Latest News
ਮੋਦੀ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਨੇ ਦੇਸ਼ ਨੂੰ ਆਰਥਿਕ, ਸਮਾਜਿਕ ਤੇ ਸਿਆਸੀ ਪੱਖੋਂ ਪਛਾੜ ਦਿੱਤਾ : ਬੰਤ ਬਰਾੜ

Published on 26 Dec, 2017 11:33 AM.


ਸਰਦੂਲਗੜ੍ਹ (ਅਵਤਾਰ ਜਟਾਣਾ)
ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੇ ਦੇਸ਼ ਨੂੰ ਆਰਥਿਕ, ਸਮਾਜਿਕ ਅਤੇ ਰਾਜਨੀਤਕ ਤੌਰ 'ਤੇ ਪਛਾੜ ਕੇ ਰੱਖ ਦਿੱਤਾ ਹੈ ਅਤੇ ਦੇਸ਼ ਦਾ ਹਰ ਵਰਗ ਇਨ੍ਹਾਂ ਦੀਆਂ ਲੋਕਮਾਰੂ ਨੀਤੀਆਂ ਤੋਂ ਨਿਰਾਸ਼ ਹੋ ਰਿਹਾ ਹੈ। ਮੋਦੀ ਸਰਕਾਰ ਦੇਸ਼ ਨੂੰ ਰਾਸ਼ਟਰਵਾਦ ਦੇ ਨਾਂਅ 'ਤੇ ਘੱਟ ਗਿਣਤੀਆਂ ਅਤੇ ਦਲਿਤਾਂ ਉੱਪਰ ਅੱਤਿਆਚਾਰ ਕਰਕੇ ਭਗਵਾਂਕਰਨ ਵੱਲ ਲਿਜਾਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀ.ਪੀ.ਆਈ. ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਪ੍ਰਧਾਨ ਏਟਕ ਪੰਜਾਬ ਕਾਮਰੇਡ ਬੰਤ ਸਿੰਘ ਬਰਾੜ ਨੇ ਸਰਦੂਲਗੜ੍ਹ ਵਿਖੇ ਪਾਰਟੀ ਦੀ 92ਵੀਂ ਵਰ੍ਹੇਗੰਢ ਮੌਕੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਸਮੇਂ ਉਹਨਾਂ ਕਿਹਾ ਕਿ ਦੇਸ਼ ਦਾ ਹਰ ਵਰਗ ਕਿਸਾਨ ਮਜ਼ਦੂਰ, ਨੌਜਵਾਨ ਅਤੇ ਛੋਟਾ ਵਪਾਰੀ ਕੇਂਦਰ ਅਤੇ ਸੂਬਾਈ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਅਤੇ ਗਲਤ ਫੈਸਲਿਆਂ ਦੇ ਕਾਰਨ ਗਲਤ ਕੁਰਾਹੇ ਵੱਲ ਜਾ ਰਹੇ ਹਨ। ਕਰਜ਼ੇ ਦੀ ਮਾਰ ਦੇ ਕਾਰਨ ਕਿਸਾਨ-ਮਜ਼ਦੂਰ ਅਤੇ ਦਸਤਕਾਰ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ, ਪ੍ਰੰਤੂ ਸਮੇਂ ਦੀਆਂ ਸਰਕਾਰਾਂ ਮੂਕ ਦਰਸ਼ਕ ਬਣ ਕੇ ਵੇਖ ਰਹੀਆਂ ਹਨ। ਉਹਨਾਂ ਕਿਹਾ ਕਿ ਸੀ.ਪੀ.ਆਈ. ਵੱਲੋਂ ਦੇਸ਼ ਪੱਧਰੀ ਕਿਸਾਨਾਂ, ਮਜ਼ਦੂਰਾਂ ਅਤੇ ਦਸਤਕਾਰਾਂ ਦੇ ਸਮੁੱਚੇ ਕਰਜ਼ਾ ਮੁਆਫੀ, ਹਰ ਇੱਕ ਲਈ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ ਦੀ ਸਥਾਪਨਾ, ਹਰ 60 ਸਾਲ ਦੇ ਵਿਆਕਤੀਆਂ ਕਈ ਘੱਟੋ-ਘੱਟ 10000/- ਰੁਪਏ ਪ੍ਰਤੀ ਪੈਨਸ਼ਨ ਦੇਣ ਦਾ ਕਾਨੂੰਨ ਪਾਰਲੀਮੈਂਟ ਵਿੱਚ ਪਾਸ ਕਰਵਾਉਣ, ਹਰ ਇੱਕ ਲਈ ਸਿੱਖਿਆ ਸਿਹਤ ਮੁਫਤ ਅਤੇ ਲਾਜ਼ਮੀ, ਦਲਿਤਾਂ, ਮਜ਼ਦੂਰਾਂ ਨੂੰ 10-10 ਮਰਲੇ ਪਲਾਟ ਦੇਣ ਅਤੇ ਮਕਾਨ ਉਸਾਰੀ ਲਈ ਯੋਗ ਰਾਸ਼ੀ ਜਾਰੀ ਕਰਨ, ਮਨਰੇਗਾ ਕਾਨੂੰਨ ਠੀਕ ਢੰਗ ਨਾਲ ਲਾਗੂ ਕਰਨ ਦੀ ਸਾਰਾ ਸਾਲ ਕੰਮ ਦੇਣ ਅਤੇ ਦਿਹਾੜੀ 600/- ਪ੍ਰਤੀ ਦਿਨ ਕਰਨ, ਸੁਆਮੀਨਾਥਨ ਦੀ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਵਾਉਣ ਅਤੇ ਘੱਟੋ-ਘੱਟ ਉਜਰਤ 18000/- ਪ੍ਰਤੀ ਮਹੀਨਾ ਕਰਨ ਆਦਿ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ। ਉਹਨਾਂ ਅਪੀਲ ਕਰਦਿਆਂ ਕਿਹਾ ਕਿ ਇਸ ਲੋਕ ਸੰਘਰਸ਼ ਵਿੱਚ ਸਾਰੇ ਵਰਗਾਂ ਨੂੰ ਸ਼ਾਮਿਲ ਹੋਣਾ ਕੇਂਦਰ ਅਤੇ ਸੂਬਾਈ ਸਰਕਾਰਾਂ ਨੂੰ ਸਹੂਲਤਾਂ ਲਾਗੂ ਕਰਨ ਲਈ ਮਜਬੂਰ ਕਰੇਗਾ।
ਸੀ.ਪੀ.ਆਈ. ਦੇ ਸੂਬਾ ਸਕੱਤਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਵਿੱਚ ਰਾਜ ਸੱਤਾ 'ਤੇ ਕਾਬਜ਼ ਮੋਦੀ ਅਤੇ ਆਰ.ਐੱਸ.ਐੱਸ. ਦੀ ਜੁੰਡਲੀ ਦਾ ਦੇਸ਼ ਦੀ ਆਜ਼ਾਦੀ ਵਿੱਚ ਇੱਕ ਕੋਡੀ ਵੀ ਯੋਗਦਾਨ ਨਹੀਂ, ਬਲਕਿ ਅੰਗਰੇਜ਼ ਹਕੂਮਤ ਨਾਲ ਵਫਾਦਾਰੀਆਂ ਨਿਭਾਅ ਕੇ ਦੇਸ਼ ਨੂੰ ਕਮਜ਼ੋਰ ਕੀਤਾ ਹੈ। ਉਹਨਾਂ ਕਿਹਾ ਕਿ ਰਾਜ ਸੱਤਾ 'ਤੇ ਕਾਬਜ਼ ਹੁੰਦਿਆਂ ਹੀ ਕਿਸਾਨਾਂ-ਮਜ਼ਦੂਰਾਂ ਅਤੇ ਨੌਜਵਾਨਾਂ ਵਿਰੋਧੀ ਫੈਸਲੇ ਕੀਤੇ ਗਏ ਅਤੇ ਕਾਰਪੋਰੇਟ ਘਰਾਣਿਆਂ ਨੂੰ ਵੱਡੇ ਫਾਇਦੇ ਦਿੱਤੇ ਗਏ। ਪਹਿਲਾਂ ਨੋਟਬੰਦੀ ਅਤੇ ਫਿਰ ਜੀ.ਐੱਸ.ਟੀ. ਨੇ ਦੇਸ਼ ਵਿੱਚ ਵੱਡੀ ਪੱਧਰ 'ਤੇ ਛੋਟੇ ਵਪਾਰੀਆਂ ਨੂੰ ਬੇਰੁਜ਼ਗਾਰੀ ਵੱਲ ਧੱਕਿਆ ਗਿਆ ਹੈ, ਜਿਸ ਖਿਲਾਫ ਸੰਘਰਸ਼ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਸ ਸਮੇਂ ਸੀ.ਪੀ.ਆਈ. ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਅਤੇ ਆਰ.