ਦਿੱਲੀ ਵਾਲੇ ਬਾਬੇ ਦੀ ਅੱਯਾਸ਼ੀ 'ਤੇ ਹਾਈ ਕੋਰਟ ਆਪੇ ਤੋਂ ਬਾਹਰ


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਦਿੱਲੀ ਦੇ ਰੋਹਿਣੀ ਇਲਾਕੇ 'ਚ ਅਧਿਆਤਮਕ ਯੂਨੀਵਰਸਿਟੀ ਦੇ ਨਾਂਅ 'ਤੇ ਅੱਯਾਸ਼ੀ ਦਾ ਅੱਡਾ ਚਲਾਉਣ ਵਾਲੇ ਢੌਂਗੀ ਬਾਬੇ ਵੀਰੇਂਦਰ ਦੇਵ ਦੀਕਸ਼ਤ ਖਿਲਾਫ ਸੁਣਵਾਈ ਕਰਦਿਆਂ ਦਿੱਲੀ ਹਾਈ ਕੋਰਟ ਵੀ ਆਪਣੇ ਰੋਹ 'ਤੇ ਕਾਬੂ ਨਾ ਰੱਖ ਸਕੀ। ਅਦਾਲਤ ਨੂੰ ਜਦ ਰੋਹਿਣੀ ਦੇ ਵਿਜੈ ਵਿਹਾਰ ਇਲਾਕੇ 'ਚ ਸਥਿਤ ਯੂਨੀਵਰਸਿਟੀ 'ਚ ਛਾਪੇਮਾਰੀ ਕਰਨ ਵਾਲੀ ਪੁਲਸ ਨੇ ਉੱਥੇ ਘੱਟ ਉਮਰ ਦੀਆਂ ਲੜਕੀਆਂ ਨੂੰ ਪਿੰਜਰੇ 'ਚ ਰੱਖਣ ਦੀ ਗੱਲ ਦੱਸੀ ਤਾਂ ਹਾਈ ਕੋਰਟ ਨੇ ਗੁੱਸੇ 'ਚ ਕਿਹਾ ਕਿ ਅਸੀਂ ਕਿਹੜੇ ਯੁੱਗ 'ਚ ਜੀ ਰਹੇ ਹਾਂ।
ਜ਼ਿਕਰਯੋਗ ਹੈ ਕਿ ਹਾਈ ਕੋਰਟ ਨੇ ਬਾਬੇ ਦੇ ਵਕੀਲ ਕੋਲੋਂ ਬਾਬੇ ਬਾਰੇ ਜਾਣਕਾਰੀ ਮੰਗੀ ਸੀ, ਪਰ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਬਾਬਾ ਅਦਾਲਤ 'ਚ ਪੇਸ਼ ਨਹੀਂ ਹੋਣਾ ਚਾਹੁੰਦਾ। ਵਕੀਲ ਨੇ ਇਹ ਵੀ ਕਿਹਾ ਕਿ ਉਹ ਅਦਾਲਤ 'ਚ ਬਾਬੇ ਦੀ ਨਹੀਂ, ਸਿਰਫ ਆਸ਼ਰਮ ਦੀ ਨੁਮਾਇੰਦਗੀ ਕਰ ਰਿਹਾ ਹੈ।
ਓਧਰ ਪਟੀਸ਼ਨਕਰਤਾ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਲੜਕੀਆਂ ਕੋਲੋਂ ਉਹਨਾਂ ਦੇ ਹੀ ਪਰਵਾਰਾਂ ਖਿਲਾਫ ਜਬਰੀ ਪੱਤਰ ਲਿਖਵਾਏ ਗਏ ਸਨ। ਇਸ 'ਤੇ ਹਾਈ ਕੋਰਟ ਨੇ ਕਿਹਾ, '200 ਤੋਂ ਵੱਧ ਲੜਕੀਆਂ ਨੂੰ ਤੁਸੀਂ ਜਾਨਵਰਾਂ ਦੀ ਤਰ੍ਹਾਂ ਬੰਧਕ ਬਣਾ ਕੇ ਰੱਖਿਆ ਹੋਇਆ ਹੈ। ਇਹ ਕਿਸ ਤਰ੍ਹਾਂ ਦੀ ਅਧਿਆਤਮਕ ਕਲਾਸ ਦਿੱਤੀ ਜਾ ਰਹੀ ਹੈ? ਇੱਕ ਜਾਂ ਦੋ ਮਾਮਲਿਆਂ 'ਚ ਲੜਕੀਆਂ ਪਰਵਾਰਾਂ ਖਿਲਾਫ ਸ਼ਿਕਾਇਤ ਕਰ ਸਕਦੀਆਂ ਹਨ, ਸਭ ਲੜਕੀਆਂ ਅਜਿਹਾ ਕਿਸ ਤਰ੍ਹਾਂ ਕਰ ਸਕਦੀਆਂ ਹਨ।'
