Latest News
ਨਿਗਮ ਚੋਣਾਂ ਦੀ ਜਿੱਤ ਰਾਹੁਲ ਗਾਂਧੀ ਲਈ ਪਹਿਲਾ ਤੋਹਫ਼ਾ

Published on 17 Dec, 2017 11:43 AM.


ਚੰਡੀਗੜ੍ਹ, (ਨਵਾਂ ਜ਼ਮਾਨਾ ਸਰਵਿਸ) -ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਨਗਰ ਨਿਗਮ ਅਤੇ ਕਾਰਪੋਰੇਸ਼ਨ ਦੀਆਂ ਚੋਣਾਂ 'ਚ ਜਿੱਤ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਰਾਹੁਲ ਗਾਂਧੀ ਲਈ ਪਹਿਲਾ ਤੋਹਫ਼ਾ ਹਨ। ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸੂਬਾ ਸਰਕਾਰ ਵੱਲੋਂ ਵਾਅਦੇ ਪੂਰੇ ਕਰਨ ਉਪਰ ਫਤਵਾ ਦਿੱਤਾ ਏ। ਇੱਥੇ ਅੱਜ ਕਾਂਗਰਸ ਸਰਕਾਰ ਦੇ ਨੌਂ ਮਹੀਨਿਆਂ ਦੇ ਸ਼ਾਸਨਕਾਲ ਬਾਰੇ ਸਿਆਸੀ ਤੌਰ 'ਤੇ ਪ੍ਰੇਰਿਤ ਬਿਆਨ ਦੇਣ ਲਈ ਭਾਜਪਾ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਦੀ ਕਰੜੀ ਆਲੋਚਨਾ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਸਰਕਾਰ ਨੇ ਸਿਰਫ 9 ਵਾਅਦੇ ਨਹੀਂ, ਬਲਕਿ 100 ਤੋਂ ਵੱਧ ਚੋਣ ਵਾਅਦੇ ਪੂਰੇ ਕਰ ਦਿੱਤੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਸਾਂਪਲਾ ਦੇ ਉਸ ਬਿਆਨ ਦੀ ਖਿੱਲ੍ਹੀ ਉਡਾਈ ਹੈ, ਜਿਸ ਵਿੱਚ ਭਾਜਪਾ ਆਗੂ ਨੇ ਉਨ੍ਹਾਂ ਨੂੰ ਆਪਣੇ ਨੌਂ ਮਹੀਨਿਆਂ ਦੇ ਸ਼ਾਸਨਕਾਲ ਦੇ ਘੱਟੋ-ਘੱਟ 9 ਚੋਣ ਵਾਅਦੇ ਗਿਣਾਉਣ ਦੀ ਚੁਣੌਤੀ ਦਿੱਤੀ ਸੀ। ਮੁੱਖ ਮੰਤਰੀ ਨੇ ਆਖਿਆ ਕਿ ਮਿਊਂਸਪਲ ਚੋਣਾਂ ਤੋਂ ਇਕ ਦਿਨ ਪਹਿਲਾਂ ਜਾਰੀ ਕੀਤੇ ਇਸ ਬਿਆਨ ਦਾ ਸਾਫ ਮਕਸਦ ਵੋਟਰਾਂ ਨੂੰ ਗੁੰਮਰਾਹ ਤੇ ਪ੍ਰਭਾਵਤ ਕਰਨਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਭਾਰਤੀ ਜਨਤਾ ਪਾਰਟੀ ਪਿਛਲੇ 10 ਸਾਲਾਂ ਵਿੱਚ ਉਸ ਵੇਲੇ ਕੀ ਕਰ ਰਹੀ ਸੀ ਜਦੋਂ ਉਸ ਦਾ ਆਪਣਾ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਸੂਬੇ ਨੂੰ ਲੁੱਟਣ ਵਿੱਚ ਲੱਗਾ ਹੋਇਆ ਸੀ ਅਤੇ ਸੂਬੇ ਨੂੰ ਪੂਰੀ ਤਰ੍ਹਾਂ ਬਦਅਮਨੀ, ਬੇਰੁਜ਼ਗਾਰੀ, ਸਨਅਤੀ ਤੇ ਖੇਤੀਬਾੜੀ ਦੀ ਮਾੜੀ ਦੁਰਦਸ਼ਾ ਅਤੇ ਆਰਥਕ ਕੰਗਾਲੀ ਵੱਲ ਧੱਕ ਦਿੱਤਾ ਸੀ। ਮੁੱਖ ਮੰਤਰੀ ਨੇ ਆਖਿਆ ਕਿ ਸਾਂਪਲਾ ਨੇ ਨਗਰ ਕੌਂਸਲ ਚੋਣਾਂ ਤੋਂ ਇਕ ਦਿਨ ਪਹਿਲਾਂ ਇਹ ਘਟੀਆ ਦੋਸ਼ ਲਾਉਣ ਦਾ ਦਿਨ ਕਿਉਂ ਚੁਣਿਆ। ਉਨ੍ਹਾ ਆਖਿਆ ਕਿ ਭਾਜਪਾ ਪੰਜਾਬ ਵਿੱਚ ਆਪਣੇ ਪੈਰ ਜਮਾਉਣ ਲਈ ਕੋਈ ਨਾ ਕੋਈ ਢੰਗ-ਤਰੀਕਾ ਲੱਭਣ ਲਈ ਤਿਲਮਿਲਾ ਰਹੀ ਹੈ, ਕਿਉਂ ਜੋ ਸੂਬੇ ਵਿੱਚ ਇਸ ਪਾਰਟੀ ਦਾ ਕੋਈ ਆਧਾਰ ਨਹੀਂ ਅਤੇ ਇਸ ਦਾ ਸਹਿਯੋਗੀ ਅਕਾਲੀ ਦਲ ਵੀ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਦਾ ਸੁਆਦ ਵੇਖ ਚੁੱਕਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਜੇਕਰ ਸਾਂਪਲਾ ਇਹ ਆਸ ਰੱਖਦੇ ਹਨ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ 10 ਵਰ੍ਹਿਆਂ ਵਿੱਚ ਸੂਬੇ ਦੀ ਕੀਤੀ ਤਬਾਹੀ ਨੂੰ ਕਾਂਗਰਸ ਸਰਕਾਰ 10 ਮਹੀਨਿਆਂ ਵਿੱਚ ਠੀਕ ਕਰ ਸਕਦੀ ਹੈ ਤੇ ਉਹ ਵੀ ਉਸ ਵੇਲੇ ਜਦੋਂ ਸੂਬਾ ਕਰਜ਼ੇ ਦੇ ਵੱਡੇ ਬੋਝ ਥੱਲੇ ਹੋਵੇ ਤਾਂ ਇਸ ਨਾਲ ਨਾ ਸਿਰਫ ਸਾਂਪਲਾ ਦੀ ਸਿਆਸੀ ਨਾਸਮਝੀ ਝਲਕਦੀ ਹੈ, ਸਗੋਂ ਉਨ੍ਹਾ ਦੇ ਸ਼ਾਸਨ ਤੋਂ ਪੂਰੀ ਤਰ੍ਹਾਂ ਟੁੱਟੇ ਹੋਣ ਦਾ ਵੀ ਪ੍ਰਗਟਾਵਾ ਹੁੰਦਾ ਹੈ।
ਮੁੱਖ ਮੰਤਰੀ ਨੇ ਆਖਿਆ ਕਿ ਇਹ ਗੱਲ ਸਿੱਧ ਹੋ ਜਾਂਦੀ ਹੈ ਕਿ ਸਾਂਪਲਾ ਨੂੰ ਇਸ ਗੱਲ ਦਾ ਵੀ ਪਤਾ ਨਹੀਂ ਕਿ ਕੈਬਨਿਟ ਵੱਲੋਂ ਫੈਸਲੇ 'ਤੇ ਲਾਈ ਗਈ ਮੋਹਰ ਜਾਂ ਸਕੀਮ ਨੂੰ ਨੋਟੀਫਾਈ ਕਰਨ ਦਾ ਕੀ ਮਤਲਬ ਹੁੰਦਾ ਹੈ। ਉਨ੍ਹਾ ਆਖਿਆ ਕਿ ਕਿਸਾਨਾਂ ਦੀ ਕਰਜ਼ਾ ਮੁਆਫੀ ਦੀ ਸਕੀਮ ਨੂੰ ਨੋਟੀਫਾਈ ਕੀਤਾ ਜਾ ਚੁੱਕਾ ਹੈ ਤੇ ਅਗਲੇ ਦੋ ਮਹੀਨਿਆਂ ਵਿੱਚ ਇਸ ਦਾ ਅਮਲ ਸ਼ੁਰੂ ਹੋ ਜਾਣਾ ਹੈ। ਇਸੇ ਤਰ੍ਹਾਂ ਉਦਯੋਗ ਲਈ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦਰ ਨੂੰ ਮੰਤਰੀ ਮੰਡਲ ਨੇ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਇਹ ਫੈਸਲੇ ਲਾਗੂ ਕਰਨ ਵਿੱਚ ਰੁੱਝੀ ਹੋਈ ਸੀ ਤਾਂ ਅਜਿਹਾ ਜਾਪਦਾ ਹੈ ਕਿ ਸਾਂਪਲਾ ਉਸ ਵੇਲੇ ਸੌਂ ਰਹੇ ਸਨ।
ਨਸ਼ਿਆਂ ਦੇ ਮੁੱਦੇ 'ਤੇ ਮੁੱਖ ਮੰਤਰੀ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਸੂਬੇ ਵਿੱਚ ਨਸ਼ਿਆਂ ਦੀ ਅਲਾਮਤ ਨੂੰ ਹੰਢਾਉਣ ਵਾਲਾ ਹਰ ਵਿਅਕਤੀ ਸਾਡੀ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੀ ਸਫਲਤਾ ਦੀ ਹਾਮੀ ਭਰੇਗਾ। ਮੁੱਖ ਮੰਤਰੀ ਨੇ ਆਖਿਆ ਕਿ ਚੋਣ ਵਾਅਦੇ ਮੁਤਾਬਕ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਗਏ ਹਨ ਅਤੇ ਘਰ-ਘਰ ਰੁਜ਼ਗਾਰ ਸਕੀਮ ਅਧੀਨ 3000 ਸਰਕਾਰੀ ਨੌਕਰੀਆਂ ਸਮੇਤ 27000 ਬੇਰੁਜ਼ਗਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਹਨ। ਉਨ੍ਹਾ ਕਿਹਾ ਕਿ ਇਸ ਸਕੀਮ ਨੂੰ ਅੱਗੇ ਲਿਜਾਣ ਲਈ ਸਾਰੇ ਜ਼ਿਲ੍ਹਿਆਂ ਵਿੱਚ 'ਡਿਸਟ੍ਰਿਕ ਬਿਊਰੋ ਆਫ ਇੰਪਲਾਇਮੈਂਟ ਐਂਡ ਐਂਟਰਪ੍ਰਾਈਜ਼' ਦੀ ਸਥਾਪਨਾ ਕੀਤੀ ਜਾ ਚੁੱਕੀ ਹੈ। ਇਸ ਤੋਂ ਵੀ ਅੱਗੇ ਜਾਂਦਿਆਂ 2.8 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਮੰਤਵ ਨਾਲ 34 ਸਮਝੌਤੇ ਸਹੀਬੰਦ ਕੀਤੇ ਗਏ ਹਨ ਅਤੇ ਇਸ ਤੋਂ ਇਲਾਵਾ ਵੱਖ-ਵੱਖ ਸਰਕਾਰੀ ਵਿਭਾਗਾਂ ਤੇ ਅਦਾਰਿਆਂ ਵਿੱਚ 50000 ਲੋਕਾਂ ਦੀ ਭਰਤੀ ਦਾ ਫੌਰੀ ਅਮਲ ਸ਼ੁਰੂ ਕੀਤਾ ਗਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਲੋਕਾਂ ਖਾਸ ਕਰਕੇ ਦੱਬੇ-ਕੁਚਲੇ ਵਰਗਾਂ ਦੀ ਭਲਾਈ ਲਈ ਸ਼ੁਰੂ ਕੀਤੇ ਪ੍ਰੋਗਰਾਮਾਂ ਵਿੱਚ ਸਮਾਜਿਕ ਸੁਰੱਖਿਆ ਪੈਨਸ਼ਨ 500 ਰੁਪਏ ਤੋਂ ਵਧਾ ਕੇ 750 ਰੁਪਏ ਅਤੇ ਅਸ਼ੀਰਵਾਦ ਸਕੀਮ ਹੇਠ ਵਿੱਤੀ ਸਹਾਇਤਾ 15000 ਰੁਪਏ ਤੋਂ ਵਧਾ ਕੇ 21000 ਰੁਪਏ ਕੀਤੀ ਗਈ। ਮਹਿਲਾਵਾਂ ਨੂੰ ਦਿੱਤੇ ਵੱਧ ਅਧਿਕਾਰਾਂ ਬਾਰੇ ਸਾਂਪਲਾ ਭੁੱਲ ਗਏ ਹਨ। ਉਨ੍ਹਾਂ ਦੀ ਸਰਕਾਰ ਨੇ ਪੰਚਾਇਤਾਂ ਤੇ ਸਥਾਨਕ ਸੰਸਥਾਵਾਂ ਵਿੱਚ ਔਰਤਾਂ ਨੂੰ 50 ਫੀਸਦੀ ਰਾਖਵੇਂਕਰਨ ਦਾ ਹੱਕ ਦੇਣ ਦੇ ਨਾਲ-ਨਾਲ ਲੜਕੀਆਂ ਲਈ ਮੁਫਤ ਪੜ੍ਹਾਈ ਦੀ ਸਹੂਲਤ ਵੀ ਦਿੱਤੀ।
ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਜਾਂ ਤਾਂ ਸਾਂਪਲਾ ਨੂੰ ਸਰਕਾਰ ਦੀਆਂ ਇਨ੍ਹਾਂ ਪਹਿਲਕਦਮੀਆਂ ਬਾਰੇ ਪਤਾ ਨਹੀਂ ਜਾਂ ਫਿਰ ਉਹ ਆਪਣੀ ਪਾਰਟੀ ਦੇ ਸਿਆਸੀ ਏਜੰਡੇ ਤੋਂ ਪ੍ਰੇਰਿਤ ਹੋ ਕੇ ਇਨ੍ਹਾਂ ਪ੍ਰਾਪਤੀਆਂ ਨੂੰ ਜਾਣ-ਬੁਝ ਅਣਗੌਲਿਆ ਕਰ ਰਹੇ ਹਨ। ਮੁੱਖ ਮੰਤਰੀ ਨੇ ਦੁੱਖ ਜ਼ਾਹਰ ਕਰਦਿਆਂ ਆਖਿਆ ਕਿ ਆਪਣੇ ਪਿਛੋਕੜ ਤੋਂ ਸਬਕ ਸਿੱਖਣ ਦੀ ਬਜਾਏ ਭਾਰਤੀ ਜਨਤਾ ਪਾਰਟੀ ਸੂਬੇ ਦੇ ਲੋਕਾਂ ਦੀ ਭਲਾਈ ਦੀ ਕੀਮਤ 'ਤੇ ਸਿਆਸੀ ਖੇਡਾਂ ਖੇਡ ਰਹੀ ਹੈ।
ਇਸੇ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਨਗਰ ਅਤੇ ਕਾਰਪੋਰੇਸ਼ਨ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਬੁਲਬੁਲਾ ਫੁੱਟ ਗਿਆ ਏ। ਉਨ੍ਹਾ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਅਕਾਲੀ ਦਲ ਨੇ ਖੁੱਦ ਨੂੰ ਆਪਣਾ ਮਜ਼ਾਕ ਬਣਾ ਲਿਆ ਹੈ।

210 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper