Latest News

ਵਿਭਚਾਰੀ ਬਾਬਿਆਂ ਦੇ ਕੱਚੇ ਚਿੱਠੇ

Published on 25 Dec, 2017 11:24 AM.


ਧਰਮ-ਕਰਮ ਦੇ ਕੰਮ ਕਰਨੇ ਕੋਈ ਬੁਰੀ ਗੱਲ ਨਹੀਂ। ਬੁਰੀ ਗੱਲ ਉਦੋਂ ਹੁੰਦੀ ਹੈ, ਜਦੋਂ ਧਰਮ ਦੇ ਓਹਲੇ ਕੁਕਰਮ ਕੀਤੇ ਜਾਂਦੇ ਹਨ। ਇਸ ਵੰਨਗੀ ਦਾ ਇੱਕ ਕਿੱਸਾ ਹੁਣੇ-ਹੁਣੇ ਪ੍ਰਕਾਸ਼ ਵਿੱਚ ਆਇਆ ਹੈ, ਜੋ ਬਾਬਾ ਵੀਰੇਂਦਰ ਦੇਵ ਦੀਕਸ਼ਤ ਨਾਲ ਸੰਬੰਧਤ ਹੈ। ਇਸ ਬਾਬੇ ਦੇ ਦਿੱਲੀ ਵਿੱਚ ਅੱਠ ਅਤੇ ਦੇਸ ਦੇ ਹੋਰਨਾਂ ਹਿੱਸਿਆਂ ਵਿੱਚ ਬਾਰਾਂ ਤੇ ਬਦੇਸ਼ਾਂ ਵਿੱਚ ਤਿੰਨ ਅਧਿਆਤਮਕ ਕੇਂਦਰ ਹਨ। ਇਹਨਾਂ ਤੋਂ ਇਲਾਵਾ ਕਈ ਹੋਰ ਦੇਸਾਂ ਵਿੱਚ ਵੀ ਉਹ ਆਪਣੇ ਅਧਿਆਤਮਕ ਕੇਂਦਰ ਖੋਲ੍ਹਣ ਦੀ ਤਿਆਰੀ ਵਿੱਚ ਸੀ।
ਬਾਬਾ ਵੀਰੇਂਦਰ ਦੇਵ ਦੀਕਸ਼ਤ ਦੇ ਕੁਕਰਮਾਂ ਦੀ ਸਤਾਈ ਇੱਕ ਮਹਿਲਾ ਨੇ ਆਪਣੇ ਘਰ ਵਾਲਿਆਂ ਨੂੰ ਨਾਲ ਲੈ ਕੇ ਇੱਕ ਐੱਨ ਜੀ ਓ ਤੱਕ ਪਹੁੰਚ ਕੀਤੀ। ਇਸ ਸੰਸਥਾ ਨੇ ਅੱਗੋਂ ਇਹ ਮਾਮਲਾ ਦਿੱਲੀ ਹਾਈ ਕੋਰਟ ਦੇ ਮਾਣਯੋਗ ਜੱਜਾਂ ਦੇ ਧਿਆਨ ਵਿੱਚ ਲਿਆਂਦਾ। ਇਸ 'ਤੇ ਅਦਾਲਤ ਨੇ ਸੀ ਬੀ ਆਈ ਨੂੰ ਆਦੇਸ਼ ਦਿੱਤਾ ਕਿ ਉਹ ਉੱਤਰੀ ਦਿੱਲੀ ਵਿੱਚ ਸਥਿਤ ਰੋਹਿਣੀ ਅਧਿਆਤਮਕ ਵਿਸ਼ਵਵਿਦਿਆਲੇ ਦੀ ਜਾਂਚ-ਪੜਤਾਲ ਕਰ ਕੇ ਰਿਪੋਰਟ ਪੇਸ਼ ਕਰੇ।