ਯੂਨੀਵਰਸਿਟੀ 'ਤੇ ਛਾਪੇਮਾਰੀ ਦੌਰਾਨ ਮੌਜੂਦ ਰਹੀ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਜਦ ਅਦਾਲਤ ਨੂੰ ਦੱਸਿਆ ਕਿ ਛਾਪੇਮਾਰੀ ਦੌਰਾਨ ਉਹਨਾ ਦੇਖਿਆ ਕਿ ਸਿਰਫ ਘੱਟ ਉਮਰ ਦੀਆਂ ਲੜਕੀਆਂ ਨੂੰ ਹੀ ਬਾਬਾ ਸਾਹਮਣੇ ਸਮਰਪਣ ਕਰਨਾ ਹੁੰਦਾ ਹੈ, ਮਰਦਾਂ ਨੂੰ ਨਹੀਂ। ਇਸ 'ਤੇ ਅਦਾਲਤ ਨੇ ਕਿਹਾ ਕਿ ਅਸੀਂ ਪਹਿਲੀ ਵਾਰ ਅਜਿਹਾ ਦੇਖ ਰਹੇ ਹਾਂ ਕਿ ਸਿਰਫ ਘੱਟ ਉਮਰ ਦੀਆਂ ਲੜਕੀਆਂ ਨੂੰ ਹੀ ਪਿੰਜਰੇ 'ਚ ਬੰਧਕ ਬਣਾ ਕੇ ਰੱਖਿਆ ਜਾ ਰਿਹਾ ਹੈ ਤੇ ਉਹਨਾਂ ਨਾਲ ਗੋਪੀਆਂ ਵਰਗਾ ਵਿਹਾਰ ਕੀਤਾ ਜਾ ਰਿਹਾ ਹੈ ਤੇ ਇੱਥੇ ਸਿਰਫ ਲੜਕੀਆਂ ਨੂੰ ਰੱਖਿਆ ਜਾ ਰਿਹਾ ਹੈ, ਮਰਦਾਂ ਨੂੰ ਨਹੀਂ। ਅਸੀਂ ਕਿਹੜੇ ਯੁੱਗ 'ਚ ਜੀ ਰਹੇ ਹਾਂ। ਸਵਾਤੀ ਨੇ ਦੱਸਿਆ ਕਿ ਬਾਲ ਭਲਾਈ ਕਮੇਟੀ ਨੇ ਵੀਰਵਾਰ ਨੂੰ ਛਾਪੇਮਾਰੀ ਦੌਰਾਨ ਇਕ ਨਾਮ-ਨਿਹਾਦ ਯੂਨੀਵਰਸਿਟੀ 'ਚੋਂ 41 ਨਾਬਾਲਗ ਬੱਚੀਆਂ ਨੂੰ ਮੁਕਤ ਕਰਵਾਇਆ ਹੈ। ਉਨ੍ਹਾਂ ਨੂੰ ਬਾਲ ਗ੍ਰਾਮ ਸ਼ੈਲਟਰ 'ਚ ਸ਼ਿਫਟ ਕੀਤਾ ਗਿਆ।
ਸਵਾਤੀ ਨੇ ਅਦਾਲਤ ਨੂੰ ਕਿਹਾ ਕਿ ਦਿੱਲੀ 'ਚ ਬਾਬੇ ਦੇ ਹੋਰਨਾਂ ਸਭਨਾਂ ਆਸ਼ਰਮਾਂ 'ਤੇ ਤੁਰੰਤ ਛਾਪੇਮਾਰੀ ਹੋਣੀ ਚਾਹੀਦੀ ਹੈ। ਉਸ ਨੇ ਕਿਹਾ ਕਿ ਮੁਕਤ ਕਰਵਾਈਆਂ ਗਈਆਂ ਲੜਕੀਆਂ ਬਿਮਾਰ ਹਨ ਤੇ ਕੁਝ ਵੀ ਦੱਸਣ ਦੀ ਸਥਿਤੀ 'ਚ ਨਹੀਂ ਹਨ।
ਅਦਾਲਤ ਨੇ ਅਧਿਆਤਮਕ ਯੂਨੀਵਰਸਿਟੀ ਨਾਲ ਜੁੜੇ ਦੀਪਕ ਡਿਸਿਲਵਾ ਤੇ ਦੀਪਕ ਥਾਮਸ ਨੂੰ ਅਦਾਲਤ 'ਚ ਪੇਸ਼ ਕਰਨ ਲਈ ਦਿੱਲੀ ਪੁਲਸ ਨੂੰ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਅਦਾਲਤ ਨੇ ਦਿੱਲੀ 'ਚ ਮੌਜੂਦ ਅਧਿਆਤਮਕ ਯੂਨੀਵਰਸਿਟੀ ਦੀਆਂ 8 ਬਰਾਂਚਾਂ 'ਤੇ ਛਾਪੇਮਾਰੀ ਕਰਨ ਲਈ ਇੱਕ ਟੀਮ ਦਾ ਗਠਨ ਕੀਤਾ ਹੈ, ਜਿਸ ਵਿੱਚ ਸੀ ਬੀ ਆਈ ਨਹੀਂ ਹੋਵੇਗੀ, ਸਗੋਂ ਮਹਿਲਾ ਭਲਾਈ ਕਮੇਟੀ ਤੇ ਅਦਾਲਤ ਵੱਲੋਂ ਨਿਯੁਕਤ ਵਕੀਲ ਹੋਣਗੇ।
ਜ਼ਿਕਰਯੋਗ ਹੈ ਕਿ ਇਸ ਢੌਂਗੀ ਬਾਬੇ ਵੀਰੇਂਦਰ ਦੇਵ ਖਿਲਾਫ ਕੁੱਲ 11 ਐੱਫ ਆਈ ਆਰ ਦਰਜ ਹਨ, ਜਿਨ੍ਹਾਂ 'ਚ 4 ਵਿਜੈ ਵਿਹਾਰ ਥਾਣੇ 'ਚ, ਜਦ ਕਿ 7 ਹੋਰ ਐੱਫ ਆਈ ਆਰ ਉੱਤਰ ਪ੍ਰਦੇਸ਼ ਤੇ ਰਾਜਸਥਾਨ 'ਚ ਦਰਜ ਹਨ। ਵਿਜੈ ਵਿਹਾਰ ਥਾਣੇ 'ਚ ਬਾਬੇ ਖਿਲਾਫ ਬਲਾਤਕਾਰ ਦੇ ਤਿੰਨ ਤੇ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਕੇਸ ਦਰਜ ਹੈ।