ਕਾਂਗਰਸ ਨੇ ਹਾਈਜੈੱਕ ਕੀਤੀ ਚੋਣ : ਭਗਵੰਤ ਮਾਨ


ਚੰਡੀਗੜ੍ਹ, (ਨਵਾਂ ਜ਼ਮਾਨਾ ਸਰਵਿਸ)-ਪੰਜਾਬ ਦੀਆਂ ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਦੌਰਾਨ ਹੋਈ ਹਿੰਸਾ ਤੇ ਧੱਕੇਸ਼ਾਹੀ ਬਾਰੇ ਤਿੱਖਾ ਪ੍ਰਤੀਕਰਮ ਦਿੰਦੇ ਹੋਏ ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਕੈਪਟਨ ਅਮਰਿੰਦਰ ਸਰਕਾਰ ਨੇ ਲੋਕਤੰਤਰ ਦੀ ਸਰੇਆਮ ਹੱਤਿਆ ਕੀਤੀ ਹੈ ਤੇ ਨਜ਼ਰ ਆ ਰਹੀ ਨਮੋਸ਼ੀ ਭਰੀ ਹਾਰ ਤੋਂ ਡਰਦਿਆਂ ਇਹ ਚੋਣ ਪੂਰੀ ਤਰ੍ਹਾਂ ਹਾਈਜੈੱਕ ਕਰ ਲਈ ਹੈ। ਆਪ ਵੱਲੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਸੂਬਾ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਤੇ ਸੂਬਾ ਸਹਿ ਪ੍ਰਧਾਨ ਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਸੱਤਾ ਦੇ ਸਿਰ 'ਤੇ ਸਿਆਸੀ ਗੁੰਡਾਗਰਦੀ ਕਰਨ 'ਚ ਕੈਪਟਨ ਸਰਕਾਰ ਨੇ ਪਿਛਲੀ ਬਾਦਲ ਸਰਕਾਰ ਦੀ 10 ਸਾਲਾਂ ਦੀ ਗੁੰਡਾਗਰਦੀ ਨੂੰ ਮਾਤ ਦੇ ਦਿੱਤੀ ਹੈ। ਮੁੱਖ ਮੰਤਰੀ ਦੇ ਆਪਣੇ ਸ਼ਹਿਰ ਪਟਿਆਲਾ ਸਮੇਤ ਵੱਖ-ਵੱਖ ਥਾਵਾਂ 'ਤੇ ਕੀਤੀ ਗਈ ਧੱਕੇਸ਼ਾਹੀ ਨੇ ਬੂਥ ਲੁੱਟਣ ਵਾਲੇ ਪੁਰਾਣੇ ਬਿਹਾਰ ਦੀ ਯਾਦ ਤਾਜ਼ਾ ਕਰ ਦਿੱਤੀ ਹੈ।
ਭਗਵੰਤ ਮਾਨ ਤੇ ਅਮਨ ਅਰੋੜਾ ਨੇ ਮੁੱਖ ਮੰਤਰੀ ਦੇ ਨਾਲ-ਨਾਲ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੁੱਛਿਆ ਕਿ ਜੇਕਰ ਹਾਰ ਦੇ ਡਰੋਂ ਵਿਰੋਧੀ ਧਿਰਾਂ ਦੇ ਕਾਗ਼ਜ਼ ਰੱਦ ਕਰਨੇ ਸਨ ਤੇ ਮਤਦਾਨ ਮੌਕੇ ਚੋਣਾਂ ਲੁੱਟਣੀਆਂ ਹੀ ਸਨ ਤਾਂ ਚੋਣਾਂ ਦਾ ਡਰਾਮਾ ਰਚਣ ਦੀ ਕੀ ਜ਼ਰੂਰਤ ਸੀ? ਤਾਨਾਸ਼ਾਹੀ ਫ਼ਰਮਾਨ ਨਾਲ ਆਪਣੇ ਮਨਭਾਉਂਦੇ ਕਾਂਗਰਸੀਆਂ ਨੂੰ ਸਿੱਧਾ ਹੀ ਨਾਮਜ਼ਦ ਕਰ ਲੈਣਾ ਸੀ। ਆਪ ਆਗੂਆਂ ਨੇ ਕਿਹਾ ਕਿ ਬਾਦਲਾਂ ਦੀਆਂ ਧੱਕੇਸ਼ਾਹੀਆਂ ਤੇ ਮਾਫ਼ੀਆ ਰਾਜ ਤੋਂ ਅੱਕੇ ਪੰਜਾਬ ਦੇ ਲੋਕਾਂ ਨੇ ਕੈਪਟਨ ਸਰਕਾਰ ਲਿਆਂਦੀ ਸੀ, ਪਰ ਗੁੰਡਾਗਰਦੀ 'ਚ ਕਾਂਗਰਸੀ ਪਹਿਲੇ ਸਾਲ ਹੀ ਬਾਦਲਾਂ ਨੂੰ ਪਿੱਛੇ ਛੱਡਣ ਲੱਗੇ ਹਨ। ਭਗਵੰਤ ਮਾਨ ਤੇ ਅਮਨ ਅਰੋੜਾ ਨੇ ਕਿਹਾ ਕਿ ਹੁਣ ਹਾਈਵੇ ਸੜਕਾਂ ਰੋਕ ਕੇ ਲੋਕਤੰਤਰ ਦੀ ਦੁਹਾਈ ਦੇ ਰਹੇ ਬਾਦਲ ਇਹ ਭੁੱਲ ਗਏ ਹਨ ਕਿ ਸਰਕਾਰੀ ਗੁੰਡਾਗਰਦੀ ਦੇ ਜੋ ਕੰਡੇ ਉਨ੍ਹਾਂ ਬੀਜੇ ਸਨ, ਉਸ ਦਾ ਅਸਲ ਖ਼ਮਿਆਜ਼ਾ ਅਕਾਲੀ ਦਲ ਬਾਦਲ ਤੇ ਭਾਜਪਾ ਨਾਲੋਂ ਸੂਬੇ ਦੇ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਇਹਨਾਂ ਆਗੂਆਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਹੁਣ ਮੌਕਾ ਆਉਣ 'ਤੇ ਕਾਂਗਰਸ ਤੇ ਅਕਾਲੀ-ਭਾਜਪਾ ਗਠਜੋੜ ਤੋਂ ਖਹਿੜਾ ਛੁਡਾ ਕੇ ਆਪ ਨੂੰ ਮੌਕਾ ਦੇਣ। ਉਹਨਾ ਪਟਿਆਲਾ ਵਿੱਚ ਸਰਕਾਰੀ ਧੱਕੇਸ਼ਾਹੀ ਖ਼ਿਲਾਫ਼ ਧਰਨਾ ਦੇ ਰਹੇ ਆਪ ਆਗੂਆਂ ਡਾ. ਬਲਵੀਰ ਸਿੰਘ, ਕਰਨਵੀਰ ਸਿੰਘ ਟਿਵਾਣਾ, ਪਟਿਆਲਾ ਕਾਰਪੋਰੇਸ਼ਨ ਦੇ ਪ੍ਰਧਾਨ ਤੇਜਿੰਦਰ ਮਹਿਤਾ, ਪਟਿਆਲਾ ਦੇਹਾਤੀ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਗਿਆਨ ਸਿੰਘ ਮੁੰਗੋ ਸਮੇਤ ਹੋਰ ਆਗੂਆਂ ਨੂੰ ਹਿਰਾਸਤ ਵਿਚ ਲਏ ਜਾਣ ਦੀ ਸਖ਼ਤ ਨਿੰਦਾ ਕੀਤੀ।