ਦਿੱਲੀ ਹਾਈ ਕੋਰਟ ਦੇ ਹੁਕਮ ਨਾਲ ਗਠਿਤ ਕੀਤੀ ਗਈ ਵਿਸ਼ੇਸ਼ ਟੀਮ, ਜਿਸ ਵਿੱਚ ਦਿੱਲੀ ਇਸਤਰੀ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਵੀ ਸ਼ਾਮਲ ਸੀ, ਨੇ ਇਸ ਆਸ਼ਰਮ 'ਤੇ ਛਾਪੇਮਾਰੀ ਦੌਰਾਨ ਉੱਥੇ ਮੌਜੂਦ ਲੋਕਾਂ ਤੋਂ ਚਾਬੀਆਂ ਮੰਗੀਆਂ ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ। ਅੰਤ ਪੁਲਸ ਨੇ ਇੱਕ-ਇੱਕ ਕਰ ਕੇ ਚੌਦਾਂ ਦੇ ਕਰੀਬ ਕਮਰਿਆਂ ਦੇ ਦਰਵਾਜ਼ਿਆਂ ਦੇ ਤਾਲੇ ਤੋੜ ਕੇ ਉੱਥੇ ਬੰਦ ਇਕਤਾਲੀ ਮੁਟਿਆਰਾਂ ਨੂੰ ਬਾਹਰ ਕੱਢਿਆ। ਇਹਨਾਂ ਕਮਰਿਆਂ ਵਿੱਚੋਂ ਵੱਡੀ ਮਾਤਰਾ ਵਿੱਚ ਅਸ਼ਲੀਲ ਸਾਹਿਤ, ਵੀਡੀਓ, ਸੈਕਸ-ਵਧਾਊ ਦਵਾਈਆਂ ਅਤੇ ਹੋਰ ਇਤਰਾਜ਼ ਯੋਗ ਸਾਮਾਨ ਬਰਾਮਦ ਕੀਤਾ ਗਿਆ। ਇਸ ਕੇਸ ਦੀ ਜਾਂਚ-ਪੜਤਾਲ ਤੋਂ ਇਹ ਗੱਲ ਵੀ ਸਾਹਮਣੇ ਆਈ ਕਿ ਆਸ਼ਰਮਾਂ ਵਿੱਚ ਔਰਤਾਂ ਦਾ ਜਿਨਸੀ ਤੇ ਮਾਨਸਕ ਸ਼ੋਸ਼ਣ ਕੀਤਾ ਜਾਂਦਾ ਸੀ। ਬਾਬਾ ਵੀਰੇਂਦਰ ਦੇ ਹੋਰ ਆਸ਼ਰਮਾਂ 'ਤੇ ਛਾਪਿਆਂ ਦੌਰਾਨ ਹੁਣ ਤੱਕ ਇੱਕ ਸੌ ਪੰਜਾਹ ਔਰਤਾਂ ਤੇ ਮੁਟਿਆਰਾਂ ਨੂੰ ਆਜ਼ਾਦ ਕਰਵਾਇਆ ਜਾ ਚੁੱਕਾ ਹੈ। ਇਹਨਾਂ ਵਿੱਚੋਂ ਚਾਲੀ ਤੋਂ ਵੱਧ ਕੁੜੀਆਂ ਨਾਬਾਲਗ ਹਨ। ਵਿਸ਼ਵਵਿਦਿਆਲੇ ਦੇ ਨਾਂਅ 'ਤੇ ਚਲਾਏ ਜਾਂਦੇ ਆਸ਼ਰਮਾਂ ਵਿੱਚ ਸੈਕਸ ਸ਼ੋਸ਼ਣ ਬਾਰੇ ਨਿੱਤ ਨਵੇਂ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਇਹਨਾਂ ਆਸ਼ਰਮਾਂ ਵਿੱਚ ਬਾਬਾ ਆਪਣਾ ਕਨੂੰਨ ਤੇ ਆਪਣੀ ਹੀ ਕਰੰਸੀ ਚਲਾਉਂਦਾ ਸੀ। ਇਸ ਤੋਂ ਅਗਲੀ ਗੱਲ ਇਹ ਕਿ ਆਸ਼ਰਮਾਂ ਵਿੱਚੋਂ ਛੁਡਵਾਈਆਂ ਗਈਆਂ ਨਾਬਾਲਗ ਕੁੜੀਆਂ ਦੇ ਦਿਮਾਗ਼ ਇਸ ਢੌਂਗੀ ਤੇ ਦੁਰਾਚਾਰੀ ਬਾਬੇ ਵੱਲੋਂ ਇਸ ਹੱਦ ਤੱਕ ਖੋਖਲੇ ਕਰ ਦਿੱਤੇ ਗਏ ਹਨ ਕਿ ਉਹਨਾਂ ਲਈ ਸਭ ਕੁਝ ਉਹਨਾਂ ਦਾ ਬਾਬਾ ਹੀ ਹੈ ਤੇ ਉਹ ਬਾਹਰਲੀ ਦੁਨੀਆ ਨੂੰ ਸਵੀਕਾਰ ਕਰਨ ਲਈ ਉੱਕਾ ਹੀ ਤਿਆਰ ਨਹੀਂ।
ਇੱਥੇ ਇਹ ਗੱਲ ਵਰਨਣ ਯੋਗ ਹੈ ਕਿ ਦਿੱਲੀ ਵਿੱਚ ਅਮਨ-ਕਨੂੰਨ ਲਾਗੂ ਕਰਨ ਦੀ ਜ਼ਿੰਮੇਵਾਰੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਸਿਰ ਹੈ, ਜਿਸ ਦਾ ਕਾਰਜ ਭਾਰ ਰਾਜਨਾਥ ਸਿੰਘ ਸੰਭਾਲ ਰਹੇ ਹਨ। ਸੁਆਲ ਪੈਦਾ ਹੁੰਦਾ ਹੈ ਕਿ ਪੁਲਸ ਤੇ ਖੁਫ਼ੀਆ ਤੰਤਰ ਨੂੰ ਇਸ ਸੈਕਸ ਸਕੈਂਡਲ ਦੇ ਚੱਲਦੇ ਹੋਣ ਦਾ ਪਤਾ ਕਿਉਂ ਨਾ ਲੱਗਿਆ, ਜਦੋਂ ਕਿ ਉਸ ਕੋਲ ਇਸ ਮੰਤਵ ਲਈ ਹਰ ਪ੍ਰਕਾਰ ਦੇ ਸਾਧਨ ਮੌਜੂਦ ਹੁੰਦੇ ਹਨ?
ਮਹਿਲਾਵਾਂ ਨਾਲ ਜਿਨਸੀ ਸ਼ੋਸ਼ਣ ਕੀਤੇ ਜਾਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ। ਇਸ ਸਿਲਸਿਲੇ ਵਿੱਚ ਬਾਪੂ ਆਸਾ ਰਾਮ, ਗੁਰਮੀਤ ਰਾਮ ਰਹੀਮ ਸਿੰਘ ਆਦਿ ਨੂੰ ਜਿਨਸੀ ਸ਼ੋਸ਼ਣ ਤੇ ਹੋਰਨਾਂ ਦੋਸ਼ਾਂ ਦੇ ਤਹਿਤ ਕਨੂੰਨ ਦੇ ਕਟਹਿਰੇ ਵਿੱਚ ਖੜਾ ਕੀਤਾ ਜਾ ਚੁੱਕਾ ਹੈ। ਸੰਤ ਰਾਮਪਾਲ ਦੇ ਖ਼ਿਲਾਫ਼ ਵੀ ਅਨੇਕ ਦੋਸ਼ ਲੱਗੇ ਸਨ। ਬਾਪੂ ਆਸਾ ਰਾਮ ਦੇ ਭਾਜਪਾ ਦੇ ਛੋਟੇ ਨੇਤਾ ਤੋਂ ਲੈ ਕੇ ਵੱਡੇ ਆਗੂ, ਜਿਨ੍ਹਾਂ ਵਿੱਚ ਨਰਿੰਦਰ ਮੋਦੀ ਤੇ ਲਾਲ ਕ੍ਰਿਸ਼ਨ ਅਡਵਾਨੀ ਵੀ ਸ਼ਾਮਲ, ਤੱਕ ਭਗਤ ਰਹੇ ਹਨ।
ਇਸ ਸਾਲ ਦੇ ਅਗਸਤ ਮਹੀਨੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦਾ ਮਾਮਲਾ ਮੀਡੀਆ ਵਿੱਚ ਛਾਇਆ ਰਿਹਾ ਸੀ। ਇਸ ਨੇ ਜਿੱਥੇ ਹਰਿਆਣਾ ਤੇ ਪੰਜਾਬ ਦੀਆਂ ਸਰਕਾਰਾਂ ਲਈ ਸੁਰੱਖਿਆ ਪ੍ਰਬੰਧਾਂ ਦੀ ਸਮੱਸਿਆ ਖੜੀ ਕਰੀ ਰੱਖੀ ਸੀ, ਉੱਥੇ ਇਸ ਕਾਰਨ ਕਰੋੜਾਂ ਰੁਪਿਆਂ ਦੀ ਸਰਕਾਰੀ ਤੇ ਗ਼ੈਰ-ਸਰਕਾਰੀ ਜਾਇਦਾਦ ਦਾ ਵੀ ਨੁਕਸਾਨ ਹੋਇਆ ਤੇ ਚਾਲੀ ਦੇ ਕਰੀਬ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ। ਇਸ ਬਾਬੇ ਨੂੰ ਡੇਰੇ ਦੀਆਂ ਦੋ ਸਾਧਵੀਆਂ ਦੇ ਸਰੀਰਕ ਸ਼ੋਸ਼ਣ ਦਾ ਦੋਸ਼ੀ ਕਰਾਰ ਦਿੰਦਿਆਂ ਦਸ-ਦਸ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਸਿਰਸੇ ਵਾਲੇ ਕਾਂਡ ਨੇ ਇਹ ਗੱਲ ਸਾਹਮਣੇ ਲੈ ਆਂਦੀ ਸੀ ਕਿ ਸੰਵਿਧਾਨ ਦੀਆਂ ਸਹੁੰਆਂ ਖਾ ਕੇ ਗੱਦੀਆਂ 'ਤੇ ਬੈਠੇ ਆਗੂਆਂ ਨੂੰ ਲੋਕਾਂ ਦੇ ਜਾਨ-ਮਾਲ ਦੀ ਰਾਖੀ ਦੀ ਜ਼ਿੰਮੇਵਾਰੀ ਨਿਭਾਉਣ ਦੀ ਕੋਈ ਚਿੰਤਾ ਨਹੀਂ, ਉਹਨਾਂ ਦਾ ਇੱਕੋ-ਇੱਕ ਨਿਸ਼ਾਨਾ ਸੱਤਾ ਦਾ ਸੁੱਖ ਮਾਨਣਾ ਅਤੇ ਅੱਗੋਂ ਲਈ ਆਪਣਾ ਵੋਟ ਬੈਂਕ ਸੁਰੱਖਿਅਤ ਰੱਖਣਾ ਹੁੰਦਾ ਹੈ। ਇਹੋ ਨਹੀਂ, ਕੇਂਦਰ ਸਰਕਾਰ ਨੇ ਇਸ ਮਾਮਲੇ ਵਿੱਚ ਰਾਜ ਸਰਕਾਰ ਵੱਲੋਂ ਵਰਤੀ ਲਾਪਰਵਾਹੀ ਲਈ ਉਸ ਨੂੰ ਕੁਝ ਕਹਿਣ ਦੀ ਥਾਂ ਹੋਰ ਕੰਮਾਂ ਦਾ ਬਹਾਨਾ ਘੜ ਕੇ ਮਨੋਹਰ ਲਾਲ ਖੱਟਰ ਦੀ ਸਰਕਾਰ ਦੇ ਗੁਣ ਗਾਏ। ਇਹ ਭਾਜਪਾ ਆਗੂ ਹੀ ਸਨ, ਜਿਨ੍ਹਾਂ ਨੇ ਰਾਮ ਰਹੀਮ ਦੇ ਜਨਮ ਦਿਨ 'ਤੇ ਪੰਦਰਾਂ ਅਗਸਤ ਵਾਲੇ ਦਿਨ ਉਸ ਨੂੰ ਤੋਹਫ਼ੇ ਵਜੋਂ ਇਕਵੰਜਾ ਲੱਖ ਰੁਪਿਆ ਭੇਟ ਕੀਤਾ ਸੀ। ਹਰਿਆਣਾ ਸਰਕਾਰ ਦੇ ਮੰਤਰੀ ਅਨਿਲ ਵਿੱਜ ਨੇ ਆਪਣੇ ਅਖ਼ਤਿਆਰੀ ਫ਼ੰਡ ਵਿੱਚੋਂ ਪੰਜਾਹ ਲੱਖ ਰੁਪਿਆ ਇਹ ਕਹਿ ਕੇ ਗੁਰਮੀਤ ਰਾਮ ਰਹੀਮ ਨੂੰ ਦਿੱਤਾ ਸੀ ਕਿ ਉਹ ਖੇਡਾਂ ਨੂੰ ਉਤਸ਼ਾਹਤ ਕਰਦਾ ਹੈ।
ਗੁਰਮੀਤ ਰਾਮ ਰਹੀਮ ਵਾਲੇ ਕਾਂਡ ਤੋਂ ਇਹ ਗੱਲ ਵੀ ਸਾਫ਼ ਹੋ ਗਈ ਸੀ ਕਿ ਜਿੱਥੇ ਕਾਰਜ ਪਾਲਿਕਾ ਰਾਜਸੀ ਰੱਖ-ਰਖਾਵਾਂ ਕਾਰਨ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨਿਭਾਉਣ ਤੋਂ ਕੁਤਾਹੀ ਕਰਦੀ ਰਹੀ, ਉੱਥੇ ਨਿਆਂ ਪਾਲਿਕਾ ਨੇ ਆਪਣੇ ਫਰਜ਼ਾਂ ਉੱਤੇ ਪਹਿਰਾ ਦੇ ਕੇ ਲੋਕਤੰਤਰ ਦੇ ਇਸ ਥੰਮ੍ਹ ਨੂੰ ਮਜ਼ਬੂਤੀ ਪ੍ਰਦਾਨ ਕੀਤੀ। ਚਾਹੇ ਸਰਕਾਰਾਂ ਵਿੱਚ ਬੈਠੇ ਸਵਾਰਥੀ ਲੋਕ ਨਿਆਂ ਪਾਲਿਕਾ ਨੂੰ ਆਪਣੇ ਘੇਰੇ ਵਿੱਚ ਰਹਿਣ ਵਰਗੀਆਂ ਗੱਲਾਂ ਕਰ ਕੇ ਉਸ ਉੱਤੇ ਦਬਾਅ ਬਣਾਉਣ ਦਾ ਜਤਨ ਕਰਦੇ ਰਹਿੰਦੇ ਹਨ, ਪਰ ਜਿਵੇਂ ਇਸ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪਹਿਰਾ ਦਿੱਤਾ ਤੇ ਵਾਰ-ਵਾਰ ਹਰਿਆਣਾ ਸਰਕਾਰ ਨੂੰ ਹਲੂਣਿਆ, ਉਹ ਇੱਕ ਮਿਸਾਲੀ ਕਾਰਜ ਕਿਹਾ ਜਾ ਸਕਦਾ ਹੈ। ਨਿਆਂ ਪਾਲਿਕਾ, ਪੜਤਾਲੀਆ ਏਜੰਸੀ ਸੀ ਬੀ ਆਈ ਤੇ ਪ੍ਰੈੱਸ ਤਿੰਨਾਂ ਵੱਲੋਂ ਇਸ ਮਾਮਲੇ ਵਿੱਚ ਜੋ ਪੈਰਵੀ ਕੀਤੀ ਅਤੇ ਰੋਲ ਨਿਭਾਇਆ ਗਿਆ, ਉਸ ਦੇ ਸਦਕਾ ਇਸ ਦੁਰਾਚਾਰੀ ਬਾਬੇ ਨੂੰ ਸਜ਼ਾ ਦਾ ਭਾਗੀ ਬਣਾਇਆ ਜਾ ਸਕਿਆ ਸੀ।
ਦਿੱਲੀ ਵਾਲੇ ਬਾਬੇ ਵੀਰੇਂਦਰ ਦੇਵ ਦੀਕਸ਼ਤ ਦੇ ਆਸ਼ਰਮਾਂ ਬਾਰੇ ਜੋ ਸੱਚ ਸਾਹਮਣੇ ਆਇਆ ਹੈ, ਉਸ ਤੋਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਅੱਜ ਇੱਕੀਵੀਂ ਸਦੀ ਵਿੱਚ ਵੀ ਧਰਮ-ਕਰਮ ਦੇ ਨਾਂਅ ਉੱਤੇ ਸਾਡੇ ਦੇਸ ਵਿੱਚ ਕੀ ਕੁਝ ਹੋ-ਵਾਪਰ ਰਿਹਾ ਹੈ। ਆਖ਼ਿਰ ਇਹਨਾਂ ਦੁਰਾਚਾਰੀ ਬਾਬਿਆਂ ਦਾ ਕੀ ਕੀਤਾ ਜਾਵੇ? ਪਹਿਲੀ ਗੱਲ, ਜੋ ਵੀ ਲੋਕ ਅਜਿਹੇ ਬਾਬਿਆਂ ਦੇ ਮਗਰ ਲੱਗ ਕੇ ਆਪਣਾ ਕੀਮਤੀ ਸਮਾਂ ਤੇ ਊਰਜਾ ਨਸ਼ਟ ਕਰਦੇ ਹਨ, ਉਹਨਾਂ ਨੂੰ ਉਹੋ ਸਮਾਂ ਤੇ ਊਰਜਾ ਆਪਣੀਆਂ ਮੁਸ਼ਕਲਾਂ ਦੇ ਹੱਲ ਖ਼ੁਦ ਤਲਾਸ਼ਣ 'ਤੇ ਲਗਾਉਣੀ ਚਾਹੀਦੀ ਹੈ ਤੇ ਮਿਹਨਤ ਦਾ ਪੱਲਾ ਫੜਨਾ ਚਾਹੀਦਾ ਹੈ। ਦੂਜੀ, ਮਹਿਲਾਵਾਂ ਨੂੰ ਵੀ ਅਜਿਹੇ ਬਾਬਿਆਂ ਪ੍ਰਤੀ ਸਾਵਧਾਨੀ ਵਰਤਣੀ ਚਾਹੀਦੀ ਹੈ ਤੇ ਉਹਨਾਂ ਦੇ ਝਾਂਸੇ ਵਿੱਚ ਨਹੀਂ ਆਉਣਾ ਚਾਹੀਦਾ। ਤੀਜੀ ਗੱਲ, ਸਾਡੀਆਂ ਸਿਆਸੀ ਪਾਰਟੀਆਂ ਲਈ ਵੀ ਇਹ ਜ਼ਰੂਰੀ ਹੈ ਕਿ ਉਹ ਵੋਟ ਬੈਂਕ ਦੀ ਰਾਜਨੀਤੀ, ਜਿਸ ਕਾਰਨ ਦੇਸ ਬਹੁਤ ਕੁਝ ਗਵਾ ਚੁੱੱਕਾ ਹੈ, ਦੀ ਥਾਂ ਸਾਫ਼-ਸੁਥਰੀ ਤੇ ਸਿਹਤਮੰਦ ਸਿਆਸਤ ਕਰਨ ਵੱਲ ਮੂੰਹ ਕਰਨ। ਆਖ਼ਰੀ ਤੇ ਚੌਥੀ ਗੱਲ ਇਹ ਕਿ ਉਹਨਾਂ ਟੀ ਵੀ ਚੈਨਲਾਂ ਨੂੰ ਵੀ ਜ਼ਾਬਤੇ ਵਿੱਚ ਲਿਆਂਦਾ ਜਾਵੇ, ਜਿਹੜੇ ਚਾਂਦੀ ਦੇ ਕੁਝ ਟੁਕੜਿਆਂ ਦੀ ਖ਼ਾਤਰ ਅੰਧ-ਵਿਸ਼ਵਾਸ ਫੈਲਾਉਣ ਵਾਲੇ ਬਾਬਿਆਂ ਦੇ ਪ੍ਰਚਾਰ-ਪ੍ਰਸਾਰ ਦਾ ਸਾਧਨ ਬਣਦੇ ਹਨ।

735 Views

e-Paper