ਐੱਮ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਲਾਲ ਚੰਦ ਸਰਦੂਲਗੜ੍ਹ ਨੇ ਆਪਣੇ ਸੰਬੋਧਨ ਦੌਰਾਨ ਖੱਬੀਆਂ ਪਾਰਟੀਆਂ ਦੀ ਏਕਤਾ ਅਤੇ ਸਾਂਝੇ ਸੰਘਰਸ਼ਾਂ ਨੂੰ ਤੇਜ ਕਰਨ ਦੀ ਅਪੀਲ ਕੀਤੀ ਗਈ। ਇਸ ਸਮੇਂ ਸਰਵ-ਸੰਮਤੀ ਨਾਲ ਪਾਸ ਕੀਤਾ ਗਿਆ ਕਿ ਪੰਜਾਬ ਸਰਕਾਰੀ ਸਕੂਲ ਬੰਦ ਕਰਨ ਤੋਂ ਰੋਕਣ, ਆਂਗਣਵਾੜੀ ਵਰਕਰਾਂ ਨੂੰ ਬੇਰੁਜ਼ਗਾਰੀ ਵੱਲ ਧੱਕਣ ਤੋਂ ਰੋਕਣ ਅਤੇ ਥਰਮਲ ਪਲਾਂਟ ਬੰਦ ਕਰਨ ਦਾ ਪੰਜਾਬ ਸਰਕਾਰ ਖਿਲਾਫ ਮਤਾ ਪਾਸ ਕੀਤਾ ਗਿਆ। ਪ੍ਰੋਗਰਾਮ ਨੌਜਾਵਨ ਆਗੂ ਜਗਦੀਪ ਸਿੰਘ ਲੱਕੀ, ਜਗਸੀਰ ਸਿੰਘ, ਮਹਿੰਦਰ ਸਿੰਘ ਝੰਡਾ ਦੇ ਪ੍ਰਧਾਨਗੀ ਮੰਡਲ ਹੇਠ ਅਤੇ ਸਕੱਤਰ ਸਬ-ਡਵੀਜ਼ਨ ਸਰਦੂਲਗੜ੍ਹ ਜਗਰਾਜ ਸਿੰਘ ਹੀਰਕੇ ਦੀ ਅਗਵਾਈ ਹੇਠ ਕੀਤਾ ਗਿਆ। ਇਸ ਸਮੇਂ ਹਰਵਿੰਦਰ ਦੀਵਾਨਾ ਦੇ ਨਾਟਕ ਟੀਮ ਵੱਲੋਂ ਨਾਟਕ ਅਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ। ਪ੍ਰੋਗਰਾਮ ਦੌਰਾਨ ਲੋਕ ਗਾਇਕ ਜਗਸੀਰ ਜੀਦਾ ਅਤੇ ਸੁਖਬੀਰ ਖਾਰਾ ਵੱਲੋਂ ਲੋਕ-ਪੱਖੀ ਗੀਤ ਅਤੇ ਇਨਕਲਾਬੀ ਬੋਲੀਆਂ ਪੇਸ਼ ਕੀਤੀਆਂ ਗਈਆਂ। ਇਸ ਸਮੇਂ ਪਾਰਟੀ ਦੇ ਪੁਰਾਣੇ ਅਤੇ ਬਜ਼ੁਰਗ ਪਾਰਟੀ ਆਗੂਆਂ ਅਤੇ ਵਰਕਰਾਂ, ਕਾਮਰੇਡ ਬੂਟਾ ਸਿੰਘ ਸਾਬਕਾ ਐੱਮ.ਐੱਲ.ਏ, ਕਰਤਾਰ ਸਿੰਘ ਰੋੜਕੀ ਸਾਬਕਾ ਸਰਪੰਚ, ਕੁੰਦਨ ਲਾਲ ਹੀਰਕੇ ਆਦਿ ਆਗੂਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਪ੍ਰੋਗਰਾਮ ਦੌਰਾਨ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਝੁਨੀਰ, ਪੂਰਨ ਸਿੰਘ ਦਹੀਆ ਸਰਦੂਲਗੜ੍ਹ, ਕਾਮਰੇਡ ਕਰਨੈਲ ਸਿੰਘ, ਵੇਦ ਪ੍ਰਕਾਸ਼ ਬੁਢਲਾਡਾ, ਰੂਪ ਸਿੰਘ ਢਿੱਲੋਂ, ਰਤਨ ਭੋਲਾ, ਕਾਮਰੇਡ ਨਿਹਾਲ ਸਿੰਘ, ਸੀਤਾ ਰਾਮ ਗੋਬਿੰਦਪੁਰਾ, ਮਾ. ਗੁਰਬਚਨ ਸਿੰਘ ਮੰਦਰਾਂ, ਜਗਤਾਰ ਸਿੰਘ ਕਾਲਾ, ਦਰਸ਼ਨ ਸਿੰਘ ਪੰਧੇਰ, ਨਿਰਮਲ ਮਾਨਸਾ, ਸੁਰਿੰਦਰ ਕੁਮਾਰ ਕੱਪੜਾ ਵਪਾਰੀ, ਲਾਲ ਚੰਦ ਬਿਸਕੁਟ ਵੇਕਰੀ ਵਾਲੇ, ਗੁਲਾਬ ਹੀਰਕੇ, ਰਾਜਵਿੰਦਰ ਭੁੱਲਰ ਹੀਰਕੇ, ਮਨਜੀਤ ਕੌਰ ਗਾਮੀਵਾਲਾ, ਰਾਜ ਕੌਰ ਜਟਾਣਾ ਆਦਿ ਆਗੂਆਂ ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਜਗਰਾਜ ਸਿੰਘ ਹੀਰਕੇ ਵੱਲੋਂ ਬਾਖੂਬੀ ਨਿਭਾਈ ਗਈ।

174 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper