Latest News

ਨਵੇਂ ਮੁੱਖ ਮੰਤਰੀਆਂ ਦੀ ਤਾਜਪੋਸ਼ੀ ਦੇ ਜਸ਼ਨ

Published on 27 Dec, 2017 11:29 AM.


ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਅਗਵਾਈ ਵਾਲੀ ਭਾਜਪਾ ਨੇ ਚਾਹੇ ਗੁਜਰਾਤ ਤੇ ਹਿਮਾਚਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰ ਕੇ ਨਵੀਂਆਂ ਸਰਕਾਰਾਂ ਦਾ ਗਠਨ ਕਰ ਲਿਆ ਹੈ, ਪਰ ਜਿਸ ਢੰਗ ਨਾਲ ਗੁਜਰਾਤ ਵਿੱਚ ਵਿਜੇ ਰੁਪਾਨੀ ਨੂੰ ਦੂਜੀ ਵਾਰ ਮੁੱਖ ਮੰਤਰੀ ਦੇ ਅਹੁਦੇ 'ਤੇ ਬਿਰਾਜਮਾਨ ਕੀਤਾ ਗਿਆ ਹੈ, ਉਸ ਤੋਂ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਹੁਣ ਉਹ ਹਾਈ ਕਮਾਨ ਵਾਂਗ ਆਪਣੀ ਮਰਜ਼ੀ ਨਹੀਂ ਪੁਗਾ ਸਕਦੇ। ਹਿਮਾਚਲ ਵਿੱਚ ਭਾਜਪਾ ਨੇ ਭਾਰੀ ਬਹੁਮੱਤ ਤਾਂ ਹਾਸਲ ਕਰ ਲਿਆ ਸੀ, ਪਰ ਉਹਨਾਂ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਉਮੀਦਵਾਰ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਨੂੰ ਵੋਟਰਾਂ ਨੇ ਨਕਾਰ ਦਿੱਤਾ। ਇਸ ਮਗਰੋਂ ਇਹ ਸੰੰਘਰਸ਼ ਸ਼ੁਰੂ ਹੋ ਗਿਆ ਕਿ ਮੁੱਖ ਮੰਤਰੀ ਦਾ ਤਾਜ ਕਿਸ ਦੇ ਸਿਰ ਬੱਝੇਗਾ।
ਭਾਜਪਾ ਨੇ ਜਿਨ੍ਹਾਂ ਦੋ ਕੇਂਦਰੀ ਆਗੂਆਂ ਨੂੰ ਵਿਧਾਇਕਾਂ ਨਾਲ ਮੀਟਿੰਗ ਕਰ ਕੇ ਹਿਮਾਚਲ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਦਾ ਨਾਂਅ ਤਜਵੀਜ਼ ਕਰਨ ਲਈ ਭੇਜਿਆ ਸੀ, ਉਹਨਾਂ ਨੂੰ ਬਿਨਾਂ ਕੋਈ ਫ਼ੈਸਲਾ ਕੀਤਿਆਂ ਹੀ ਦਿੱਲੀ ਵਾਪਸ ਪਰਤਣਾ ਪਿਆ ਸੀ। ਹੁਣ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕੇਂਦਰੀ ਲੀਡਰਸ਼ਿਪ ਕੇਂਦਰੀ ਸਿਹਤ ਮੰਤਰੀ ਜੇ ਪੀ ਨੱਢਾ ਨੂੰ ਨਾਮਜ਼ਦ ਕਰਵਾਉਣਾ ਚਾਹੁੰਦਾ ਸੀ, ਪਰ ਸਥਾਨਕ ਵਿਧਾਇਕਾਂ ਨੇ ਇਹ ਗੱਲ ਸਪੱਸ਼ਟ ਕਰ ਦਿੱਤੀ ਕਿ ਜੇ ਕਿਸੇ ਦੀ ਇਸ ਅਹੁਦੇ ਲਈ ਨਾਮਜ਼ਦਗੀ ਹੋਵੇਗੀ ਤਾਂ ਉਹ ਚੁਣੇ ਹੋਏ ਵਿਧਾਇਕਾਂ ਵਿੱਚੋਂ ਹੀ ਹੋਣਾ ਚਾਹੀਦਾ ਹੈ। ਮਜਬੂਰੀ ਵੱਸ ਕੇਂਦਰੀ ਲੀਡਰਸ਼ਿਪ ਨੂੰ ਜੈਰਾਮ ਠਾਕਰ ਦਾ ਨਾਂਅ ਪ੍ਰਵਾਨ ਕਰਨਾ ਪਿਆ।
ਏਥੇ ਇਹ ਗੱਲ ਵਰਨਣ ਯੋਗ ਹੈ ਕਿ ਇਸ ਤੋਂ ਪਹਿਲਾਂ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਨੇ ਮੁੱਖ ਮੰਤਰੀ ਦੇ ਅਹੁਦੇ ਲਈ ਹਰਿਆਣਾ, ਝਾਰਖੰਡ ਤੇ ਮਹਾਰਾਸ਼ਟਰ ਵਿੱਚ ਆਪਣੀ ਮਨਮਰਜ਼ੀ ਦੇ ਉਮੀਦਵਾਰਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਕਰਵਾ ਲਿਆ ਸੀ। ਗੁਜਰਾਤ ਦੀਆਂ ਚੋਣਾਂ ਵਿੱਚ ਪ੍ਰਧਾਨ ਮੰਤਰੀ ਦੇ ਧੂੰਆਂ-ਧਾਰ ਪ੍ਰਚਾਰ, ਅਨੇਕ ਕੇਂਦਰੀ ਮੰਤਰੀਆਂ ਤੇ ਕਈ ਰਾਜਾਂ ਦੇ ਮੁੱਖ ਮੰਤਰੀਆਂ ਦੇ ਚੋਣ ਮੁਹਿੰਮ 'ਚ ਕੁੱਦਣ ਦੇ ਬਾਵਜੂਦ ਭਾਜਪਾ ਦੋ ਹਿੰਦਸਿਆਂ ਤੱਕ ਸਿਮਟ ਕੇ ਰਹਿ ਗਈ। ਦਾਅਵਾ ਭਾਵੇਂ ਅਮਿਤ ਸ਼ਾਹ ਵੱਲੋਂ ਇਹ ਕੀਤਾ ਗਿਆ ਸੀ ਕਿ ਭਾਜਪਾ ਨਿਸ਼ਚੇ ਹੀ ਆਪਣੀ ਕਾਰਗੁਜ਼ਾਰੀ ਦੇ ਬਲਬੂਤੇ ਇੱਕ ਸੌ ਪੰਜਾਹ ਸੀਟਾਂ ਹਾਸਲ ਕਰੇਗੀ, ਕਿਉਂਕਿ ਹੁਣ ਕੇਂਦਰ ਦੀ ਕਮਾਨ ਵੀ ਉਸ ਦੇ ਹੱਥਾਂ ਵਿੱਚ ਹੈ ਤੇ ਰਾਜ ਵਿੱਚ ਵੀ ਉਹ ਪਿਛਲੇ ਬਾਈ ਸਾਲਾਂ ਤੋਂ ਸ਼ਾਸਨ 'ਤੇ ਬਿਰਾਜਮਾਨ ਹੈ। ਗੁਜਰਾਤ ਦਾ ਵਿਕਾਸ ਮਾਡਲ ਵੀ ਉਸ ਦੀ ਸਫ਼ਲਤਾ ਦਾ ਜ਼ਾਮਨ ਬਣੇਗਾ।
ਇਸ ਦੇ ਬਾਵਜੂਦ ਵੋਟਰਾਂ ਨੇ ਉਹਨਾਂ ਨੂੰ ਦਿਨੇ ਤਾਰੇ ਵਿਖਾ ਦਿੱਤੇ। ਨਾ ਮੋਦੀ ਦਾ ਧੂੰਆਂ-ਧਾਰ ਪ੍ਰਚਾਰ ਕੰਮ ਆਇਆ ਤੇ ਨਾ ਅਮਿਤ ਸ਼ਾਹ ਦੀ ਚੋਣ ਵਿਉਂਤਬੰਦੀ ਕੋਈ ਰੰਗ ਦਿਖਾ ਸਕੀ। ਪੇਂਡੂ ਤੇ ਨੀਮ-ਸ਼ਹਿਰੀ ਇਲਾਕਿਆਂ ਦੇ ਵੋਟਰਾਂ ਨੇ ਜਿਸ ਤਰ੍ਹਾਂ ਭਾਜਪਾ ਦੇ ਵਿਕਾਸ ਮਾਡਲ ਨੂੰ ਵਿਸਾਰਦਿਆਂ ਹੋਇਆਂ ਕਾਂਗਰਸੀ ਉਮੀਦਵਾਰਾਂ ਨੂੰ ਭਾਗ ਲਾਏ, ਉਸ ਨਾਲ ਭਾਜਪਾ ਦਾ ਕਾਂਗਰਸ ਮੁਕਤ ਭਾਰਤ ਦਾ ਮਿਥਿਆ ਸੰਕਲਪ ਵੀ ਅਧਵਾਟੇ ਦਮ ਤੋੜਦਾ ਨਜ਼ਰ ਆਇਆ।
