਰਵ ਦੇ ਭਰਾ ਰਵਿੰਦਰ ਕੁਮਾਰ ਤੋਂ ਰਿਸ਼ਵਤ ਦੀ ਰਕਮ ਲੈਣ ਲਈ ਤਾਮਕੋਟ ਤੇ ਭੈਣੀ ਬਾਘਾ ਰੋਡ 'ਤੇ ਆ ਗਏ ਤਾਂ 50 ਹਜ਼ਾਰ ਰੁਪਏ ਨਗਦ ਅਤੇ 86200 ਰੁਪਏ ਦਾ ਖਾਲੀ ਚੈੱਕ ਲੈਂਦਿਆਂ ਦੋਵਾਂ ਨੂੰ ਵਿਜੀਲੈਂਸ ਦੀ ਹਾਈ ਪ੍ਰੋਫਾਈਲ ਟੀਮ ਨੇ ਗ੍ਰਿਫਤਾਰ ਕਰ ਲਿਆ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਜੀਲੈਂਸ ਬਿਊਰੋ ਬਠਿੰਡਾ ਦੇ ਐੱਸ ਐੱਸ ਪੀ ਜਗਜੀਤ ਸਿੰਘ ਭਗਤਾਨਾ ਨੇ ਦੱਸਿਆ ਕਿ ਪਹਿਲੀ ਨਜ਼ਰੇ ਇਉਂ ਜਾਪਦਾ ਹੈ, ਜਿਵੇਂ ਇਹ ਪੈਸੇ ਬੰਦੀਆਂ ਨੂੰ ਕੰਟੀਨ ਦਾ ਸਾਮਾਨ ਮੁਹੱਈਆ ਕਰਵਾਉਣ ਵਾਸਤੇ ਗੌਰਵ ਨੇ ਆਪਣੇ ਖਾਤੇ ਵਿੱਚ ਜਮ੍ਹਾਂ ਕਰਵਾਏ ਹੋਣ, ਪ੍ਰੰਤੂ ਜਾਂਚ ਦੌਰਾਨ ਨਸ਼ੀਲੇ ਪਦਾਰਥਾਂ ਦੇ ਧੰਦੇ ਸਮੇਤ ਬੰਦੀਆਂ ਨੂੰ ਜੇਲ੍ਹ ਵਿੱਚ ਖਾਸ ਕਿਸਮ ਦਾ ਟਰੀਟਮੈਂਟ ਦੇਣ ਦੇ ਇਵਜ਼ ਵਜੋਂ ਰਿਸ਼ਵਤ ਹਾਸਲ ਕਰਨ ਦੇ ਗੋਰਖਧੰਦੇ ਨੂੰ ਵੀ ਪੂਰੀ ਡੂੰਘਾਈ ਨਾਲ ਪੜਤਾਲਿਆ ਜਾਵੇਗਾ। ਉਨ੍ਹਾ ਦੱਸਿਆ ਕਿ ਵੈੱਲਫੇਅਰ ਅਫਸਰ ਸਿਕੰਦਰ ਸਿੰਘ ਤੇ ਕੈਦੀ ਪਵਨ ਕੁਮਾਰ ਤੋਂ ਇਲਾਵਾ ਡਿਪਟੀ ਸੁਪਰਡੈਂਟ ਜੇਲ੍ਹ ਗੁਰਜੀਤ ਸਿੰਘ ਬਰਾੜ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ ਤੋਂ ਇਲਾਵਾ ਭਾਰਤੀ ਦੰਡਾਵਲੀ ਦੀ ਧਾਰਾ 120 ਬੀ ਅਧੀਨ ਮੁਕੱਦਮਾ ਦਰਜ ਕੀਤਾ ਜਾ ਚੁੱਕਾ ਹੈ। ਇਸ ਕੇਸ ਵਿੱਚ ਸੁਪਰਡੈਂਟ ਬਲਵਿੰਦਰ ਸਿੰਘ ਰੰਧਾਵਾ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ। ਇਸ ਮੌਕੇ ਪੁਲਸ ਕਪਤਾਨ ਭੁਪਿੰਦਰ ਸਿੰਘ ਸਿੱਧੂ ਵੀ ਮੌਜੂਦ ਸਨ।