ਮਨਮੋਹਨ 'ਤੇ ਮੋਦੀ ਦੀ ਟਿੱਪਣੀ ਨੂੰ ਲੈ ਕੇ ਸੰਸਦ 'ਚ ਪੰਜਵੇਂ ਦਿਨ ਵੀ ਹੰਗਾਮਾ


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟਿੱਪਣੀ ਨੂੰ ਲੈ ਕੇ ਮਾਫੀ ਦੀ ਮੰਗ ਕਰ ਰਹੇ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਵੀਰਵਾਰ ਨੂੰ ਵੀ ਸੰਸਦ ਦੇ ਦੋਵਾਂ ਸਦਨਾਂ 'ਚ ਹੰਗਾਮਾ ਕੀਤਾ, ਜਿਸ ਕਾਰਨ ਸਦਨ ਦੀ ਕਾਰਵਾਈ ਨਹੀਂ ਹੋ ਸਕੀ। ਸੰਸਦ ਸਮਾਗਮ ਸ਼ੁਰੂ ਹੋਣ ਤੋਂ ਬਾਅਦ ਇਹ ਪੰਜਵਾਂ ਕਾਰਜ ਦਿਵਸ ਹੈ, ਜਦ ਸੰਸਦ 'ਚ ਕੰਮਕਾਜ ਨਹੀਂ ਹੋ ਸਕਿਆ।
ਕਾਂਗਰਸ ਮੈਂਬਰਾਂ ਨੇ ਵੀਰਵਾਰ ਨੂੰ ਲੋਕ ਸਭਾ 'ਚ ਨਾਅਰੇਬਾਜ਼ੀ ਕੀਤੀ ਅਤੇ ਆਪਣੀ ਗੱਲ ਰੱਖਣ ਦੀ ਇਜਾਜ਼ਤ ਨਾ ਦਿੱਤੇ ਜਾਣ 'ਤੇ ਸਦਨ 'ਚੋਂ ਵਾਕਆਊਟ ਕੀਤਾ। ਦੂਸਰੇ ਪਾਸੇ ਰਾਜ ਸਭਾ 'ਚ ਮਨਮੋਹਨ ਸਿੰਘ ਬਾਰੇ ਟਿਪਣੀ ਅਤੇ 2-ਜੀ ਮਾਮਲੇ 'ਚ ਸਭਨਾਂ ਨੂੰ ਬਰੀ ਕਰਨ ਦੇ ਅਦਾਲਤ ਦੇ ਫੈਸਲੇ ਨੂੰ ਲੈ ਕੇ ਸੱਤਾਧਾਰੀ ਧਿਰ ਤੋਂ ਸਪੱਸ਼ਟੀਕਰਨ ਦੀ ਮੰਗ ਕਰ ਰਹੇ ਕਾਂਗਰਸ ਮੈਂਬਰਾਂ ਦੇ ਭਾਰੀ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਣ ਦੇ ਕਰੀਬ 20 ਮਿੰਟ ਬਾਅਦ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਗੁਜਰਾਤ ਚੋਣ ਪ੍ਰਚਾਰ ਦੌਰਾਨ ਨਰਿੰਦਰ ਮੋਦੀ ਨੇ ਟਿੱਪਣੀ ਕੀਤੀ ਸੀ ਕਿ ਮਣੀਸ਼ੰਕਰ ਅਈਅਰ ਦੇ ਘਰ ਪਾਕਿਸਤਾਨੀ ਅਧਿਕਾਰੀਆਂ ਨਾਲ ਰਾਤ ਦੇ ਖਾਣੇ ਦੌਰਾਨ ਗੁਜਰਾਤ ਚੋਣਾਂ ਨੂੰ ਲੈ ਕੇ ਸਾਜ਼ਿਸ਼ ਕੀਤੀ ਸੀ। ਇਸ ਡਿਨਰ 'ਚ ਮਨਮੋਹਨ ਸਿੰਘ, ਫੌਜ ਦੇ ਸਾਬਕਾ ਮੁਖੀ ਜਨਰਲ ਦੀਪਕ ਕਪੂਰ, ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਸਮੇਤ ਕਈ ਆਗੂ ਤੇ ਅਧਿਕਾਰੀ ਹਾਜ਼ਰ ਸਨ। ਕਾਂਗਰਸ ਇਸ ਟਿੱਪਣੀ ਨੂੰ ਲੈ ਕੇ ਸੰਸਦ 'ਚ ਪ੍ਰਧਾਨ ਮੰਤਰੀ ਦੇ ਸਪੱਸ਼ਟੀਕਰਨ ਦੀ ਮੰਗ ਕਰ ਰਹੀ ਹੈ।
ਲੋਕ ਸਭਾ 'ਚ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਕਾਂਗਰਸ ਮੈਂਬਰ ਸਪੀਕਰ ਦੀ ਸੀਟ ਦੇ ਨਜ਼ਦੀਕ ਆ ਕੇ ਨਾਅਰੇਬਾਜ਼ੀ ਕਰਨ ਲੱਗੇ, ਉਹ ਪ੍ਰਧਾਨ ਮੰਤਰੀ ਤੋਂ ਮਾਫੀ ਦੀ ਮੰਗ ਕਰ ਰਹੇ ਸਨ।
ਹੰਗਾਮੇ ਦੌਰਾਨ ਹੀ ਸਪੀਕਰ ਸੁਮਿਤਰਾ ਮਹਾਜਨ ਨੇ ਪ੍ਰਸ਼ਨਕਾਲ ਚਲਾਇਆ। ਇਸ ਦੌਰਾਨ ਕਾਂਗਰਸ ਮੈਂਬਰ ਸਪੀਕਰ ਦੀ ਸੀਟ ਦੇ ਨੇੜੇ ਆ ਕੇ ਨਾਅਰੇਬਾਜ਼ੀ ਕਰ ਰਹੇ ਸਨ, ਹਾਲਾਂਕਿ ਸਪੀਕਰ ਨੇ ਉਹਨਾਂ ਨੂੰ ਆਪਣੀਆਂ ਸੀਟਾਂ 'ਤੇ ਜਾਣ ਦੀ ਅਪੀਲ ਕੀਤੀ ਅਤੇ ਸਪੱਸ਼ਟ ਕੀਤਾ ਕਿ ਉਹਨਾ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾ ਕਿਹਾ ਕਿ ਆਮ ਸਭਾਵਾਂ ਅਤੇ ਚੋਣ ਰੈਲੀਆਂ ਦੇ ਮੁੱਦੇ 'ਤੇ ਗੱਲ ਰੱਖਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਇਸ ਦੌਰਾਨ ਕਾਂਗਰਸ ਦੇ ਜਿਓਤੀਰਾਦਿਤਿਆ ਸਿੰਧੀਆ ਜ਼ੋਰ-ਜ਼ੋਰ ਨਾਲ ਇਹ ਕਹਿੰਦੇ ਸੁਣੇ ਗਏ ਕਿ ਤੁਹਾਨੂੰ ਸਾਡੀ ਗੱਲ ਸੁਣਨੀ ਹੋਵੇਗੀ, ਸਰਕਾਰ ਇਹ ਤੈਅ ਨਹੀਂ ਕਰੇਗੀ ਕਿ ਕੀ ਸੁਣਿਆ ਜਾਵੇ। ਸਿਫਰਕਾਲ ਸ਼ੁਰੂ ਹੋਣ 'ਤੇ ਵੀ ਕਾਂਗਰਸ ਮੈਂਬਰ ਨਾਅਰੇਬਾਜ਼ੀ ਕਰਦੇ ਰਹੇ ਤੇ ਆਪਣੀ ਗੱਲ ਰੱਖਣ ਦੀ ਇਜਾਜ਼ਤ ਮੰਗਦੇ ਰਹੇ। ਉਹ ਚਾਹੁੰਦੇ ਸਨ ਕਿ ਇਸ ਮੁੱਦੇ 'ਤੇ ਸਦਨ 'ਚ ਪਾਰਟੀ ਦੇ ਆਗੂ ਮਲਿਕਾਰਜੁਨ ਖੜਗੇ ਨੂੰ ਗੱਲ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ, ਜਿਨ੍ਹਾਂ ਆਪਣੀ ਸੀਟ 'ਤੇ ਖੜੇ ਹੋ ਕੇ ਕੁਝ ਕਹਿਣਾ ਵੀ ਚਾਹਿਆ, ਪਰ ਇਜਾਜ਼ਤ ਨਾ ਮਿਲਣ ਤੋਂ ਬਾਅਦ ਕਾਂਗਰਸ ਦੇ ਮੈਂਬਰ ਸਿਫਰਕਾਲ ਦੌਰਾਨ ਹੀ ਵਾਕਆਊਟ ਕਰ ਗਏ।
ਰਾਜ ਸਭਾ 'ਚ ਵੀ ਇਹ ਮਾਮਲਾ ਜ਼ੋਰ-ਸ਼ੋਰ ਨਾਲ ਉਠਾਇਆ ਗਿਆ ਅਤੇ ਭਾਰੀ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਕਰੀਬ 20 ਮਿੰਟ ਬਾਅਦ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਕਾਰਵਾਈ ਸ਼ੁਰੂ ਹੋਣ 'ਤੇ ਸਭਾਪਤੀ ਐੱਮ ਵੈਂਕਈਆ ਨਾਇਡੂ ਨੇ ਜ਼ਰੂਰੀ ਦਸਤਾਵੇਜ਼ ਸਦਨ ਦੀ ਮੇਜ਼ 'ਤੇ ਰੱਖਵਾਏ। ਇਸ ਤੋਂ ਬਾਅਦ ਸਦਨ 'ਚ ਵਿਰੋਧੀ ਧਿਰ ਦੇ ਆਗੂ ਗੁਲਾਮੀ ਨਬੀ ਆਜਾਦ ਨੇ ਕਿਹਾ ਕਿ ਕਰੀਬ ਇੱਕ ਹਫਤੇ ਤੋਂ ਕਾਂਗਰਸ ਮੈਂਬਰ ਮੰਗ ਕਰ ਰਹੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਸਦਨ 'ਚ ਆਉਣ ਅਤੇ ਗੁਜਰਾਤ ਚੋਣਾਂ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਖਿਲਾਫ ਕੀਤੀ ਗਈ ਆਪਣੀ ਟਿੱਪਣੀ 'ਤੇ ਸਪੱਸ਼ਟੀਕਰਨ ਦੇਣ।
ਅੱਜ ਪ੍ਰਸ਼ਨਕਾਲ 'ਚ ਪ੍ਰਧਾਨ ਮੰਤਰੀ ਦਫਤਰ ਦੇ ਪ੍ਰਸ਼ਨ ਹਨ। ਉਨ੍ਹਾ ਕਿਹਾ ਕਿ ਅੱਜ ਹੋਰ ਕੁਝ ਅਜਿਹਾ ਹੋਇਆ ਹੈ, ਜਿਸ ਨੂੰ ਲੈ ਕੇ ਵੀ ਪਾਰਟੀ ਅਤੇ ਵਿਰੋਧੀ ਧਿਰ ਨੂੰ ਸਪੱਸ਼ਟੀਕਰਨ ਚਾਹੀਦਾ ਹੈ। ਉਨ੍ਹਾ ਕਿਹਾ ਕਿ ਅੱਜ ਉਸ ਮਾਮਲੇ 'ਚ ਫੈਸਲਾ ਆਇਆ ਹੈ, ਜਿਸ ਮਾਮਲੇ ਨੂੰ ਲੈ ਕੇ ਅਸੀਂ ਵਿਰੋਧੀ ਧਿਰ 'ਚ ਅਤੇ ਤੁਸੀਂ ਐੱਨ ਡੀ ਏ ਵਿਰੋਧੀ ਧਿਰ ਤੋਂ ਸੱਤਾ 'ਚ ਆਏ। ਅੱਜ 2-ਜੀ ਮਾਮਲੇ 'ਚ ਅਦਾਲਤ ਦਾ ਫੈਸਲਾ ਆਇਆ ਹੈ, ਜਿਸ ਵਿੱਚ ਸਭਨਾਂ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਤੁਸੀਂ ਇੱਕ ਲੱਖ 76 ਹਜ਼ਾਰ ਕਰੋੜ ਰੁਪਏ ਦੇ 2-ਜੀ ਸਪੈਕਟਰਮ ਘਪਲੇ ਦਾ ਗਲਤ ਦੋਸ਼ ਲਾਇਆ ਸੀ।