ਇਹ ਹੈ ਉਹ ਪਿਛੋਕੜ, ਜਿਸ ਵਿੱਚ ਭਾਜਪਾ ਨੇ ਪਹਿਲਾਂ ਵਿਜੇ ਰੁਪਾਨੀ ਦੀ ਤਾਜਪੋਸ਼ੀ ਨੂੰ ਸ਼ਾਹੀ ਅੰਦਾਜ਼ ਬਖਸ਼ਣ ਲਈ ਪ੍ਰਧਾਨ ਮੰਤਰੀ, ਅੱਧੀ ਦਰਜਨ ਤੋਂ ਵੱਧ ਕੇਂਦਰੀ ਮੰਤਰੀਆਂ, ਭਾਜਪਾ ਪ੍ਰਧਾਨ ਸਮੇਤ ਅਠਾਰਾਂ ਰਾਜਾਂ ਦੇ ਮੁੱਖ ਮੰਤਰੀਆਂ ਤੇ ਨਵੇਂ ਸਹਿਯੋਗੀ ਬਣੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਸਟੇਜ 'ਤੇ ਸੁਸ਼ੋਭਤ ਕੀਤਾ, ਉਪਰੰਤ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਦੀ ਤਾਜਪੋਸ਼ੀ ਸਮੇਂ ਪ੍ਰਧਾਨ ਮੰਤਰੀ ਸਮੇਤ ਦਰਜਨ ਦੇ ਲੱਗਭੱਗ ਰਾਜਾਂ ਦੇ ਮੁੱਖ ਮੰਤਰੀ ਪਹੁੰਚੇ। ਉਹਨਾਂ ਦੇ ਆਗਮਨ ਲਈ ਚੌਦਾਂ ਹੈਲੀਕਾਪਟਰ ਤੇ ਤਿੰਨ ਚਾਰਟਰਡ ਜਹਾਜ਼ਾਂ ਦੀ ਵਿਵਸਥਾ ਕੀਤੀ ਗਈ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਸ ਸਹੁੰ-ਚੁੱਕ ਸਮਾਗਮ ਵਿੱਚ ਸਾਰੇ ਮਹਾਂਰਥੀਆਂ ਨੂੰ ਲਿਆਉਣ ਲਈ ਤਿੰਨ ਸੌ ਤੋਂ ਵੱਧ ਵਿਸ਼ੇਸ਼ ਕਾਰਾਂ ਦਾ ਕਾਫ਼ਲਾ ਵਰਤੋਂ ਵਿੱਚ ਲਿਆਂਦਾ ਗਿਆ।
ਅਸਲ ਵਿੱਚ ਇਹ ਸਮਾਰੋਹ 2019 ਦੀਆਂ ਲੋਕ ਸਭਾ ਚੋਣਾਂ ਲਈ ਸ਼ਕਤੀ ਪ੍ਰਦਰਸ਼ਨ ਵਜੋਂ ਆਯੋਜਤ ਕੀਤੇ ਗਏ ਹਨ। ਜੇ ਭਾਜਪਾ ਨੇ ਆਮ ਲੋਕਾਂ, ਖ਼ਾਸ ਕਰ ਕੇ ਮਜ਼ਦੂਰਾਂ, ਕਿਸਾਨਾਂ ਦੇ ਮਸਲਿਆਂ ਤੇ ਬੇਰੁਜ਼ਗਾਰੀ ਦੀ ਸਮੱਸਿਆ ਦੇ ਹੱਲ ਤੇ ਵਧਦੀ ਮਹਿੰਗਾਈ ਨੂੰ ਕਾਬੂ ਕਰਨ ਲਈ ਕੋਈ ਠੋਸ ਉਪਰਾਲੇ ਨਾ ਕੀਤੇ ਤਾਂ ਉਹਨਾਂ ਦੇ 'ਸਭ ਕਾ ਸਾਥ, ਸਭ ਕਾ ਵਿਕਾਸ' ਦੇ ਨਾਹਰੇ ਨੂੰ ਬੂਰ ਨਹੀਂ ਪੈਣਾ। ਗੁਜਰਾਤ ਦੀਆਂ ਚੋਣਾਂ ਦੇ ਨਤੀਜਿਆਂ ਨੇ ਉਹਨਾਂ ਨੂੰ ਅਗਾਊਂ ਸੰਕੇਤ ਦੇ ਦਿੱਤਾ ਹੈ ਕਿ ਕੇਵਲ ਜੁਮਲਿਆਂ ਦੀ ਸਿਆਸਤ ਕਿਸੇ ਕੰਮ ਨਹੀਂ ਆਉਣੀ।

710 Views

e-Paper