ਰਿਜ਼ਰਵ ਬੈਂਕ ਨੇ 2000 ਦੇ ਨੋਟ ਦੀ ਛਪਾਈ ਰੋਕੀ?


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਰਿਜ਼ਰਵ ਬੈਂਕ ਨੇ ਜਾਂ ਤਾਂ ਵੱਡੀ ਮਾਤਰਾ 'ਚ 2000 ਰੁਪਏ ਦੇ ਨੋਟ ਜਾਰੀ ਕਰਨ 'ਤੇ ਰੋਕ ਲਗਾ ਦਿੱਤੀ ਹੈ ਜਾਂ ਫਿਰ ਇਸ ਦੀ ਛਪਾਈ ਬੰਦ ਕਰ ਦਿੱਤੀ ਹੈ। ਇਹ ਗੱਲ ਭਾਰਤੀ ਸਟੇਟ ਬੈਂਕ ਦੀ ਇੱਕ ਰਿਪੋਰਟ 'ਚ ਕਹੀ ਗਈ ਹੈ। ਸਟੇਟ ਬੈਂਕ ਦੀ ਈਕੋ ਫਲੈਸ਼ ਰਿਪੋਰਟ ਅਨੁਸਾਰ ਲੋਕ ਸਭਾ 'ਚ ਹਾਲ ਹੀ 'ਚ ਪੇਸ਼ ਕੀਤੇ ਗਏ ਅੰਕੜਿਆਂ ਨਾਲ ਦੇ ਰਿਜ਼ਰਵ ਬੈਂਕ ਦੀ ਸਾਲਾਨਾ ਰਿਪੋਰਟ 'ਚ ਦਿੱਤੇ ਗਏ ਅੰਕੜਿਆਂ ਦਾ ਮਿਲਾਨ ਕੀਤਾ ਜਾਵੇ ਤਾਂ ਪਤਾ ਚਲਦਾ ਹੈ ਕਿ ਮਾਰਚ 2017 ਤੱਕ ਬੈਂਕਿੰਗ ਸਿਸਟਮ 'ਚ ਜਾਰੀ ਛੋਟੀ ਰਕਮ ਵਾਲੇ ਨੋਟਾਂ ਦਾ ਕੁੱਲ ਮੁੱਲ 3501 ਅਰਬ ਰੁਪਏ ਸੀ। ਇਸ ਹਿਸਾਬ ਨਾਲ 8 ਦਸੰਬਰ ਨੂੰ ਅਰਥ-ਵਿਵਸਥਾ 'ਚ ਉਪਲੱਬਧ ਕੁੱਲ ਕਰੰਸੀ ਵਿੱਚੋਂ ਛੋਟੇ ਨੋਟਾਂ ਦਾ ਮੁੱਲ ਹਟਾਉਣ ਦੇ ਬਾਅਦ ਉੱਚ ਮੁੱਲ ਵਰਗ ਦੇ ਨੋਟਾਂ ਦਾ ਕੁੱਲ ਮੁੱਲ 13,324 ਅਰਬ ਰੁਪਏ ਦੇ ਬਰਾਬਰ ਹੋਣਾ ਚਾਹੀਦਾ ਹੈ।
ਰਿਪੋਰਟ ਅਨੁਸਾਰ ਲੋਕ ਸਭਾ 'ਚ ਵਿੱਤ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 8 ਦਸੰਬਰ ਦੀ ਸਥਿਤੀ ਦੇ ਅਨੁਸਾਰ ਰਿਜ਼ਰਵ ਬੈਂਕ ਨੇ 500 ਰੁਪਏ ਦੇ 1,695.7 ਕਰੋੜ ਨੋਟ ਛਾਪੇ, ਜਦ ਕਿ 2000 ਰੁਪਏ ਦੇ 365.40 ਕਰੋੜ ਨੋਟਾਂ ਦੀ ਛਪਾਈ ਕੀਤੀ ਗਈ। ਦੋਵਾਂ ਮੁੱਲ ਵਰਗ ਦੇ ਨੋਟਾਂ ਦਾ ਕੁੱਲ ਮੁੱਲ 15,787 ਅਰਬ ਰੁਪਏ ਬਣਦਾ ਹੈ।
ਐੱਸ ਬੀ ਆਈ ਸਮੂਹ ਦੇ ਮੁੱਖ ਆਰਥਕ ਸਲਾਹਕਾਰ ਸੌਮਿਆ ਕਾਂਤੀ ਘੋਸ਼ ਵੱਲੋਂ ਲਿਖੀ ਇਸ ਰਿਪੋਰਟ ਅਨੁਸਾਰ ਇਸ ਦਾ ਮਤਲਬ ਹੈ ਕਿ ਉੱਚ ਮੁੱਲ ਵਰਗ ਦੇ ਬਾਕੀ ਬਚੇ 15,787 ਅਰਬ ਰੁਪਏ 13,324 ਅਰਬ ਰੁਪਏ ਮਤਲਬ 2463 ਅਰਬ ਰੁਪਏ ਦੇ ਨੋਟ ਰਿਜ਼ਰਵ ਬੈਂਕ ਨੇ ਛਾਪੇ ਤਾਂ ਹਨ, ਪਰ ਉਹਨਾਂ ਨੂੰ ਬਾਜ਼ਾਰ 'ਚ ਜਾਰੀ ਨਹੀਂ ਕੀਤਾ ਗਿਆ। ਦਿਲਚਸਪ ਗੱਲ ਇਹ ਹੈ ਕਿ ਇਸ ਅਧਾਰ 'ਤੇ ਇਹ ਮੰਨਿਆ ਜਾ ਸਕਦਾ ਹੈ ਕਿ 2463 ਅਰਬ ਰੁਪਏ ਦੀ ਕਰੰਸੀ ਛੋਟੀ ਰਾਸ਼ੀ ਦੇ ਨੋਟਾਂ 'ਚ ਛਾਪੀ ਗਈ ਹੋਵੇ। ਕੇਂਦਰੀ ਬੈਂਕ ਨੇ ਇਸ ਦੌਰਾਨ ਏਨੀ ਰਾਸ਼ੀ ਦੇ 50 ਅਤੇ 200 ਰੁਪਏ ਦੇ ਨਵੇਂ ਨੋਟਾਂ ਦੀ ਛਪਾਈ ਕੀਤੀ ਹੋਵੇ।
ਰਿਪੋਰਟ ਮੁਤਾਬਕ 2000 ਰੁਪਏ ਦੇ ਨੋਟ ਕਾਰਨ ਲੈਣ-ਦੇਣ 'ਚ ਕਠਿਨਾਈ ਦੇ ਮੱਦੇਨਜ਼ਰ ਅਜਿਹਾ ਕੀਤਾ ਲੱਗਦਾ ਹੈ ਕਿ ਰਿਜ਼ਰਵ ਬੈਂਕ ਨੇ ਜਾਂ ਤਾਂ 2000 ਦੇ ਨੋਟ ਦੀ ਛਪਾਈ ਰੋਕ ਦਿੱਤੀ ਜਾਂ ਇਸ ਦੀ ਛਪਾਈ ਉਸ ਨੇ ਘੱਟ ਕਰ ਦਿੱਤੀ ਹੈ। ਨੋਟਬੰਦੀ ਦੇ ਸਮੇਂ ਸ਼ੁਰੂ 'ਚ ਨਕਦੀ ਦੀ ਸਥਿਤੀ ਨੂੰ ਆਮ ਵਾਂਗ ਬਣਾਉਣ ਲਈ ਚੋਖੀ ਰਕਮ ਉਪਲੱਬਧ ਕਰਾਉਣ ਦੇ ਮਕਸਦ ਨਾਲ ਇਸ ਦੀ ਵੱਡੀ ਮਾਤਰਾ 'ਚ ਛਪਾਈ ਕੀਤੀ ਗਈ।
ਇਸ ਦਾ ਇਹ ਵੀ ਮਤਲਬ ਹੈ ਕਿ ਬਜ਼ਾਰ 'ਚ ਉਪਲੱਬਧ ਕੁੱਲ ਕਰੰਸੀ 'ਚ ਛੋਟੀ ਰਕਮ ਦੇ ਨੋਟ ਦਾ ਹਿੱਸਾ ਮੁੱਲ ਦੇ ਲਿਹਾਜ਼ ਨਾਲ 35 ਫੀਸਦੀ ਤੱਕ ਪਹੁੰਚ ਗਿਆ ਹੈ। ਸਰਕਾਰ ਨੇ ਪਿਛਲੇ ਸਾਲ 8 ਨਵੰਬਰ ਨੂੰ 500 ਅਤੇ 1000 ਰੁਪਏ ਦੇ ਨੋਟਾਂ 'ਤੇ ਪਾਬੰਦੀ ਲਾਉਣ ਦਾ ਫੈਸਲਾ ਲਿਆ ਸੀ। ਇਹ ਨੋਟ ਉਸ ਸਮੇਂ ਕੁੱਲ ਮੁਦਰਾ ਦਾ 86 ਤੋਂ 87 ਫੀਸਦੀ ਸਨ। ਇਸ ਤੋਂ ਬਾਅਦ ਨਕਦੀ ਦੀ ਕਮੀ ਹੋਈ ਅਤੇ ਬੈਂਕਾਂ 'ਚ ਪਾਬੰਦੀਸ਼ੁਦਾ ਨੋਟਾਂ ਨੂੰ ਬਦਲਣ ਜਾਂ ਜਮ੍ਹਾਂ ਕਰਵਾਉਣ ਲਈ ਲੋਕਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ।
ਬਾਅਦ 'ਚ ਰਿਜ਼ਰਵ ਬੈਂਕ ਨੇ 2000 ਰੁਪਏ ਮੁੱਲ ਦੇ ਨਵੇਂ ਨੋਟ ਦੇ ਨਾਲ 500 ਰੁਪਏ ਦਾ ਵੀ ਨਵਾਂ ਨੋਟ ਜਾਰੀ ਕੀਤਾ। ਉਸ ਤੋਂ ਬਾਅਦ ਰਿਜ਼ਰਵ ਬੈਂਕ ਨੇ 200 ਰੁਪਏ ਦਾ ਵੀ ਨੋਟ ਜਾਰੀ ਕੀਤਾ ਹੈ, ਜੋ ਅਜੇ ਤੱਕ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ।